ਹਰਿੰਦਰ ਨਿੱਕਾ ,ਬਰਨਾਲਾ , 19 ਨਵੰਬਰ 2021
ਸਰਕਾਰੀ ਕੰਨਿਆ ਹਾਈ ਸਕੂਲ ਸਹਿਣਾ ਦੀ ਵਿਦਿਆਰਥਣ ਸਕੂਲ ਪੜ੍ਹਨ ਲਈ ਗਈ । ਪਰੰਤੂ 9 ਦਿਨ ਬਾਅਦ ਵੀ ਉਹ ਘਰ ਮੁੜਕੇ ਵਾਪਿਸ ਨਹੀਂ ਆਈ। ਜਦੋਂ ਸਕੂਲੀ ਬੱਚੀ ਦਾ ਪਰਿਵਾਰ ਆਪਣੇ ਪੱਧਰ ਤੇ ਉਸ ਦੀ ਤਲਾਸ਼ ਕਰਕੇ ਹੰਭ ਹਾਰ ਗਿਆ ਤਾਂ ਉਨਾਂ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ । ਪੁਲਿਸ ਨੇ ਸ਼ਕਾਇਤ ਦੇ ਅਧਾਰ ਪਰ ਅਣਪਛਾਤੇ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ, ਲਾਪਤਾ ਲੜਕੀ ਦੀ ਤਲਾਸ਼ ਤੇ ਦੋਸ਼ੀ ਦੀ ਸ਼ਨਾਖਤ ਕਰਨ ਲਈ ਵੀ ਵਿਸ਼ੇਸ਼ ਮੁਹਿੰਮ ਵਿੱਢ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਟਾਵਰ, ਉਪਲ ਪੱਤੀ ਸ਼ਹਿਣਾ ਨੇ ਦੱਸਿਆ ਕਿ ਉਸ ਦੇ 04 ਲੜਕੀਆਂ ਹਨ । ਜਿੰਨਾਂ ਵਿੱਚੋਂ ਮਨਪ੍ਰੀਤ ਕੌਰ ਉਮਰ ਕਰੀਬ 12 ਸਾਲ , ਸਰਕਾਰੀ ਕੰਨਿਆ ਹਾਈ ਸਕੂਲ ਸਹਿਣਾ ਵਿਖੇ ਪੜ੍ਹਦੀ ਹੈ। ਉਹ 11 ਨਵੰਬਰ ਨੂੰ ਵਕਤ ਕਰੀਬ 08:30 ਵਜੇ ਸੁਭਾ ਘਰੋਂ ਤਿਆਰ ਹੋ ਕੇ ਪੜ੍ਹਨ ਲਈ ਸਕੂਲ ਵਿਖੇ ਗਈ ਸੀ | ਜਿਸ ਤੋਂ ਬਾਅਦ ਉਹ ਮੁੜਕੇ ਘਰ ਵਾਪਸ ਨਹੀਂ ਆਈ। ਜਿਸ ਦੀ ਅਸੀਂ ਹੁਣ ਤੱਕ ਬਹੁਤ ਤਲਾਸ਼ ਕੀਤੀ, ਪਰੰਤੂ ਉਹ ਨਹੀਂ ਮਿਲੀ । ਬਲਵੀਰ ਸਿੰਘ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਉਸਦੀ ਬੇਟੀ ਮਨਪ੍ਰੀਤ ਕੌਰ ਨੂੰ ਕਿਸੇ ਨਾਮਲੂਮ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਆਪਣੇ ਨਿੱਜੀ ਸਵਾਰਥ ਲਈ ਕਿਸੇ ਅਣ ਦੱਸੀ ਜਗ੍ਹਾ ਤੇ ਗੈਰਕਾਨੂੰਨੀ ਢੰਗ ਨਾਲ ਲੁਕਾ ਛੁਪਾ ਕੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ।
ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਅਮਰਨਾਥ ਨੇ ਦੱਸਿਆ ਕਿ ਲਾਪਤਾ ਸਕੂਲੀ ਬੱਚੀ ਦੇ ਬਿਆਨ ਤੇ ਦੋਸ਼ੀਆਂ ਖਿਲਾਫ ਥਾਣਾ ਸ਼ਹਿਣਾ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਲਾਪਤਾ ਸਕੂਲੀ ਬੱਚੀ ਦੀ ਤਲਾਸ਼ ਅਤੇ ਦੋਸ਼ੀਆਂ ਦੀ ਸ਼ਨਾਖਤ ਦੇ ਯਤਨ ਤੇਜ਼ ਕਰ ਦਿੱਤੇ ਹਨ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਲਾਪਤਾ ਸਕੂਲੀ ਬੱਚੀ ਨੂੰ ਬਰਾਮਦ ਕਰਵਾ ਲਿਆ ਜਾਵੇਗਾ।