ਪੀ.ਟੀ. ਐਨ , ਅਬੋਹਰ ਫਾਜ਼ਿਲਕਾ 12 ਨਵੰਬਰ 2021
ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੇ ਬਿਜਲੀ ਬਿਲਾਂ ਦੇ ਬਕਾਏ ਮਾਫ ਕਰਨ ਦੇ ਕੀਤੇ ਐਲਾਨ ਦੇ ਮੱਦੇਨਜਰ ਪੰਜਾਬ ਰਾਜ ਬਿਜਲੀ ਨਿਗਮ ਦੀ ਅਬੋਹਰ ਡਵੀਜ਼ਨ ਵਿਚ ਹੁਣ ਤੱਕ 4.96 ਕਰੋੜ ਰੁਪਏ ਦੇ ਬਿਜਲੀ ਬਕਾਏ ਮੁਆਫ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਜ਼ਿਲੇ੍ਹ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ ਬਿਜਲੀ ਉਪਭੋਗਤਾਵਾਂ ਦੇ ਪਿਛਲੇ ਬਿਜਲੀ ਬਿਲਾਂ ਦੇ ਬਕਾਏ ਮਾਫ ਕਰਨ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਲਗਾਤਾਰ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਭਰੇ ਜਾ ਰਹੇ ਹਨ ਤਾਂ ਜ਼ੋ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਸਕੀਮ ਤਹਿਤ ਬਿਲ ਮਾਫੀ ਦਾ ਲਾਭ ਦਿੱਤਾ ਜਾ ਸਕੇ।
ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੰਨਾਂ ਲੋਕਾਂ ਦਾ ਘਰੇਲੂ ਬਿਜਲੀ ਕੁਨੈਕਸ਼ਨ ਦਾ ਲੋਡ 2 ਕਿਲੋਵਾਟ ਤੋਂ ਘੱਟ ਹੈ ਉਹ ਆਪਣੇ ਨੇੜੇ ਦੇ ਬਿਜਲੀ ਦਫਤਰ ਨਾਲ ਸੰਪਰਕ ਕਰਕੇ ਆਪਣੇ ਫਾਰਮ ਭਰਨ ਤਾਂ ਜ਼ੋ ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ।
ਪੰਜਾਬ ਰਾਜ ਬਿਜਲੀ ਨਿਗਮ ਅਬੋਹਰ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਸੁਰੇਸ਼ ਕੁਮਾਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਨਿਗਮ ਦੀ ਅਬੋਹਰ ਸਬ ਡਵੀਜਨ ਨੰ. 1 ਵਿਚ 323 ਉਪਭੋਗਤਾਵਾਂ ਦੇ 87.68 ਲੱਖ ਦੇ ਬਿਜਲੀ ਬਿਲ ਮੁਆਫ ਹੋਏ ਹਨ। ਉਨ੍ਹਾਂ ਦੱਸਿਆ ਕਿ ਅਬੋਹਰ ਸਬ ਡਵੀਜਨ ਨੰ. 2 ਵਿਚ 545 ਉਪਭੋਗਤਾਵਾਂ ਦੇ 169.26 ਲੱਖ ਦੇ ਬਿਜਲੀ ਬਿਲ, ਅਬੋਹਰ ਸਬ ਡਵੀਜਨ ਨੰ. 3 ਵਿਚ 610 ਉਪਭੋਗਤਾਵਾਂ ਦੇ 149.26 ਲੱਖ ਦੇ ਬਿਜਲੀ ਬਿਲ ਅਤੇ ਖੂਈਆਂ ਸਰਵਰ ਦੇ 658 ਉਪਭੋਗਤਾਵਾਂ ਦੇ 90.03 ਲੱਖ ਰੁਪਏ ਦੇ ਬਿਜਲੀ ਬਿਲ ਮੁਆਫ ਕੀਤੇ ਗਏ ਹਨ।