ਬੇਅੰਤ ਸਿੰਘ ਬਾਜਵਾ ਬਰਨਾਲਾ ਤੋਂ ਲੜਨਗੇ 2022 ਦੀ ਵਿਧਾਨ ਸਭਾ ਚੋਣ
ਚੰਗੇ ਸਮਾਜ ਦੀ ਸਿਰਜਣਾ ਲਈ ਆਮ ਘਰਾਂ ਦੇ ਨੌਜਵਾਨ ਰਾਜਨੀਤੀ ਵਿੱਚ ਆਉਣ-ਬਾਜਵਾ
ਹਰਿੰਦਰ ਨਿੱਕਾ , ਬਰਨਾਲਾ 20 ਨਵੰਬਰ 2021
ਪੈਪਸੂ ਸਰਕਾਰ ਦੇ ਤਤਕਾਲੀ ਕੈਬਿਨੇਟ ਮੰਤਰੀ ਸੰਪੂਰਨ ਸਿੰਘ ਧੌਲਾ ਦੇ ਜੱਦੀ ਪਿੰਡ ਦੇ ਵਸਨੀਕ ਅਤੇ ਨੌਜਵਾਨ ਲੇਖਕ ਬੇਅੰਤ ਸਿੰਘ ਬਾਜਵਾ ਨੇ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬਰਨਾਲਾ ਵਿਧਾਨ ਸਭਾ ਹਲਕਾ ਤੋਂ ਚੋਣ ਦੰਗਲ ਵਿੱਚ ਉਤਰਨ ਲਈ ਤਾਲ ਠੋਕ ਦਿੱਤੀ ਹੈ। ਵਰਨਣਯੋਗ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਬਾਦਲ ਅਤੇ ਨੈਸਨਲ ਪਾਰਟੀਆਂ ਬਸਪਾ ਤੇ ਆਪ।ਵੱਲੋਂ ਆਪਣੇ ਆਪਣੇ ਉਮੀਦਵਾਰ ਵੱਖ ਵੱਖ ਹਲਕਿਆਂ ‘ਤੇ ਉਤਾਰਨੇ ਸ਼ੁਰੂ ਕਰ ਦਿੱਤੇ ਹਨ।
ਉੱਧਰ ਵਿਧਾਨ ਸਭਾ ਚੋਣ 2022 ਲਈ ਬਰਨਾਲਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਉੱਘੇ ਲੇਖਕ , ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਬੇਅੰਤ ਸਿੰਘ ਬਾਜਵਾ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਬਹੁਤ ਗੰਧਲੀ ਹੋ ਚੁੱਕੀ ਹੈ। ਜਿਸ ਲਈ ਪੰਜਾਬ ਅੰਦਰ ਹੁਣ ਆਮ ਘਰਾਂ ਦੇ ਨੌਜਵਾਨਾਂ ਨੂੰ ਰਾਜਨੀਤਿਕ ਪਿੜ ਅੰਦਰ ਆਉਣਾ ਪਵੇਗਾ ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਆਪਣੇ ਇਲਾਕੇ ਲਈ ਸਿੱਖਿਆ ਅਤੇ ਸਿਹਤ ਲਈ ਉਸਾਰੂ ਤੇ ਯੋਗ ਪ੍ਰਬੰਧ ਕਰਨੇ ਹਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਏਜੰਡੇ ਬਾਰੇ ਵੀ ਜਨਤਾ ਨੂੰ ਜਾਣੂ ਕਰਵਾਇਆ ਜਾਵੇਗਾ। ਚੇਤੇ ਰੱਖਣ ਯੋਗ ਹੈ ਕਿ ਧੌਲਾ ਪਿੰਡ ਵਿੱਚੋਂ ਵੱਡੀਆਂ ਰਾਜਸੀ ਸ਼ਖਸੀਅਤਾਂ ਪੈਦਾ ਹੋਈਆਂ ਹਨ। ਜਿਨ੍ਹਾਂ ਵਿੱਚ ਪੈਪਸੂ ਗੌਰਮਿੰਟ ਦੇ ਕੈਬਿਨੇਟ ਮੰਤਰੀ ਸੰਪੂਰਨ ਸਿੰਘ ਧੌਲਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਭਦੌੜ ਤੋਂ ਮੌਜੂਦਾ ਵਿਧਾਇਕ ਪਿਰਮਲ ਸਿੰਘ ਖਾਲਸਾ ਵੀ ਧੌਲਾ ਪਿੰਡ ਦੇ ਹੀ ਹਨ।