ਅਹੁਦਾ ਸੰਭਾਲਦਿਆਂ 45 ਦਿਨਾਂ ‘ਚ ਕੀਤਾ 1800 ਦਰਖਾਸ਼ਤਾਂ ਦਾ ਨਿਪਟਾਰਾ-SSP ਅਲਕਾ ਮੀਨਾ
ਮਨੋਜ ਸ਼ਰਮਾਂ / ਗੁਰਮੀਤ ਸਿੰਘ ਬਰਨਾਲਾ ,11 :2021
ਜਿਲ੍ਹਾ ਪੁਲਿਸ ਤੋਂ ਫਰਿਆਦੀਆਂ ਨੂੰ ਇਨਸਾਫ ਮਿਲਣ ਦੀ ਵਾਟ ਲੰਮੇਰੀ ਹੋਣ ਦੀ ਵਜ੍ਹਾ ਕਾਰਣ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਰਿਹਾ । ਉਡੀਕ ਦੀਆਂ ਘੜੀਆਂ ਦਾ ਸਮਾਂ ਵੀ ਮੁੱਕਣ ਦਾ ਨਾ ਹੀ ਨਹੀਂ ਲੈ ਰਿਹਾ । ਪੁਲਿਸ ਦੇ ਟਾਲੂ ਰਵੱਈਏ ਕਾਰਣ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦਾ ਪ੍ਰਮਾਣ ਬਰਨਾਲਾ ਪੁਲਿਸ ਦੀ ਢੰਗ ਟਪਾਊ ਕਾਰਜ਼ਸ਼ੈਲੀ ਤੋਂ ਖੁਦ ਸਿਰ ਚੜ੍ਹ ਕੇ ਬੋਲ ਰਿਹਾ ਹੈ । ਵਿਭਾਗੀ ਸੂਤਰਾਂ ਤੋਂ ਇਕੱਤਰ ਜਾਣਕਾਰੀ ਮੁਤਾਬਕ ਪੂਰੇ ਜ਼ਿਲ੍ਹੇ ਦੇ ਥਾਣਿਆਂ ਅਤੇ ਡਵੀਜ਼ਨਾਂ ਅੰਦਰ 1500 ਸੌ ਤੋਂ ਵੱਧ ਦਰਖਾਸਤਾਂ ਪੈਡਿੰਗ ਹਨ ,ਜਿਹੜੀਆਂ ਇਧਰੋ ਉੱਧਰ ਦਫ਼ਤਰਾਂ ਦੀ ਧੂੜ ਫੱਕ ਰਹੀਆਂ ਹਨ । ਇਲਾਕੇ ਦੇ ਪ੍ਰਭਾਵਸ਼ਾਲੀ ਨੇਤਾ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਯਤਨ ਵੀ ਪੁਲਿਸ ਦੇ ਪ੍ਰਸ਼ਾਸਕੀ ਢਾਂਚੇ ਅੰਦਰ ਕੋਈ ਖਾਸ ਸੁਧਾਰ ਨਹੀਂ ਲਿਆ ਸਕੇ । ਪੁਲਿਸ ਦੀ ਢਿੱਲੀ ਕਾਰਗੁਜਾਰੀ ਦਾ ਅਸਰ ਆਗਾਮੀ ਵਿਧਾਨ ਸਭਾ ਚੋਣਾਂ 2022 ਵਿਚ ਕਾਂਗਰਸ ਦੀ ਕਾਰਗੁਜਾਰੀ ਤੇ ਪੈਣ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਥਾਣਾ ਸਿਟੀ 1 ਤੇ 2 ਬਰਨਾਲਾ, ਥਾਣਾ ਸਦਰ ਬਰਨਾਲਾ, ਥਾਣਾ ਧਨੌਲਾ, ਥਾਣਾ ਤਪਾ, ਥਾਣਾ ਟੱਲੇਵਾਲ, ਥਾਣਾ ਮਹਿਲ ਕਲਾਂ, ਥਾਣਾ ਠੁੱਲੀਵਾਲ, ਥਾਣਾ ਭਦੌੜ ਆਦਿ ਵਿਚ ਸੈਕੜੇ ਦਰਖਾਸਤਾਂ ਪੈਡਿੰਗ ਹਨ। ਸਭ ਤੋਂ ਮਾੜੀ ਕਾਰਗੁਜ਼ਾਰੀ ਥਾਣਾ ਸਿਟੀ 2 ਦੀ ਦੱਸੀ ਜਾ ਰਹੀ ਹੈ ।
ਪੀੜਤ ਲੋਕਾਂ ਦਾ ਕਹਿਣਾ ਹੈ ਉਹ ਕਈਆਂ ਮਹੀਨਿਆਂ ਤੋਂ ਥਾਣੇ ਦੇ ਚੱਕਰ ਕੱਟ ਰਹੇ ਹਨ । ਪਰ ਇੱਕ ਇੱਕ ਸਾਲ ਦਾ ਲੰਬਾ ਸਮਾਂ ਬੀਤ ਜਾਣ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੈ । ਇਸ ਤੋਂ ਇਲਾਵਾ ਹਜ਼ਾਰਾਂ ਹੋਰ ਪੀੜਤਾਂ ਦੀਆਂ ਦਰਖਾਸਤਾਂ ਵੀ ਪੜਤਾਲੀਆ ਘੁੰਮਣਘੇਰੀ ਵਿੱਚ ਹੀ ਫਸੀਆਂ ਹੋਈਆਂ ਹਨ । ਥਾਣਿਆਂ ਦੇ ਚੱਕਰ ਕੱਟ ਕੱਟ ਕੇ ਅੱਕ ਚੁੱਕੇ ਬਹੁਤੇ ਪੀੜਤਾਂ ਦਾ ਕਹਿਣਾ ਹੈ ਕਿ ਗਰੀਬ ਲੋਕਾਂ ਨੂੰ ਥਾਣਿਆਂ ਅੰਦਰ ਕੋਈ ਇਨਸਾਫ ਮਿਲਣ ਦੀ ਕਿਰਨ ਮੱਧਮ ਜਿਹੀ ਵੀ ਨਜ਼ਰ ਨਹੀਂ ਆਉਂਦੀ ਹੈ। ਜ਼ਿਲ੍ਹਾ ਦੇ ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਤੋਂ ਮੰਗ ਕੀਤੀ ਹੈ ਕਿ ਪੈਡਿੰਗ ਪਈਆਂ ਦਰਖਾਸਤਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਕਿਉਂਕਿ ਦੇਰੀ ਨਾਲ ਇਨਸਾਫ ਮਿਲਣਾ ਵੀ ਆਪਣੇ ਆਪ ਵਿੱਚ ਸਭ ਤੋਂ ਵੱਡੀ ਬੇਇਨਸਾਫੀ ਹੁੰਦੀ ਹੈ।
SSP ਅਲਕਾ ਮੀਨਾ ਦਾ ਕਹਿਣਾ ਹੈ ਕਿ …
ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਕਿਹਾ ਕਿ ਮੇਰੇ ਚਾਰਜ ਸੰਭਾਲਦਿਆਂ ਹੀ ਡੇਢ ਮਹੀਨੇ ਵਿਚ 1800 ਦੇ ਕਰੀਬ ਪੈਂਡਿੰਗ ਦਰਖਾਸ਼ਤਾਂ ਦਾ ਨਿਪਟਾਰਾ ਕੀਤਾ ਗਿਆ ਹੈ । ਹਜ਼ਾਰ ਦੇ ਕਰੀਬ ਜੋ ਦਰਖਾਸਤਾਂ ਪੈਡਿੰਗ ਹਨ, ਉਨ੍ਹਾਂ ਦਾ ਨਿਪਟਾਰਾ ਵੀ ਜਲਦ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵੱਲੋਂ ਹਰ ਹਫ਼ਤੇ ਥਾਣਿਆਂ ਵਿੱਚ ਰਾਹਤ ਕੈਂਪ ਵੀ ਲਗਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਦਰਖਾਸਤਾਂ ਦੇ ਨਿਪਟਾਰੇ ਨੂੰ ਹੋਰ ਗਤੀ ਦੇਣ ਲਈ ਥਾਣਿਆਂ ਦੀ ਵੰਡ ਕਰਕੇ ਡੀ ਐੱਸ ਪੀਜ਼ ਨੂੰ ਸੁਪਰਵੀਜ਼ਨ ਤੇ ਲਗਾਇਆ ਗਿਆ ਹੈ।
EX . MLA ਕੇਵਲ ਸਿੰਘ ਢਿੱਲੋਂ ਕਹਿੰਦੇ ਨੇ,,
ਜਦੋਂ ਪੱਤਰਕਾਰਾਂ ਨੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਦੇ ਗ੍ਰਹਿ ਵਿਭਾਗ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਪੁਲਿਸ ਵਿਭਾਗ ਦੇ ਕੰਮਾਂ ਦੀ ਸਕਰੀਨਿੰਗ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਉਚੇਚੇ ਤੌਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਪੈਡਿੰਗ ਦਰਖਾਸਤਾਂ ਦਾ ਨਿਪਟਾਰਾ ਜਲਦ ਕਰਨ ਲਿਆ ਕਿਹਾ ਗਿਆ ਹੈ ।