ਫਰਵਾਹੀ ਤੇ ਰਾਜਗੜ੍ਹ ਪਿੰਡਾਂ ‘ਚ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋ ਰਹੇ ਨੁਕਸਾਨਾਂ ਪ੍ਰਤੀ ਸੁਚੇਤ ਕੀਤਾ
ਰਘਵੀਰ ਹੈਪੀ , ਬਰਨਾਲਾ, 3 ਨਵੰਬਰ 2021
ਐਸ ਡੀ ਕਾਲਜ ਬਰਨਾਲਾ ਦੇ ਐਨ ਐਸ ਐਸ ਵਿਭਾਗ ਵੱਲੋਂ ਮਿਤੀ 2 ਨਵੰਬਰ ਨੂੰ ਪਰਾਲੀ ਸਾੜਨ ਦੀ ਰੋਕਥਾਮ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਕਾਲਜ ਦੇ ਪੀ. ਆਰ ਓ ਪ੍ਰੋ. ਸ਼ੋਇਬ ਜ਼ਫ਼ਰ ਨੇ ਦੱਸਿਆ ਕਿ ਐਨ ਐਸ ਐਸ ਦੇ ਕੋਆਰਡੀਨੇਟਰ ਡਾ. ਰੀਤੂ ਅੱਗਰਵਾਲ ਦੀ ਅਗਵਾਈ ‘ਚ ਲਗਭਗ 80 ਵਲੰਟੀਅਰਾਂ ਨੇ ਨਜ਼ਦੀਕੀ ਪਿੰਡ ਫ਼ਰਵਾਹੀ ਅਤੇ ਰਾਜਗੜ੍ਹ ਦੇ ਕਿਸਾਨਾਂ ਨੂੰ ਇਸ ਸਮੱਸਿਆ ਬਾਰੇ ਜਾਗਰੂਕ ਕੀਤਾ। ਵਲੰਟੀਅਰਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਪਰਾਲੀ ਨਾ ਸਾੜਨ ਬਾਬਤ ਵੱਖ ਵੱਖ ਤਰੀਕਿਆਂ ਨਾਲ ਚਾਨਣਾ ਪਾਇਆ। ਉਹਨਾਂ ਇਸ ਦੌਰਾਨ ਕਿਸਾਨਾਂ ਦੀ ਸਮੱਸਿਆਵਾਂ ਨੂੰ ਵੀ ਬਹੁਤ ਧਿਆਨ ਨਾਲ ਸੁਣਿਆ। ਵਲੰਟੀਅਰਾਂ ਨੇ ਪਰਾਲੀ ਸਾੜਨ ਕਰਕੇ ਵਧਦੇ ਪ੍ਰਦੂਸ਼ਣ ਦੇ ਨਾਲ ਨਾਲ ਜ਼ਮੀਨ ਨੂੰ ਹੁੰਦੇ ਨੁਕਸਾਨ ਬਾਰੇ ਵੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਵਲੰਟੀਅਰਾਂ ਵਲੋਂ ਵਾਤਾਵਰਣ ਦੀ ਸੰਭਾਲ ਅਤੇ ਪਰਾਲੀ ਦੀ ਰੋਕਥਾਮ ਸਬੰਧੀ ਰੈਲੀ ਵੀ ਕੱਢੀ ਗਈ। ਖ਼ੁਸ਼ੀ ਦੀ ਗੱਲ ਇਹ ਸੀ ਕਿ ਕਿਸਾਨਾਂ ਨੇ ਵਲੰਟੀਅਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਦੇ ਤਰਕ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਕਈ ਕਿਸਾਨਾਂ ਨੇ ਇਸ ਵਾਰ ਪਰਾਲੀ ਨਾ ਜਲਾਉਣ ਦਾ ਵਚਨ ਵੀ ਦਿੱਤਾ। ਵਿਭਾਗ ਦੇ ਕੋਆਰਡੀਨੇਟਰ ਡਾ. ਰੀਤੂ ਅੱਗਰਵਾਲ ਨੇ ਦੱਸਿਆ ਕਿ ਇਹ ਰੈਲੀ ਨੌਜਵਾਨਾਂ ਅਤੇ ਕਿਸਾਨਾਂ ਦੇ ਸਬੰਧਾਂ ਨੂੰ ਵੀ ਮਜ਼ਬੂਤ ਕਰੇਗੀ। ਇਹ ਸਾਰਾ ਹੀ ਪ੍ਰੋਗਰਾਮ ਤਿੰਨ ਘੰਟੇ ਦੇ ਕਰੀਬ ਚੱਲਿਆ ਅਤੇ ਸਾਰੇ ਵਲੰਟੀਅਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਵਿਚ ਹਿੱਸਾ ਲਿਆ। ਐਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਐਨ ਐਸ ਐਸ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੌਰਾਨ ਐਨ ਐਸ ਐਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਜਗਜੀਤ ਸਿੰਘ ਅਤੇ ਪ੍ਰੋ. ਜਸਪ੍ਰੀਤ ਕੌਰ ਸ਼ਾਮਿਲ ਰਹੇ।