ਹਰਿੰਦਰ ਨਿੱਕਾ , ਬਰਨਾਲਾ 29 ਜਨਵਰੀ 2022
ਬਰਨਾਲਾ ਦੀ ਧੀ ਕਨੂ ਅੱਗਰਵਾਲ ਪੁੱਤਰੀ ਸ੍ਰੀ ਕੁਸੁਮ ਕੁਮਾਰ ਗਰਗ ਅਤੇ ਰਾਜਿੰਦਰਾ ਕੁਮਾਰੀ ਨੂੰ ਆਸਟ੍ਰੇਲੀਆ ਵਿੱਚ ਚੰਗੀਆਂ ਸੇਵਾਵਾਂ ਦੇਣ ਕਰਕੇ ਉੱਥੋਂ ਦੀ ਸਰਕਾਰ ਨੇ ਆਸਟ੍ਰੇਲੀਆ ਡੇਅ ਦੇ ਮੌਕੇ ਤੇ ਟਾਪ ਸਿਟੀਜ਼ਨ ਐਵਾਰਡ ਨਾਲ ਸਨਮਾਨਿਆ ਹੈ। ਐਮ. ਏ , ਐਮ. ਐਡ ਕਰਨ ਤੋਂ ਬਾਅਦ ਕਨੂ ਅਗਰਵਾਲ ਦਾ ਵਿਆਹ ਸ੍ਰੀ ਪ੍ਰਤੀਕ ਮਿੱਤਲ ਸਿਵਲ ਇੰਜੀਨੀਅਰ ਮਾਨਸਾ ਨਾਲ ਵਿਆਹ ਹੋਇਆ, ਜਿਸ ਤੋਂ ਬਾਅਦ 2011 ਵਿੱਚ ਉਹ ਆਸਟ੍ਰੇਲੀਆ ਚਲੇ ਗਏ ਸਨ। ਉੱਥੇ ਪਤੀ ਪਤਨੀ ਦੋਵੇਂ ਹੀ ਸਰਕਾਰੀ ਸੇਵਾਵਾਂ ਨਿਭਾਅ ਰਹੇ ਹਨ । ਕਨੂ ਅੱਗਰਵਾਲ ਨੇ ਟੈਲੀਫੋਨ ਰਾਹੀਂ ਦੱਸਿਆ ਕਿ ਕੋਵਿਡ ਕਾਲ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤਿਆਂ ਬਿਨਾਂ ਨਿਭਾਈਆਂ ਚੰਗੀਆਂ ਸੇਵਾਵਾਂ ਬਦਲੇ ਸਰਕਾਰ ਨੇ ਉਸ ਨੂੰ ਟੌਪ ਸਿਟੀਜਨ ਐਵਾਰਡ ਦੇ ਕੇ ਸਨਮਾਨਿਆ ਹੈ। ਉਨਾਂ ਕਿਹਾ ਕਿ ਮੈਂ ਆਸਟ੍ਰੇਲੀਆ ਸਰਕਾਰ ਦੁਆਰਾ ਟਾਪ ਸਿਟੀਜ਼ਨ ਐਵਾਰਡ ਹਾਸਲ ਕਰਕੇ ਬਹੁਤ ਖੁਸ਼ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਆਸਟ੍ਰੇਲੀਆ ਵਿੱਚ ਵਸਦੇ ਭਾਰਤੀ ਤੇ ਆਸਟ੍ਰੇਲੀਅਨ ਨਾਗਰਿਕਾਂ ਲਈ ਹੋਰ ਵੀ ਵਧੇਰੇ ਮਿਹਨਤ ਅਤੇ ਲਗਨ ਨਾਲ ਕੰਮ ਕਰਾਂਗੀ। ਉੱਧਰ ਪ੍ਰਸਿੱਧ ਸਮਾਜ ਸੇਵੀ ਅਤੇ ਬੀਐਸਐਨਐਲ ਦੇ ਰਿਟਾਇਰਡ ਅਧਿਕਾਰੀ ਕੁਸਮ ਅੱਗਰਵਾਲ ਨੇ ਆਪਣੀ ਧੀ ਕਨੂ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਮਿਲੇ ਟੌਪ ਸਿਟੀਜਨ ਐਵਾਰਡ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਕਨੂ ਹਮੇਸ਼ਾ ਹੀ ਲੋਕ ਹਿੱਤ ਨੂੰ ਸਮਰਪਿਤ ਵਿਚਾਰਧਾਰਾ ਦੀ ਧਾਰਨੀ ਰਹੀ ਹੈ। ਜਿਸ ਦੀ ਬਦੌਲਤ ਹੀ ਉਸ ਨੂੰ ਆਸਟ੍ਰੇਲੀਆ ਸਰਕਾਰ ਨੇ ਵੱਂਡਾ ਮਾਣ ਬਖਸ਼ਿਆ ਹੈ, ਉਹ ਕਾਮਨਾ ਕਰਦੇ ਹਨ ਕਿ ਉਨਾਂ ਦੀ ਧੀ ਇਸੇ ਤਰਾਂ ਲੋਕ ਹਿੱਤ ਦਾ ਕੰਮ ਕਰਦਿਆਂ ਹੋਰ ਉੱਚੀਆਂ ਬੁਲੰਦੀਆਂ ਨੂੰ ਛੋਹੇ। ਹਲਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਕਨੂ ਅੱਗਰਵਾਲ ਨੂੰ ਮਿਲੇ ਸਨਮਾਨ ਲਈ ਕਨੂ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਨੂ ਨੇ ਆਸਟ੍ਰੇਲੀਆ ਵਿੱਚ ਬਰਨਾਲਾ ਦਾ ਮਾਣ ਵਧਾਇਆ ਹੈ। ਇਲਾਕੇ ਦੇ ਲੋਕਾਂ ਨੂੰ ਹਮੇਸ਼ਾ ਆਪਣੀ ਧੀ ਤੇ ਮਾਣ ਰਹੇਗਾ।