ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਸਬੰਧੀ ਜਿ਼ਲ੍ਰਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ
ਪਰਦੀਪ ਕਸਬਾ,ਸੰਗਰੂਰ, 6 ਜਨਵਰੀ:2022
ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸੰਗਰੂਰ ਸ਼੍ਰੀ ਰਾਮਵੀਰ ਵੱਲੋਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇਦਿੰਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦਾ ਇੱਕ-ਇੱਕ ਸੈੱਟ ਦਿੱਤਾ ਗਿਆ ਤੇ ਅਪੀਲ ਕੀਤੀ ਕਿ ਇਨ੍ਹਾਂ ਸੂਚੀਆਂ ‘ਚ ਜੇਕਰ ਅਜੇ ਵੀ ਕੋਈ ਸੋਧ ਜਾਂ ਵਾਧਾ ਲੋੜੀਂਦਾ ਹੋਵੇ ਤਾਂ ਉਹ ਇਸ ਸਬੰਧੀ ਫਾਰਮ ਭਰ ਕੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਦਫਤਰ ਵਿੱਚ ਦੇਣ। ਉਨ੍ਹਾਂ ਕਿਹਾ ਕਿ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜ਼ਾਂ ਦਾ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦੌਰਾਨ ਹਦਾਇਤਾਂ ਅਨੁਸਾਰ ਨਿਪਟਾਰਾ ਕੀਤਾ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਮਵੀਰ ਨੇ ਕਿਹਾ ਕਿ ਯੋਗਤਾ ਮਿਤੀ 01.01.2022 ਦੇ ਆਧਾਰ ‘ਤੇ ਮਿਤੀ 01.11.2021 ਤੋਂ ਮਿਤੀ 30.11.2021 ਤੱਕ ਜਿ਼ਲ੍ਹਾ ਸੰਗਰੂਰ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਜ਼ਿਲ੍ਹੇ ਦੇ ਆਮ ਵੋਟਰਾਂ ਪਾਸੋਂ ਆਪਣੀ ਨਵੀਂ ਵੋਟ ਦਰਜ ਕਰਵਾਉਣ, ਵੋਟ ਕਟਵਾਉਣ ਜਾਂ ਪਹਿਲਾਂ ਤੋਂ ਦਰਜ ਵੋਟ ਦੀ ਸੋਧ ਕਰਵਾਉਣ ਸਬੰਧੀ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਗਏ। ਉਨ੍ਹਾਂ ਕਿਹਾ ਕਿ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ਼ਾਂ ਦਾ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵਲੋਂ 20 ਦਸੰਬਰ 2021 ਨੂੰ ਨਿਪਟਾਰਾ ਕੀਤਾ ਗਿਆ ਅਤੇ ਇਹ ਵੋਟਰ ਸੂਚੀ ਪ੍ਰਕਾਸ਼ਿਤ ਕਰਵਾਈ ਗਈ ਹੈ। ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਦੌਰਾਨ ਪ੍ਰਕਾਸ਼ਿਤ ਕੀਤੀ ਵੋਟਰ ਸੂਚੀ ਦਾ ਇੱਕ- ਇੱਕ ਮੁਕੰਮਲ ਸੈਟ ਸਮੇਤ ਸੀ. ਡੀ. (ਬਗੈਰ ਫੋਟੋ) ਦਿੱਤਾ ਗਿਆ ਤੇ ਪ੍ਰਕਾਸ਼ਿਤ ਵੋਟਰ ਸੂਚੀਆਂ ਦਾ ਵੇਰਵਾ ਵਿਧਾਨ ਸਭਾ ਚੋਣ ਹਲਕੇ ਵਾਇਜ਼ ਵੀ ਦੱਸਿਆ ਗਿਆ।
ਜਿ਼ਲ੍ਹਾ ਚੋਣ ਅਫਸਰ ਵੱਲੋਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਵਿਸ਼ੇਸ ਤੌਰ `ਤੇ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਆਮ ਜਨਤਾ ਅਤੇ ਵੋਟਰਾ ਦੀ ਸੁਵਿਧਾ ਲਈ ਚੋਣ ਤਹਿਸੀਲਦਾਰ ਸੰਗਰੂਰ ਦੇ ਦਫਤਰ ਵਿੱਚ 1950 ਟੋਲ ਫ੍ਰੀ ਨੰਬਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਜਾਂ ਵੋਟਰ ਨੂੰ ਵੋਟਾਂ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ, ਫੀਡਬੈਕ ਦੇਣ, ਕੋਈ ਸਝਾਅ ਜਾਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਸਬੰਧੀ 1950 ਟੋਲ ਫ੍ਰੀ ਨੰਬਰ ‘ਤੇ ਕਾਲ ਕੀਤੀ ਜਾ ਸਕਦੀ ਹੈ।
ਜਿ਼ਲ੍ਹਾ ਚੋਣ ਅਫ਼ਸਰ ਨੇ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਵੋਟਰ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਦੌਰਾਨ ਜਿ਼ਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆ ਵਿੱਚ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਕੋਈ ਵੀ ਯੋਗ ਵਿਅਕਤੀ ਜਿਸਦੀ ਉਮਰ 01.01.2022 ਨੂੰ 18 ਸਾਲ ਦੀ ਪੂਰੀ ਹੋ ਗਈ ਹੈ ਅਤੇ ਉਸਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਵਿਅਕਤੀ ਫਾਰਮ ਨੰ: 6 ਭਰ ਕੇ ਸਬੰਧਤ ਬੂਥ ਲੇਵਲ ਅਫਸਰ ਜਾਂ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਪਾਸ ਜਮ੍ਹਾ ਕਰਵਾ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾ ਸਕਦਾ ਹੈ। ਉਨ੍ਹਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਿਧਾਨ ਸਭਾ ਚੋਣ ਹਲਕੇ ਵਾਈਜ਼ ਆਪਣੀ-ਆਪਣੀ ਪਾਰਟੀ ਦੇ ਬੂਥ ਲੇਵਲ ਏਜੰਟ ਨਿਯੁਕਤ ਕਰਨ ਦੀ ਅਪੀਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਤਹਿਸੀਲਦਾਰ ਚੋਣਾਂ ਵਿਜੇ ਕੁਮਾਰ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਰੇਸ਼ ਕੁਮਾਰ, ਪ੍ਰਿਤਪਾਲ ਬਾਂਸਲ ਤੇ ਮਨਪ੍ਰੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਬਿੰਦਰ ਬਾਂਸਲ, ਆਮ ਆਦਮੀ ਪਾਰਟੀ ਤੋਂ ਅਵਤਾਰ ਸਿੰਘ ਈਲਵਾਲ ਅਤੇ ਸੀ.ਪੀ.ਆਈ. ਤੋਂ ਕਰਮ ਸਿੰਘ ਜਖ਼ਮੀ ਹਾਜ਼ਰ ਸਨ।