ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ ਸੁੰਦਰੀਕਰਨ ਪ੍ਰੋਜੈਕਟ ਦੀ ਸ਼ੁਰੂਆਤ
- ਦੇਸ਼ ਭਗਤ ਚੌਕ ਹੋਵੇਗਾ ਮੇਨ ਚੌਕ ਦਾ ਨਾਮ
ਅਸ਼ੋਕ ਧੀਮਾਨ,ਮੰਡੀ ਗੋਬਿੰਦਗੜ੍ਹ, 29 ਦਸੰਬਰ 2021
ਪੰਜਾਬ ਸਰਕਾਰ ਵਲੋਂ ਸੂਬੇ ਦੇ ਸ਼ਹਿਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੇ ਨਾਲ ਨਾਲ ਸ਼ਹਿਰਾਂ ਦੇ ਸੁੰਦਰੀਕਰਨ ਵੱਲ ਵੀ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਵਿਚ ਵੱਖ ਵੱਖ ਸੰਸਥਾਵਾਂ ਵੀ ਉਚੇਚਾ ਯੋਗਦਾਨ ਪਾ ਰਹੀਆਂ ਹਨ। ਇਸੇ ਤਹਿਤ ਮੰਡੀ ਗੋਬਿੰਦਗੜ੍ਹ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕਰਨ ਲਈ ਸ਼ਹਿਰ ਦੇ ਮੇਨ ਚੌਕ ਦੇ ਸੁੰਦਰੀਕਰਨ ਦਾ ਪ੍ਰੋਜੈਕਟ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸ ਚੌਕ ਦਾ ਨਾਮ ਵੀ ਦੇਸ਼ ਭਗਤ ਚੌਕ ਰੱਖਿਆ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਇਸ ਚੌਕ ਦੇ ਸੁੰਦਰੀਕਰਨ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੌਕੇ ਉੱਤੇ ਹੀ ਹੱਲ ਕਰਨ ਦੇ ਨਾਲ ਨਾਲ ਰਹਿੰਦੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ।
ਸ. ਨਾਭਾ ਨੇ ਕਿਹਾ ਕਿ ਜਿੱਥੇ ਲੋਹਾ ਨਗਰੀ ਵਜੋਂ ਮੰਡੀ ਗੋਬਿੰਦਗੜ੍ਹ ਦੀ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਹੈ, ਓਥੇ ਇਕ ਸੁੰਦਰ ਸ਼ਹਿਰ ਵਜੋਂ ਵੀ ਮੰਡੀ ਗੋਬਿੰਦਗੜ੍ਹ ਇਕ ਵਿਲੱਖਣ ਪਛਾਣ ਬਣਾ ਰਿਹਾ ਹੈ। ਇਸ ਸ਼ਹਿਰ ਦੇ ਵਿਕਾਸ, ਸਾਫ਼ ਸਫ਼ਾਈ ਤੇ ਸੁੰਦਰੀਕਰਨ ਲਈ ਉਪਰਾਲੇ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ. ਨਾਭਾ ਨੇ ਦੱਸਿਆ ਕਿ 52 ਪਿੰਡਾਂ ‘ਤੇ ਅਧਾਰਤ ਮਾਰਕਿਟ ਕਮੇਟੀ ਮੰਡੀ ਗੋਬਿੰਦਗੜ੍ਹ ਹੋਂਦ ਵਿੱਚ ਆ ਗਈ ਹੈ ਤੇ ਇਸ ਦੀ ਇਮਾਰਤ ਦਾ ਕਰੀਬ 05 ਲੱਖ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਕੀਤਾ ਗਿਆ ਹੈ।
ਸ. ਨਾਭਾ ਨੇ ਦੱਸਿਆ ਕਿ ਮਾਰਕਿਟ ਬਣਨ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਮੰਡੀ ਨੇੜੇ ਰੇਲਵੇ ਲਾਈਨ ਉੱਤੇ ਪੁਲ ਬਣ ਰਿਹਾ ਹੈ, ਜਿਸ ਨਾਲ ਆਵਾਜਾਈ ਨਿਰਵਿਘਨ ਹੋ ਜਾਵੇਗੀ। ਇਸ ਲਈ ਮੰਡੀ ਵਿਖੇ ਇੱਕ ਵਿਸ਼ੇਸ਼ ਸ਼ੈੱਡ ਬਣਾਇਆ ਜਾਵੇਗਾ, ਜਿੱਥੇ ਵਿਸ਼ੇਸ਼ ਤੌਰ ਉੱਤੇ ਸਬਜ਼ੀ ਅਤੇ ਫਲਾਂ ਦੀ ਵਿਕਰੀ ਲਈ ਪ੍ਰਬੰਧ ਕੀਤਾ ਜਾਵੇਗਾ। ਮੰਡੀ ਵਿਚ ਫੜ੍ਹ ਤੇ ਸ਼ੈੱਡ ਦਾ 01 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕੀਤਾ ਜਾਵੇਗਾ ਅਤੇ 01 ਕਰੋੜ 06 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਕਾਇਆ ਕਲਪ ਕੀਤੀ ਜਾਵੇਗੀ।
ਸ. ਨਾਭਾ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦੇ 94 ਕੰਮ ਇਕੱਠੇ ਚਲ ਰਹੇ ਹਨ। ਜੀ. ਟੀ. ਰੋਡ ਉੱਤੇ ਪੁੱਲ ਬਨਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਭਵਾਨੀਗੜ੍ਹ-ਮੰਡੀ ਗੋਬਿੰਦਗੜ੍ਹ ਸੜਕ ਦੀ ਹਾਲਤ ਠੀਕ ਨਹੀਂ ਹੈ ਤੇ ਉਸ ਦਾ ਹਲਕਾ ਅਮਲੋਹ ਵਿਚਲਾ ਹਿੱਸਾ ਕਰੀਬ 02.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ। ਨਗਰ ਕੌਂਸਲ ਵਲੋਂ ਵਿਸ਼ੇਸ ਅੰਡਰ ਗਰਾਊਂਡ ਪਾਰਕਿੰਗ ਬਨਾਉਣ ਦੀ ਪ੍ਰਕਿਰਿਆ ਉੱਤੇ ਕੰਮ ਜਾਰੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਫਲੋਟਿੰਗ ਦੇ ਨੇੜੇ ਟਰੱਕਾਂ ਲਈ ਵੀ ਵਿਸ਼ੇਸ ਥਾਂ ਬਣਾਉਣ ਸਬੰਧੀ ਪ੍ਰਕਿਰਿਆ ਉੱਤੇ ਵੀ ਕੰਮ ਜਾਰੀ ਹੈ।
ਸ. ਨਾਭਾ ਨੇ ਕਿਹਾ ਕਿ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕ ਹਿਤ ਵਿਚ ਵੱਡੀ ਗਿਣਤੀ ਫ਼ੈਸਲੇ ਤੇ ਕੰਮ ਕੀਤੇ ਹਨ। ਉਹਨਾਂ ਕਿਹਾ ਕਿ ਇਤਿਹਾਸ ਉੱਤੇ ਝਾਤ ਮਾਰ ਕਿ ਦੇਖ ਲਈ ਜਾਵੇ ਤਾਂ ਕੇਵਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਹੈ, ਜਿਸ ਨੇ ਤੇਲ ਕੀਮਤਾਂ ਵਿੱਚ ਕਟੌਤੀ ਕੀਤੀ ਤੇ ਬਿਜਲੀ ਸਸਤੀ ਕੀਤੀ ਹੈ। 02 ਕਿਲੋ ਵਾਟ ਤੱਕ ਦੇ ਮੀਟਰਾਂ ਦੇ ਬਕਾਇਆ ਬਿਲ ਮੁਆਫ਼ ਕੀਤੇ ਹਨ ਤੇ ਕੱਟੇ ਕੁਨੈਕਸ਼ਨ ਬਹਾਲ ਕੀਤੇ ਹਨ।
ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ ਚਾਂਸਲਰ ਤੇਜਿੰਦਰ ਕੌਰ, ਇੰਜ. ਸੰਦੀਪ ਸਿੰਘ ਪ੍ਰਧਾਨ ਦੇਸ਼ ਭਗਤ ਯੂਨੀਵਰਸਿਟੀ, ਉਪ ਕੁਲਪਤੀ ਸ਼ਾਲਿਨੀ ਗੁਪਤਾ, ਡਾਇਰੈਕਟ ਪਲਾਨਿੰਗ ਅਤੇ ਕੰਟਰੋਲ ਦੇਸ਼ ਭਗਤ ਯੂਨੀਵਰਸਿਟੀ ਸ਼੍ਰੀ ਕਲਭੁਸ਼ਨ, ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਮੀਤ ਪ੍ਰਧਾਨ ਅਸ਼ੋਕ ਸ਼ਰਮਾ, ਪੀ ਏ ਰਾਮ ਕ੍ਰਿਸ਼ਨ ਭੱਲਾ, ਪੀ ਪੀ ਸੀ ਸੀ ਦੇ ਸਕੱਤਰ ਰਜਿੰਦਰ ਸਿੰਘ ਮੈਣੀ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਦੱਤਾ, ਜ਼ਿਲ੍ਹਾ ਮਹਿਲਾ ਪ੍ਰਧਾਨ ਨੀਲਮ ਰਾਣੀ, ਮਾਰਕਿਟ ਕਮੇਟੀ ਅਮਲੋਹ ਦੇ ਵਾਈਸ ਚੇਅਰਮੈਨ ਰਜਿੰਦਰ ਸਿੰਘ ਬਿੱਟੂ, ਕੌਂਸਲਰ ਅਮਿਤ ਜੈ ਚੰਦ ਸ਼ਰਮਾ,ਰਾਜੇਸ਼ ਕੁਮਾਰ ਸ਼ਾਹੀ, ਕਾਰਜ ਸਾਧਕ ਅਫਸਰ ਕੁਲਬੀਰ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਡਾ. ਮਨਮੋਹਨ ਕੌਸ਼ਲ, ਇੰਦਰਪ੍ਰੀਤ ਕੌਰ ਹੈੱਡ ਆਫ਼ ਦਿ ਡਿਪਾਰਟਮੈਂਟ ਲਾਅ ਦੇਸ਼ ਭਗਤ ਯੂਨੀਵਰਸਿਟੀ, ਮਨਦੀਪ ਸਿੰਘ ਸਮੇਤ ਪਤਵੰਤੇ ਹਾਜ਼ਰ ਸਨ।