ਮੁੱਖ ਮੰਤਰੀ ਨੇ ਮੰਨਿਆ ਸਰਕਾਰ ਦੇ 100 ਦਿਨਾਂ ਵਿੱਚ ਨਹੀਂ ਪੂਰਾ ਹੋਇਆ ਕੋਈ ਐਲਾਨ :-ਸਰੂਪ ਸਿੰਗਲਾ
ਮੁਲਾਜ਼ਮ, ਬੇਰੁਜ਼ਗਾਰ, ਕਿਸਾਨ-ਮਜ਼ਦੂਰਾਂ ਅਤੇ ਵਪਾਰੀਆਂ ਦੀ ਤਰਸਯੋਗ ਹਾਲਤ ਲਈ ਖਜ਼ਾਨਾ ਮੰਤਰੀ ਦੀ ਪੰਜਾਬ ਵਿਰੋਧੀ ਸੋਚ ਜ਼ਿੰਮੇਵਾਰ
ਐਲਾਨ ਮੁੱਖ ਮੰਤਰੀ ਸਾਹਿਬ ! ਪੰਜਾਬ ਵਾਸੀ ਗੁੰਮਰਾਹਕੁਨ ਇਸ਼ਤਿਹਾਰਾਂ ਤੋਂ ਨਹੀਂ ਹੋਣਗੇ ਗੁੰਮਰਾਹ
ਲੋਕੇਸ਼ ਕੌਸ਼ਲ , ਬਠਿੰਡਾ 2 ਜਨਵਰੀ 2022
ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਜਾਰੀ ਹੋ ਰਹੇ ਵੱਡੇ ਵੱਡੇ ਇਸ਼ਤਿਹਾਰਾਂ ਤੇ ਸਵਾਲ ਉਠਾਏ ਹਨ। ਸਿੰਗਲਾ ਨੇ ਦੋਸ਼ ਲਾਏ ਕਿ ਮੁੱਖ ਮੰਤਰੀ ਸਾਹਿਬ ਨੇ ਖ਼ੁਦ ਮੰਨਿਆ ਕਿ 100 ਦਿਨਾਂ ਦੇ ਕਾਰਜਕਾਲ ਵਿਚ ਕੋਈ ਵੀ ਐਲਾਨ ਪੂਰਾ ਨਹੀਂ ਹੋਇਆ ਅਤੇ ਹੁਣ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦਾ ਠੀਕਰਾ ਰਾਜਪਾਲ ਦੇ ਸਿਰ ਭੰਨ ਕੇ ਆਪਣੀ ਜਾਨ ਛੁਡਾਉਣ ਲਈ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਪਰ ਲੋਕ ਐਲਾਨ ਮੁੱਖ ਮੰਤਰੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਗੁਮਰਾਹ ਨਹੀਂ ਹੋਣਗੇ।
ਸਿੰਗਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੋਸ਼ ਲਾਏ ਕਿ ਪੰਜਾਬ ਦੇ ਮੁਲਾਜ਼ਮਾਂ, ਕੱਚੇ ਮੁਲਾਜ਼ਮਾਂ, ਬੇਰੁਜ਼ਗਾਰਾਂ, ਕਿਸਾਨ ਮਜ਼ਦੂਰਾਂ ਅਤੇ ਵਪਾਰੀਆਂ ਦੀ ਤਰਸਯੋਗ ਹਾਲਤ ਲਈ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਵਿਰੋਧੀ ਸੋਚ ਜ਼ਿੰਮੇਵਾਰ ਹੈ ਜੋ ਪੰਜ ਸਾਲ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਪਾਉਂਦਿਆਂ ਪੰਜਾਬ ਦੇ ਵਿਕਾਸ ਲਈ ਇੱਕ ਇੱਟ ਵੀ ਨਹੀਂ ਲਾਈ ਤੇ ਇੱਕ ਵੀ ਸਰਕਾਰੀ ਨੌਕਰੀ ਨਹੀਂ ਦੇ ਸਕਿਆ, ਜਿਸ ਕਰਕੇ ਅੱਜ ਪੰਜਾਬ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ, ਲੁੱਟਾਂ ਖੋਹਾਂ ਕਬਜ਼ੇ ਧੱਕੇਸ਼ਾਹੀਆਂ ਹੋ ਰਹੀਆਂ ਹਨ, ਜਿਸ ਪਾਸੇ ਪੁਲਿਸ ਪ੍ਰਸ਼ਾਸਨ ਵੀ ਧਿਆਨ ਨਹੀਂ ਦੇ ਰਿਹਾ।
ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਨੇ ਲੋਕ ਗੁੰਮਰਾਹ ਕੀਤੇ ਹੁਣ ਚੰਨੀ ਦੀ ਅਗਵਾਈ ਵਿੱਚ ਸਰਕਾਰ ਵੱਲੋਂ ਚੋਣਾਂ ਨਜ਼ਦੀਕ ਆਉਂਦੀਆਂ ਵੱਡੇ ਵੱਡੇ ਐਲਾਨ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ ਪਰ ਲੋਕ ਜਾਣੀ ਜਾਣ ਹਨ ਤੇ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਵੱਲੋਂ ਦਿੱਤੇ ਧੋਖੇ ਦਾ ਜਵਾਬ ਦੇਣ ਲਈ ਤਿਆਰ ਹਨ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ “ਸਾਫ਼ ਨੀਅਤ ਅਤੇ ਸਾਫ਼ ਨੀਤੀ” ਤਹਿਤ ਕੰਮ ਕਰਨ ਵਾਲੇ ਅਕਾਲੀ ਬਸਪਾ ਗੱਠਜੋੜ ਦੀ ਜਿੱਤ ਦਾ ਹਿੱਸਾ ਬਣਨ ਤਾਂ ਜੋ ਸ਼ਹਿਰ ਨੂੰ ਮੁੜ ਵਿਕਾਸ ਦੀ ਲੀਹ ਤੇ ਤੋਰਿਆ ਜਾ ਸਕੇ। ਇਸ ਮੌਕੇ ਦੁਕਾਨਦਾਰਾਂ ਵੱਲੋਂ ਸਿੰਗਲਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਪੂਰਨ ਸਹਿਯੋਗ ਦੇਣ ਦਾ ਵਿਸਵਾਸ ਦਿਵਾਇਆ ।