ਅੰਤਰ-ਕਾਲਜ ਨੈੱਟਬਾਲ ਮੁਕਾਬਲਿਆਂ ’ਚ ਐਸ ਡੀ ਕਾਲਜ ਚੈਂਪੀਅਨ
ਰਘਬੀਰ ਹੈਪੀ,ਬਰਨਾਲਾ, 7 ਦਸੰਬਰ 2021
ਐਸ ਡੀ ਕਾਲਜ ਵਿਖੇ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਨੈੱਟਬਾਲ (ਲੜਕੀਆਂ) ਮੁਕਾਬਲੇ ’ਚ ਮੇਜ਼ਬਾਨ ਐਸ ਡੀ ਕਾਲਜ ਦੀ ਟੀਮ ਚੈਂਪੀਅਨ ਬਣ ਗਈ ਹੈ। ਨਾਕ ਆਊਟ-ਕਮ-ਲੀਗ ਆਧਾਰ ’ਤੇ ਹੋਏ ਇਹਨਾਂ ਮੁਕਾਬਲਿਆਂ ’ਚ ਚੈਂਪੀਅਨ ਟੀਮ ਨੇ ਆਪਣੇ ਸਾਰੇ ਮੁਕਾਬਲੇ ਵੱਡੇ ਅੰਤਰ ਨਾਲ ਜਿੱਤ ਕੇ ਇਹ ਮਾਣ ਹਾਸਲ ਕੀਤਾ ਹੈ। ਮਾਤਾ ਸੁੰਦਰੀ ਕਾਲਜ ਮਾਨਸਾ ਦੀ ਟੀਮ ਨੂੰ ਦੂਜਾ ਅਤੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀ ਟੀਮ ਤੀਜੇ ਸਥਾਨ ’ਤੇ ਰਹੀ। ਮੇਜ਼ਬਾਨ ਕਾਲਜ ਦੀ ਨਵਦੀਪ ਕੌਰ ਨੂੰ ਟੂਰਨਾਮੈਂਟ ਦਾ ਬੈਸਟ ਖਿਡਾਰੀ ਐਲਾਨਿਆ ਗਿਆ। ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਖ਼ਜ਼ਾਨਚੀ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਉਹਨਾਂ ਕਿਹਾ ਕਿ ਇਸ ਮਾਣਮੱਤੀ ਖੇਡ ਨਾਲ ਉਹਨਾਂ ਦਾ ਤਿੰਨ ਦਸ਼ਕਾਂ ਤੋਂ ਜੁੜਾਅ ਹੈ। ਇਸ ਖੇਡ ਮੈਦਾਨ ਨੇ ਹੁਣ ਤਕ ਸੈਂਕੜੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ ਜਿਹਨਾਂ ਵਿੱਚੋਂ ਜ਼ਿਆਦਾਤਰ ਵੱਖ-ਵੱਖ ਸਰਕਾਰੀ ਅਤੇ ਗ਼ੈਰ-ਸਰਕਾਰੀ ਮਹਿਕਮਿਆਂ ’ਚ ਉੱਚ ਅਹੁਦਿਆਂ ’ਤੇ ਸੇਵਾ ਕਰ ਰਹੇ ਹਨ। ਕਾਲਜ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਆਪਣੇ ਸਵਾਗਤੀ ਸੰਬੋਧਨ ’ਚ ਕਿਹਾ ਕਿ ਮੌਜੂਦਾ ਖਿਡਾਰੀ ਡਾ. ਬਾਂਸਲ ਵਰਗੀ ਸ਼ਖਸੀਅਤ ਤੋਂ ਪ੍ਰੇਰਣਾ ਲੈ ਕੇ ਆਪਣੇ ਮਿੱਥੇ ਟੀਚੇ ਨੂੰ ਹਾਸਲ ਕਰਨ ਵਿਚ ਪੂਰਾ ਯਤਨ ਕਰਨਗੇ। ਉਹਨਾਂ ਮੁਕਾਬਲੇ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਖੇਡ ਵਿਭਾਗ ਦੇ ਅਧਿਆਪਕਾਂ ਪ੍ਰੋ. ਜਸਵਿੰਦਰ ਕੌਰ ਅਤੇ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਦੀ ਤਾਰੀਫ਼ ਕੀਤੀ। ਪ੍ਰੋ. ਜਸਵਿੰਦਰ ਕੌਰ ਨੇ ਧੰਨਵਾਦੀ ਸ਼ਬਦ ਕਹੇ। ਸਟੇਜ ਸੰਚਾਲਨ ਡਾ. ਤਰਸਪਾਲ ਕੌਰ ਨੇ ਕੀਤਾ। ਇਸ ਮੌਕੇ ਸੰਸਥਾ ਦੇ ਸਾਰੇ ਪਿ੍ਰੰਸੀਪਲ ਸਾਹਿਬਾਨ, ਵੱਖ-ਵੱਖ ਕਾਲਜਾਂ ਦੇ ਟੀਮ ਇੰਚਾਰਜ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ: ਮੁੱਖ ਮਹਿਮਾਨ ਡਾ. ਮੁਕੰਦ ਲਾਲ ਬਾਂਸਲ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ।