ਹਰਿੰਦਰ ਨਿੱਕਾ ,ਪਟਿਆਲਾ , 20 ਨਵੰਬਰ 2021
ਜਿਲ੍ਹੇ ਅੰਦਰ ਇੱਕੋ ਹੀ ਰਾਤ ਵਿੱਚ ਇੱਕੋ ਕਾਰ ਵਿੱਚ ਸਵਾਰ ਲੁਟੇਰਿਆਂ ਨੇ ਦੋ ਪੈਟ੍ਰੌਲ ਪੰਪਾਂ ਤੇ ਸ਼ਰੇਆਮ ਡਾਕਾ ਮਾਰਿਆ। ਹਥਿਆਬੰਦ ਲੁਟੇਰੇ ਹਜ਼ਾਰਾਂ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਥਾਣਾ ਰਾਜਪੁਰਾ ਅਤੇ ਥਾਣਾ ਸੰਭੂ ਵਿਖੇ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ਼ ਕਰਕੇ, ਲੁਟੇਰਿਆਂ ਦੀ ਤਲਾਸ਼ ਲਈ ਵੱਖ ਵੱਖ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਦਾਅਵਾ ਕੀਤਾ ਕਿ ਪੁਲਿਸ ਦੇ ਹੱਥ ਲੁਟੇਰਿਆਂ ਦੀ ਸ਼ਨਾਖਤ ਸਬੰਧੀ ਕਾਫੀ ਸੁਰਾਗ ਲੱਗੇ ਹਨ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪ੍ਰਦੀਪ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਨਾਈਆਂ ਵਾਲਾ ਮੁਹੱਲਾ, ਪੁਰਾਣਾ ਰਾਜਪੁਰਾ ਨੇ ਦੱਸਿਆ ਕਿ ਉਹ ਮਦਨ ਲਾਲ ਐਂਡ ਸੰਨਜ ਪੈਟ੍ਰੌਲ ਪੰਪ , ਨੇੜੇ ਰਾਮਗੜੀਆ ਗੁਰੂਦੁਆਰਾ ਸਾਹਿਬ ਰਾਜਪੁਰਾ ਵਿਖੇ ਬਤੌਰ ਸੇਲਜ਼ਮੈਨ ਨੌਕਰੀ ਕਰਦਾ ਹੈ। 18 ਨਵੰਬਰ ਨੂੰ ਸਮਾਂ ਰਾਤ ਕਰੀਬ 10 ਵਜੇ ਇੱਕ ਸਵਿਫਟ ਕਾਰ ਨੰਬਰ ਪੀ.ਬੀ.23 ਐਮ.8332 ਤੇ ਸਵਾਰ ਹੋ ਕੇ 3 ਅਣਪਛਾਤੇ ਵਿਅਕਤੀ ਪੰਪ ਤੇ ਪਹੁੰਚੇ, ਜਿੰਨਾਂ ਵਿੱਚੋਂ 2 ਵਿਅਕਤੀ ਕਾਰ ਵਿੱਚੋਂ ਹੇਠਾਂ ਉੱਤਰੇ, ਜਿੰਨਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਟਲ ਸੀ, ਜੋ ਦੋਸ਼ੀਆਂ ਨੇ ਮੁਦਈ ਨੂੰ ਪਿਸਟਲ ਦਿਖਾ ਕੇ ਪੈਟ੍ਰੌਲ ਪੰਪ ਦੇ ਕਮਰੇ ਵਿੱਚ ਲੈ ਗਏ। ਜਿੱਥੇ ਉਸ ਦੇ ਸਾਥੀ ਕਰਮਚਾਰੀ ਸਾਜਨ ਤੋਂ 8350 ਰੁਪਏ ਡਰਾ ਧਮਕਾ ਕੇ ਹਥਿਆਰ ਦੀ ਨੋਕ ਤੇ ਲੈ ਕੇ ਫਰਾਰ ਹੋ ਗਏ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਦੇ ਬਿਆਨ ਪਰ ਉਕਤ ਕਾਰ ਸਵਾਰ ਅਣਪਛਾਤੇ ਲੁਟੇਰਿਆਂ ਵਿਰੁੱਧ ਅਧੀਨ ਜੁਰਮ 392/ 34/ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਉੱਧਰ ਥਾਣਾ ਸੰਭੂ ਵਿਖੇ ਰਾਜੇਸ਼ ਕੁਮਾਰ ਪੁੱਤਰ ਹਰੀ ਸ਼ੰਕਰ ਵਾਸੀ ਸੰਥਨੀ, ਜਿਲ੍ਹਾ ਉਨਾਉ, ਯੂਪੀ ਹਾਲ ਅਬਾਦ ਰਾਣਾ ਫਿਲਿੰਗ ਸਟੇਸ਼ਨ ਬਨੂੰੜ ਰੋਡ ਤੋਪਲਾ ਨੇ ਦੱਸਿਆ ਕਿ ਉਹ ਉਕਤ ਪੰਪ ਤੇ ਬਤੌਰ ਸੇਲਜਮੈਨ ਨੌਕਰੀ ਕਰਦਾ ਹੈ। 18 ਨਵੰਬਰ ਦੀ ਰਾਤ ਕਰੀਬ 10:30 ਵਜੇ ਸਵਿਫਟ ਕਾਰ ਨੰਬਰ ਪੀ.ਬੀ.23 ਐਮ.8332 ਤੇ ਸਵਾਰ ਹੋ ਕੇ 4 ਅਣਪਛਾਤੇ ਵਿਅਕਤੀ ਪੰਪ ਤੇ ਪਹੁੰਚੇ। ਜਿੰਨਾਂ ਨੇ ਮੁਦਈ ਨੂੰ 300 ਰੁਪਏ ਦਾ ਪੈਟ੍ਰੌਲ ਪਾਉਣ ਲਈ ਕਿਹਾ, ਉਹਨਾਂ ਮੁਦਈ ਨੂੰ 500 ਰੁਪਏ ਦਾ ਨੋਟ ਦਿੱਤਾ, ਜਦੋਂ ਮੁਦਈ ਕੈਸ਼ ਕੱਢ ਕੇ 200 ਰੁਪਏ ਵਾਪਿਸ ਕਰਨ ਲੱਗਿਆ ਤਾਂ ਕਾਰ ਸਵਾਰ 3 ਹੋਰ ਹਥਿਆਰਬੰਦ ਵਿਅਕਤੀ ਕਾਰ ਚੋਂ ਨਿੱਕਲੇ ਅਤੇ ਮੁਦਈ ਨੂੰ ਡਰਾ ਧਮਕਾ ਕੇ ਉਸ ਤੋਂ 8 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਤਫਤੀਸ਼ ਅਧਿਕਾਰੀ ਅਨੁਸਾਰ ਮੁਦਈ ਦੇ ਬਿਆਨ ਪਰ ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ, ਉਨਾਂ ਦੀ ਸ਼ਨਾਖਤ ਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।