ਸੰਘਰਸ਼ਾਂ ਦੇ ਮੈਦਾਨ ‘ਚ ਗੂੰਜਿਆ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਨਾਅਰਾ
ਪਰਦੀਪ ਸਿੰਘ ਕਸਬਾ , ਨਵੀਂ ਦਿੱਲੀ 16 ਨਵੰਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਛੇ ਹੋਰ ਸਾਥੀਆਂ ਬਖ਼ਸ਼ੀਸ਼ ਸਿੰਘ ਗਿੱਲਵਾਲੀ , ਵਿਸ਼ਨੂੰ ਗਣੇਸ਼ ਪਿੰਗਲੇ , ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ , ਜਗਤ ਸਿੰਘ ਸੁਰਸਿੰਘ ਅਤੇ ਹਰਨਾਮ ਸਿੰਘ ਸਿਆਲਕੋਟ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਦਿੱਲੀ ਦੇ ਟਿਕਰੀ ਬਾਰਡਰ ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਉਨ੍ਹਾਂ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ । ਇੱਥੇ ਚੱਲ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਅੱਜ ਔਰਤਾਂ ਵੱਲੋਂ ਸੰਭਾਲੀ ਗਈ ।
ਸਟੇਜ ਤੋਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਔਰਤ ਜਥੇਬੰਦੀ ਦੀ ਆਗੂ ਗੁਰਪ੍ਰੀਤ ਕੌਰ ਬਰਾਸ ਨੇ ਕਿਹਾ ਕਿ ਅੰਗਰੇਜ਼ ਹਕੂਮਤ ਦੁਆਰਾ ਭਾਰਤ ਤੇ ਕੀਤੇ ਜਾ ਰਹੇ ਰਾਜ ਦੌਰਾਨ ਉਨ੍ਹਾਂ ਨੇ ਭਾਰਤ ਦੀ ਖੇਤੀ ਸਮੇਤ ਹੋਰ ਵਸੀਲਿਆਂ ਅਤੇ ਕਿਰਤ ਦੀ ਲੁੱਟ ਬਹੁਤ ਤੇਜ਼ ਕੀਤੀ ਹੋਈ ਸੀ । ਭਾਰਤ ਦੇ ਨੌਜਵਾਨ ਰੁਜ਼ਗਾਰ ਦੀ ਭਾਲ ਤੇ ਪੜ੍ਹਾਈ ਲਈ ਵਿਦੇਸ਼ਾਂ ਵਿਚ ਜਾ ਰਹੇ ਸਨ । ਕਰਤਾਰ ਸਿੰਘ ਸਰਾਭਾ ਵੀ ਉਚੇਰੀ ਸਿੱਖਿਆ ਦੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਸੀ ।ਉਥੇ ਵੀ ਭਾਰਤ ਦੇ ਲੋਕਾਂ ਦਾ ਬਹੁਤ ਸ਼ੋਸ਼ਣ ਕੀਤਾ ਜਾ ਰਿਹਾ ਸੀ ।
ਜਿਸ ਦੇ ਖ਼ਿਲਾਫ਼ ਚੱਲ ਰਹੀ ਲਹਿਰ ਦੌਰਾਨ ਸਰਾਭੇ ਦਾ ਮੇਲ ਉਥੇ ਭਾਰਤ ਦੇ ਇਨਕਲਾਬੀਆਂ ਨਾਲ ਹੋਇਆ ਜੋ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵਿਉਂਤਾਂ ਬਣਾ ਰਹੇ ਸਨ । ਇਸ ਦੌਰਾਨ ਉਨ੍ਹਾਂ ਨੇ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਜਿਸ ਵਿੱਚ ਕਰਤਾਰ ਸਰਾਭੇ ਨੇ ਅਹਿਮ ਰੋਲ ਨਿਭਾਇਆ । ਦੇਸ਼ ਚੋਂ ਅੰਗਰੇਜ਼ਾਂ ਨੂੰ ਕੱਢਣ ਅਤੇ ਭਾਰਤੀ ਲੋਕਾਂ ਦੀ ਲੁੱਟ ਪੂਰੀ ਤਰ੍ਹਾਂ ਖ਼ਤਮ ਕਰਾਉਣ ਲਈ ਉਨ੍ਹਾਂ ਨੇ ਭਾਰਤ ਵਾਪਸ ਆ ਕੇ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰ ਦਿੱਤੀ । ਅੰਗਰੇਜ਼ ਹਕੂਮਤ ਨੇ ਆਪਣੇ ਮੁਖ਼ਬਰਾਂ ਰਾਹੀ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਦੇ ਦਿਨ ਉਸ ਦੇ ਛੇ ਸਾਥੀਆਂ ਸਮੇਤ ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਦੇ ਦੇ ਕੇ ਸ਼ਹੀਦ ਕਰ ਦਿੱਤਾ ।
ਬੁਲਾਰਿਆਂ ਨੇ ਕਿਹਾ ਕਿ ਭਾਰਤ ਦੇ ਕਿਰਤੀ ਲੋਕਾਂ ਦੀ ਲੁੱਟ ਖ਼ਤਮ ਕਰਾਉਣ ਲਈ ਦੇਸ਼ ਦੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੰਗਰੇਜ਼ਾਂ ਦੇ ਭਾਰਤ ਚੋਂ ਚਲੇ ਗਏ ਪਰ ਸਾਮਰਾਜੀਆਂ ਵੱਲੋਂ ਅੱਜ ਇਥੋਂ ਦੀਆਂ ਦਲਾਲ ਹਕੂਮਤਾਂ ਦੇ ਗੱਠਜੋੜ ਸਦਕਾ ਲੁੱਟ ਪਹਿਲਾਂ ਨਾਲੋਂ ਵੀ ਤੇਜ਼ ਕੀਤੀ ਹੋਈ ਹੈ । ਕਿਸਾਨਾਂ ਵਲੋਂ ਤਿਆਰ ਕੀਤੀ ਜਾਂਦੀ ਸਾਰੀ ਉਪਜ ਤੇ ਕਬਜ਼ਾ ਕਰਵਾਉਣ ,ਅਨਾਜ, ਸਬਜ਼ੀਆਂ ਅਤੇ ਫਲਾਂ ਦੀਆਂ ਮੰਡੀਆਂ ਦਾ ਭੋਗ ਪਾ ਕੇ ਸਾਮਰਾਜੀ ਕਾਰਪੋਰੇਟ ਘਰਾਣਿਆਂ ਨੂੰ ਕਿਰਤੀ ਲੋਕਾਂ ਦੀ ਅੰਨੀ ਲੁੱਟ ਕਰਨ ਲਈ ਮੋਦੀ ਸਰਕਾਰ ਨਵੇਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਧੱਕੇ ਨਾਲ ਲਾਗੂ ਕਰਨ ਤੇ ਅੜੀ ਹੋਈ ਹੈ ।
ਉਨ੍ਹਾਂ ਕਿਹਾ ਕਿ ਸਾਮਰਾਜੀ ,ਜਾਗੀਰਦਾਰਾੰ ਹੱਥੋਂ ਕਿਰਤੀ ਲੋਕਾਂ ਦੀ ਲੁੱਟ ਖ਼ਤਮ ਕਰਾਉਣ ਲਈ ਇਨ੍ਹਾਂ ਸ਼ਹੀਦਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਹੀਦਾਂ ਨੂੰ ਸਿਰਫ ਬੁੱਤਾਂ ਤੇ ਹਾਰ ਪਾ ਕੇ ਸਰਧਾਂਜਲੀਆਂ ਦੇਣ ਦੀ ਬਜਾਏ ਦ੍ਰਿੜ੍ਹ ਇਰਾਦਿਆ ਨਾਲ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆਉਣ ਦੀ ਅਣਸਰਦੀ ਲੋੜ ਹੈ ।ਇਹੋ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
ਗੁਰਮੀਤ ਕੌਰ ਵਾਰਨ ਅਤੇ ਚਰਨਜੀਤ ਕੌਰ ਜਖੇਪਲ ਨੇ ਕਿਹਾ ਕਿ ਇਹ ਕਾਨੂੰਨ ਸਾਡੇ ਤੇ ਪਹਿਲੀ ਵਾਰ ਨਹੀਂ ਆਏ। ਮੌਕੇ ਦੀਆਂ ਹਕੂਮਤਾਂ ਸਾਡੀ ਲੁੱਟ ਕਰਨ ਲਈ ਇਹੋ ਜਿਹੇ ਕਾਨੂੰਨ ਸਾਡੇ ਤੇ ਲਾਗੂ ਕਰਦੀਆਂ ਹਨ ਤੇ ਹੁਣ ਮੋਦੀ ਸਰਕਾਰ ਵੀ ਸਾਡੇ ਤੇ ਇਹ ਕਾਨੂੰਨ ਲਾਗੂ ਕਰ ਰਹੀ ਹੈ ਤੇ ਨਾਲ ਕਹਿ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਲਈ ਘਿਓ ਵਰਗੇ ਹਨ ਪਰ ਜਿਹੜੇ ਕਾਨੂੰਨ ਸਾਡੀਆਂ ਜ਼ਮੀਨਾਂ ਖੋਂਹਦੇ ਹੋਣ ਤੇ ਸਾਨੂੰ ਭੁੱਖ ਨੰਗ ਨਾਲ ਲੜਨ ਲਈ ਮਜਬੂਰ ਕਰਦੇ ਹੋਣ ਤਾਂ ਇਹ ਕਾਨੂੰਨ ਕਿਸਾਨੀ ਨੂੰ ਉਜਾੜਨ ਨਾਲੋਂ ਵਧ ਕੇ ਕੁਝ ਨਹੀਂ ਹਨ । ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਕ ਸਾਲ ਦੇ ਕਰੀਬ ਸਾਨੂੰ ਦਿੱਲੀ ਦੀਆਂ ਬਰੂਹਾਂ ਤੇ ਹੋ ਗਿਆ ਹੈ ।
ਪਹਿਲਾਂ ਵੀ ਅਸੀਂ ਮੌਕੇ ਦੀਆਂ ਸਰਕਾਰਾਂ ਨੂੰ ਆਪਣੇ ਏਕੇ ਦੇ ਜ਼ੋਰ ਸਦਕਾ ਬਹੁਤ ਸਾਰੇ ਮਸਲਿਆਂ ਤੇ ਝੁਕਾਇਆ ਹੈ ਇਸੇ ਤਰ੍ਹਾਂ ਆਪਣੇ ਏਕੇ ਦੇ ਜ਼ੋਰ ਸਾਂਤਮਈ ਸੰਘਰਸ਼ ਸਦਕਾ ਇਹ ਤਿੱਨ ਖੇਤੀ ਕਾਲੇ ਕਾਨੂੰਨ ਰੱਦ ਕਰਵਾ ਕੇ ਰਹਾਂਗੇ ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਆਪਣੇ ਫਿਰਕੂ ਪੱਤੇ ਖੇਡ ਰਹੀ ਹੈ ਅਤੇ ਪੰਜਾਬ ਸਰਕਾਰ ਵੀ ਧਾਰਮਿਕ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ । ਇਨ੍ਹਾਂ ਤੋਂ ਸੁਚੇਤ ਹੋ ਕੇ ਆਪਣੇ ਸੰਘਰਸ਼ ਤੇ ਟੇਕ ਰੱਖ ਕੇ ਚੱਲਣ ਦੀ ਲੋਡ਼ ਹੈ। ਅੱਜ ਦੀ ਸਟੇਜ ਤੋਂ ਹਰਪਾਲ ਕੌਰ ਚੌਂਕੇ, ਬਲਜਿੰਦਰ ਕੌਰ ਖੜਿਆਲ, ਸੁਖਵਿੰਦਰ ਕੌਰ ਚੱਠੇ ਅਤੇ ਅਮਰਜੀਤ ਕੌਰ ਕਕਰਾਲਾ ਨੇ ਵੀ ਸੰਬੋਧਨ ਕੀਤਾ।