ਐਨਐਚਐਮ ਮੁਲਾਜ਼ਮਾਂ ਨੇ ਬਰਨਾਲਾ ਸ਼ਹਿਰ ‘ਚ ਚੰਨੀ ਸਰਕਾਰ ਦਾ ਝੂਠ ਉਜਾਗਰ ਕਰਦੇ ਪੈਂਫਲੈਟ ਵੰਡੇ
- ਲੋਕਾਂ ਨੂੰ ਹਜ਼ਾਰਾਂ ਪੈਂਫਲੈਟ ਵੰਡ ਕੇ ਤੱਥਾਂ ਸਹਿਤ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹੀ
ਰਵੀ ਸੈਣ,ਬਰਨਾਲਾ ,17 ਦਸੰਬਰ 2021
ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਸੰਘਰਸ਼ ਕਰ ਰਹੇ ਕੌਮੀ ਸਿਹਤ ਮਿਸ਼ਨ (ਐਨਐਚਐਮ) ਮੁਲਾਜ਼ਮਾਂ ਵੱਲੋਂ ਚੰਨੀ ਸਰਕਾਰ ਖਿਲਾਫ ਰੋਸ ਜਾਹਿਰ ਕਰਨ ਲਈ ਨਿਵੇਕਲਾ ਢੰਗ ਅਪਣਾਉਂਦਿਆਂ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਦੇ ਪੈਂਫਲੈਟ ਬਰਨਾਲਾ ਸ਼ਹਿਰ ਵਿੱਚ ਵੰਡੇ ਗਏ। ‘36 ਹਜ਼ਾਰ ਕੱਚੇ ਮੁਲਾਜ਼ਮ ਪੱਕੇ,ਕਿੰਨਾ ਸੱਚ ਕਿੰਨਾ ਝੂਠ’ ਦੇ ਸਿਰਲੇਖ ਹੇਠ ਲਿਖੇ ਇਸ ਪੈਂਫਲੈਟ ਵਿੱਚ ਐਨਐਚਐਮ ਮੁਲਾਜ਼ਮਾਂ ਵੱਲੋਂ ਤੱਥਾਂ ਸਹਿਤ ਦੱਸਿਆ ਗਿਆ ਹੈ ਕਿ ‘ਘਰ-ਘਰ ਨੌਕਰੀ ਦੇਣ’ ਅਤੇ ‘ਕੱਚੇ ਕਾਮੇ ਪੱਕੇ ਕਰਨ’ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਨਾਂਹੀ ਤਾਂ ਘਰ-ਘਰ ਰੁਜ਼ਗਾਰ ਮੁਹੱਈਆ ਕੀਤਾ ਗਿਆ ਅਤੇ ਨਾਂਹੀ ਕੱਚੇ ਕਾਮੇ ਪੱਕੇ ਕੀਤੇ ਗਏ ਹਨ ਬਲਕਿ 36 ਹਜ਼ਾਰ ਕੱਚੇ ਕਾਮੇ ਪੱਕੇ ਕਰਨ ਦਾ ਦਾਅਵਾ ਕੋਰਾ ਝੂਠ ਹੈ ਤੇ ਅਜੇ ਤੱਕ 36 ਕਾਮੇ ਵੀ ਪੱਕੇ ਨਹੀਂ ਕੀਤੇ ਗਏ ਹਨ।ਸਥਾਨਕ ਸਿਵਲ ਹਸਪਤਾਲ ਪਹੁੰਚੇ ਮਰੀਜ਼ਾਂ,ਬੱਸ ਅੱਡੇ ਪਹੁੰਚੇ ਮੁਸਾਫਿਰਾਂ,ਦੁਕਾਨਦਾਰਾਂ,ਕਾਲਜ਼ਾਂ ਦੇ ਵਿਿਦਆਰਥੀਆਂ,ਮਜ਼ਦੂਰਾਂ,ਕਿਸਾਨਾਂ ਸਮੇਤ ਸ਼ਹਿਰ ਦੇ ਸਾਰੇ ਚੌਂਕਾਂ ਵਿੱਚ ਵੰਡੇ ਗਏ ਇਹ ਪੈਂਫਲੈਟ ਸਰਕਾਰ ਕਾਂਗਰਸ ਆਗੂਆਂ ਵੱਲੋਂ ਚੰਨੀ ਸਰਕਾਰ ਦੀ ਪ੍ਰਸੰਸਾਂ ਲਈ ਲਗਾਏ ਵੱਡ ਅਕਾਰੀ ਫਲੈਕਸਾਂ ‘ਤੇ ਵੀ ਚਿਪਕਾਏ ਗਏ ਹਨ।
ਐਨਐਚਐਮ ਮੁਲਾਜ਼ਮਾਂ ਇਸ ਤਰ੍ਹਾਂ ਆਮ ਲੋਕਾਂ ਤੱਕ ਆਪਣੀ ਗੱਲ ਲੈ ਕੇ ਗਏ ਹਨ ਕਿ ਕਿਵੇਂ ਉਹ ਪਿਛਲੇ 14-15 ਸਾਲਾਂ ਤੋਂ ਨਿਗੂਣੀਆਂ ਤਣਖਾਹਾਂ ‘ਤੇ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਹਨ ਤੇ ਕਰੋਨਾ ਮਹਾਂਮਾਰੀ ਦੌਰਾਨ ਜਦ ਲੋਕ ਕਰੋਨਾ ਮਰੀਜ਼ਾਂ ਤੋਂ ਡਰਦੇ ਸਨ ਤਾਂ ਉਹਨਾਂ ਆਪਣੀ ਜਾਨ ਜੋਖਿਮ ਵਿੱਚ ਪਾਉਂਦਿਆਂ ਡਿਉਟੀਆਂ ਕੀਤੀਆ ਹਨ ਪਰ ਸਰਕਾਰ ਹੁਣ ਕੱਚੇ ਸਿਹਤ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਟਾਲਾ ਵੱਟ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨਐਚਐਮ ਯੂਨੀਅਨ ਦੇ ਜਿਲ੍ਹਾ ਆਗੂ ਕਮਲਜੀਤ ਕੌਰ ਪੱਤੀ,ਸੰਦੀਪ ਕੌਰ ਸੀਐਚਓ,ਹਰਜੀਤ ਸਿੰਘ,ਮਨਜਿੰਦਰ ਸਿੰਘ,ਨਵਦੀਪ ਸਿੰਘ,ਨਵਰਾਜ ਸਿੰਘ,ਮਨਦੀਪ ਕੌਰ,ਜਸਵਿੰਦਰ ਸਿੰਘ,ਰਾਕੇਸ਼ ਕੁਮਾਰ,ਯਾਦਵਿੰਦਰ ਸਿੰਘ,ਵਿਪਨ,ਵੀਰਪਾਲ ਕੌਰ,ਨਰਿੰਦਰ ਸਿੰਘ,ਸੁਖਪਾਲ ਸਿੰਘ,ਰੁਪਿੰਦਰ ਕੌਰ ਆਦਿ ਨੇ ਕਿਹਾ ਕਿ ਚੰਨੀ ਸਰਕਾਰ ਕੱਚੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਤੋਂ ਭੱਜ ਚੁੱਕੀ ਹੈ ਤੇ ਲੋਕਾਂ ਵਿੱਚ ਝੂਠੇ ਦਾਅਵੇ ਕਰਕੇ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ ਪਰ ਕੱਚੇ ਮੁਲਾਜ਼ਮ ਸਰਕਾਰ ਦੇ ਫੋਕੇ ਵਾਅਦਿਆਂ ਦਾ ਪਰਦਾਚਾਕ ਕਰਨ ਲਈ ਮੈਦਾਨ ਵਿੱਚ ਨਿੱਤਰ ਚੁੱਕੇ ਹਨ ਤੇ ਹੁਣ ਇਸ ਸਰਕਾਰ ਦੀ ਅਸਲੀਅਤ ਆਮ ਲੋਕਾਂ ਸਾਹਮਣੇ ਰੱਖੀ ਜਾਵੇਗੀ ਤੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਆਮ ਆਦਮੀ ਦੀ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਇਹ ਸਰਕਾਰ ਆਮ ਆਦਮੀਆਂ ਦੇ ਧੀਆਂ,ਪੁੱਤਾਂ ਨੂੰ ਅਰਧ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਕ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਕਰੋਨਾ ਯੋਧਿਆਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ ਇਹ ਇਸ ਸਰਕਾਰ ਦੀ ਮਨਸ਼ਾ ਨੂੰ ਜ਼ਾਹਿਰ ਕਰਦਾ ਹੈ ਕਿ ਇਹ ਸਰਕਾਰ ਬੇਰੁਜ਼ਗਾਰ ਤੇ ਮੁਲਾਜ਼ਮ ਵਿਰੋਧੀ ਸਰਕਾਰ ਹੈ।ਉਨ੍ਹਾਂ ਤੱਥ ਦਿੱਤੇ ਕਿ ਗੁਆਂਢੀ ਸੂਬੇ ਐਨਐਚਐਮ ਮੁਲਾਜ਼ਮਾਂ ਨੂੰ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਤਨਖਾਹਾਂ ਅਤੇ ਭੱਤੇ ਦੇ ਰਹੇ ਹਨ ਪਰ ਪੰਜਾਬ ਦੀ ਚੰਨੀ ਸਰਕਾਰ ਐਨਐਚਐਮ ਮੁਲਾਜ਼ਮਾਂ ਦਾ ਨਿਗੂਣੀਆਂ ਤਣਖਾਹਾਂ ਤਹਿਤ ਸ਼ੋਸ਼ਣ ਕਰ ਰਹੀ ਹੈ।ਇਸ ਮੌਕੇ ਨਰੇਸ਼ ਕੁਮਾਰੀ,ਨੀਲੂ,ਵਿੱਕੀ,ਸੁਖਵਿੰਦਰ ਸਿੰਘ,ਨਰਿੰਦਰ ਪਾਲ,ਨੀਰਜ ਕੁਮਾਰੀ,ਸੁਰਜੀਤ ਸਿੰਘ,ਸੰਜੀਵ ਕੁਮਾਰ,ਨਵਦੀਪ ਕੌਰ,ਜਸਵਿੰਦਰ ਸਿੰਘ,ਸੀਮਾ,ਸਿਮਰਜੀਤ ਕੌਰ,ਸਰਬਜੀਤ ਕੌਰ,ਸੁਖਪਾਲ ਕੌਰ ਨੇ ਵੀ ਸੰਬੋਧਨ ਕੀਤਾ।