ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਸਬੰਧੀ ਐਸ.ਡੀ.ਐਮ ਵੱਲੋਂ ਕੀਤੀ ਗਈ ਮੀਟਿੰਗ
*ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ: ਵਰਜੀਤ ਵਾਲੀਆ
*ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀਆਂ ਵਿਚ ਲਿਆਉਣ ਦੀ ਅਪੀਲ
ਪਰਦੀਪ ਕਸਬਾ , ਬਰਨਾਲਾ, 19 ਅਕਤੂਬਰ 2021
ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਵੱਲੋਂ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ, ਸਕੱਤਰ ਮਾਰ ਕਿਟ ਕਮੇਟੀ ਬਰਨਾਲਾ/ਤਪਾ/ਧਨੌਲਾ/ਭਦੋੜ/ਮਹਿਲ ਕਲਾਂ ਤੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਝੋਨੇ ਦੇ ਖਰੀਦ ਪ੍ਰਬੰਧਾਂ ਦੇ ਜਾਇਜ਼ੇ ਲਈ ਮੀਟਿੰਗ ਕੀਤੀ ਗਈ।
ਇਸ ਮੌਕੇ ਸ੍ਰੀ ਵਾਲੀਆ ਨੇ ਆਖਿਆ ਕਿ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਝੋਨੇ ਦੀ ਖਰੀਦ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਵਿੱਚ ਹਾਜ਼ਰ ਆੜਤੀਆ ਐਸੋਸੀਏਸ਼ਨ ਨੂੰ ਆਦੇਸ਼ ਦਿੱਤੇ ਗਏੇ ਕਿ ਉਹ ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਵਾਸਤੇ ਪ੍ਰੇਰਿਤ ਕਰਨ।
ਉਨ੍ਹਾਂ ਸਬੰਧਤ ਇੰਸਪੈਕਟਰਾਂ ਨੂੰ ਹਦਾਇਤ ਕਰਨ ਕਿ ਉਹ ਮੰਡੀਆਂ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ। ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਾਕੀ ਨੁਮਾਇੰਦਿਆਂ ਵੱਲੋਂ ਪ੍ਰਸ਼ਾਸ਼ਨ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਉਕਤ ਸੀਜ਼ਨ ਦੌਰਾਨ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਸਬੰਧਤ ਸੈਕਟਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਨ੍ਹਾਂ ਅਧੀਨ ਪੈਂਦੇ ਪਿੰਡਾਂ ਵਿੱਚ ਮੁਨਿਆਦੀ ਕਰਵਾਈ ਜਾਵੇ, ਜਿਨ੍ਹਾਂ ਕਿਸਾਨਾਂ ਕੋਲ ਕੰਬਾਇਨਾਂ ਹਨ, ਉਹ ਝੋਨੇ ਦੀ ਕਟਾਈ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਦਰਮਿਆਨ ਨਾ ਕੀਤੀ ਜਾਵੇ।
ਇਸ ਮੀਟਿੰਗ ਵਿੱਚ ਤਹਿਸੀਲਦਾਰ, ਡੀ.ਐਫ.ਐਸ.ਸੀ.ਸ਼੍ਰੀਮਤੀ ਸਵੀਟੀ ਦੇਵਗਨ, ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ, ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਡੀ.ਐਮਜ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਆੜ੍ਹਤੀਆ ਐਸੋ਼ਸੀਏਸ਼ਨ ਦੇ ਨੁਮਾਇੰਦੇ ਵੀ ਹਾਜ਼ਰ ਸਨ।
-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ 18 ਅਕਤੂਬਰ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ 20,382 ਮੀਟਰਕ ਟਨ ਕੁੱਲ ਝੋਨਾ ਪਹੁੰਚਿਆ, ਜਿਸ ਵਿੱਚੋਂ 5356 ਮੀਟਰਕ ਟਨ 18 ਅਕਤੂਬਰ ਨੂੰ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 15,873 ਮੀਟਰਕ ਟਨ ਝੋਨਾ ਖ਼ਰੀਦ ਲਿਆ ਗਿਆ ਹੈ ਅਤੇ ਇਸ ਵਿੱਚੋਂ 8893 ਮੀਟਰਕ ਟਨ ਝੋਨੇ ਦੀ ਚੁਕਾਈ ਮੰਡੀ ਵਿੱਚੋਂ ਕੀਤੀ ਜਾ ਚੁੱਕੀ ਹੈ।