ਖਰੀਦ ਕਾਰਜਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਤੰਦਰੁਸਤ ਮਾਹੌਲ ਵਿੱਚ ਨੇਪਰੇ ਚੜਾਉਣ ਲਈ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਤੋਂ ਸਹਿਯੋਗ ਮੰਗਿਆ
*.ਮੰਡੀਆਂ ਨਾਲ ਸਬੰਧਤ ਕਿਸੇ ਵੀ ਸਮੱਸਿਆ ਦੇ ਫੌਰੀ ਹੱਲ ਲਈ ਹੈਲਪਲਾਈਨ ਨੰਬਰ 01672232304 ’ਤੇ ਕੀਤਾ ਜਾਵੇ ਸੂਚਿਤ
ਹਰਪ੍ਰੀਤ ਕੌਰ ਸੰਗਰੂਰ, 15 ਅਪ੍ਰੈਲ 2020
ਜ਼ਿਲੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਅਨਾਜ ਮੰਡੀ ਸੰਗਰੂਰ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਸਮੁੱਚੇ ਅਹਿਤਿਆਤਾਂ ਨੂੰ ਵਰਤੇ ਜਾਣ ਸਬੰਧੀ ਸਮੂਹ ਖਰੀਦ ਅਮਲੇ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਮੰਡੀਆਂ ਵਿੱਚ ਆਉਣ ਵਾਲੇ ਹਰੇਕ ਕਿਸਾਨ, ਮਜ਼ਦੂਰ, ਸਫ਼ਾਈ ਕਰਮੀ, ਪੱਲੇਦਾਰਾਂ, ਆੜਤੀ ਆਦਿ ਨੂੰ ਸੈਨੇਟਾਈਜੇਸ਼ਨ ਪ੍ਰਕਿਰਿਆ ਅਮਲ ਵਿੱਚ ਲਿਆਉਣ ਅਤੇ ਮਾਸਕ, ਸਮਾਜਿਕ ਦੂਰੀ ਸਮੇਤ ਹੋਰ ਦਿਸ਼ਾ ਨਿਰਦੇਸ਼ਾਂ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟਰੇਟ ਬਬਨਦੀਪ ਸਿੰਘ ਵਾਲੀਆ ਸਮੇਤ ਮੰਡੀ ਦਾ ਦੌਰਾ ਕੀਤਾ ਅਤੇ ਅੱਜ ਪਹਿਲੇ ਦਿਨ ਮੰਡੀ ਵਿੱਚ ਕਣਕ ਲਿਆਉਣ ਵਾਲੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਅਨਾਜ ਮੰਡੀਆਂ ਵਿੱਚ ਕਿਸਾਨਾਂ ਸਮੇਤ ਹਰੇਕ ਵਰਗ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਮੰਡੀਆਂ ਵਿੱਚ ਵਾਧੂ ਦੇ ਭੀੜ ਭੜੱਕੇ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਟੋਕਨ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ ਅਤੇ ਮੰਡੀਆਂ ਵਿੱਚ ਸਿਰਫ਼ ਟੋਕਨ ਦੇ ਆਧਾਰ ’ਤੇ ਹੀ ਟਰੈਕਟਰ-ਟਰਾਲੀਆਂ ਰਾਹੀਂ ਕਣਕ ਵੇਚਣ ਲਿਆਉਣ ਵਾਲੇ ਕਿਸਾਨਾਂ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਅੱਜ ਜ਼ਿਲੇ ਦੀਆਂ ਮੰਡੀਆਂ ਵਿੱਚ ਜਿਵੇਂ ਹੀ ਕਣਕ ਦੀ ਆਮਦ ਆਰੰਭ ਹੋਈ ਤਾਂ ਮਾਰਕੀਟ ਕਮੇਟੀਆਂ ਦੇ ਸਟਾਫ਼ ਨੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਟਰੈਕਟਰ ਟਰਾਲੀਆਂ ਨੂੰ ਵੀ ਜੀਵਾਣੂ ਮੁਕਤ ਕਰਨ ਲਈ ਸੈਨੇਟਾਈਜੇਸ਼ਨ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਦੇ ਨਿਯਮ ਨੂੰ ਲਾਗੂ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਇਸ ਲਈ ਬਾਕਾਇਦਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਸਮੇਤ ਹੋਰ ਵਰਗਾਂ ਨੂੰ ਲਗਾਤਾਰ ਜਾਣੂ ਕਰਵਾਉਂਦੇ ਰਹਿਣ ਸਬੰਧੀ ਅਧਿਕਾਰੀਆਂ ਤੇ ਖਰੀਦ ਅਮਲੇ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕੋਵਿਡ-19 ਦੀ ਰੋਕਥਾਮ ਸਬੰਧੀ ਸਾਰੇ ਸੁਰੱਖਿਆ ਨਿਯਮਾਂ ਦੀ ਵਰਤੋਂ ਨੂੰ ਲਾਜ਼ਮੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਦੀ ਕੁਲ ਕਣਕ ਵਿੱਚੋਂ ਕਰੀਬ 10 ਫੀਸਦੀ ਕਣਕ ਸੰਗਰੂਰ ਜ਼ਿਲੇ ਵਿੱਚ ਖਰੀਦੀ ਜਾਂਦੀ ਹੈ ਅਤੇ ਇਸ ਵਰੇ ਕਰੀਬ 12 ਲੱਖ ਮੀਟਰਕ ਟਨ ਕਣਕ ਦੀ ਆਮਦ ਦੀ ਸੰਭਾਵਨਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਜੇ ਕਿਸੇ ਵੀ ਕਿਸਾਨ ਜਾਂ ਆੜਤੀ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਰੰਤ ਇਸ ਸਬੰਧੀ ਜ਼ਿਲਾ ਪੱਧਰੀ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 01672232304 ਉਤੇ ਸੂਚਿਤ ਕੀਤਾ ਜਾਵੇ ਤਾਂ ਜੋ ਤੁਰੰਤ ਸਮੱਸਿਆ ਦਾ ਹੱਲ ਕਰਵਾਇਆ ਜਾ ਸਕੇ।
ਉਨਾਂ ਕਿਹਾ ਕਿ 15 ਅਪ੍ਰੈਲ ਤੋਂ ਮਈ ਦੇ ਅਖ਼ੀਰ ਤੱਕ ਖਰੀਦ ਪ੍ਰਕਿਰਿਆ ਜਾਰੀ ਰਹੇਗੀ ਅਤੇ ਆੜਤੀਆਂ ਨਾਲ ਸਬੰਧਤ ਡਾਟਾ ਉਪਲਬਧ ਹੋਣ ਕਾਰਨ ਕਿਸਾਨਾਂ ਦੀ ਆਮਦ ਸਬੰਧੀ ਵੰਡ ਕੀਤੀ ਗਈ ਹੈ ਅਤੇ ਉਸਦੇ ਆਧਾਰ ’ਤੇ ਹੀ ਕਿਸਾਨਾਂ ਨੂੰ ਟੋਕਨ ਜਾਰੀ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਘੱਟ ਤੋਂ ਘੱਟ ਭੀੜ ਕਰਨ ਲਈ ਅਜਿਹਾ ਕੀਤਾ ਗਿਆ ਹੈ। ਸ਼੍ਰੀ ਥੋਰੀ ਨੇ ਕਿਹਾ ਕਿ ਖਰੀਦ ਕੇਂਦਰਾਂ ਦੀ ਗਿਣਤੀ ਨੂੰ ਵਧਾ ਦਿੱਤਾ ਗਿਆ ਹੈ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਟੋਕਨ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਦੇ ਆਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਕੇਵਲ ਸੁੱਕੀ ਹੋਈ ਜਿਣਸ ਹੀ ਲਿਆਉਣ ਤਾਂ ਜੋ ਕਣਕ ਦੀ ਤੁਰੰਤ ਖਰੀਦ ਕਰਵਾਈ ਜਾ ਸਕੇ ਅਤੇ ਨਾਲੋ ਨਾਲ ਹੀ ਸਬੰਧਤ ਖਰੀਦ ਏਜੰਸੀਆਂ ਇਸ ਦੀ ਚੁਕਾਈ ਨੂੰ ਯਕੀਨੀ ਬਣਾ ਸਕਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲਾ ਮੰਡੀ ਅਫ਼ਸਰ ਸਮੇਤ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਮੰਡੀਆਂ ਵਿੱਚ ਸਾਰੇ ਲੋੜੀਂਦੇ ਪ੍ਰਬੰਧਾਂ ਦੀ ਨਿਯਮਤ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ । ਉਨਾਂ ਕਿਹਾ ਕਿ ਹਰ ਹਾਲ ਵਿੱਚ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਪੜਾਅ ’ਤੇ ਕੋਈ ਮੁਸ਼ਕਿਲ ਪੇਸ਼ ਆਉਣ ’ਤੇ ਤੁਰੰਤ ਸਬੰਧਤ ਉਚ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ।
ਇਸੇ ਦੌਰਾਨ ਅੱਜ ਵੱਖ ਵੱਖ ਸਬ ਡਵੀਜ਼ਨਾਂ ਵਿੱਚ ਉਪ ਮੰਡਲ ਮੈਜਿਸਟਰੇਟ ਦੀ ਨਿਗਰਾਨੀ ਹੇਠ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਆਰੰਭ ਹੋਈ। ਉਪ ਮੰਡਲ ਮੈਜਿਸਟਰੇਟ ਦਿੜਬਾ ਮਨਜੀਤ ਸਿੰਘ, ਉਪ ਮੰਡਲ ਮੈਜਿਸਟਰੇਟ ਸੁਨਾਮ ਊਧਮ ਸਿੰਘ ਵਾਲਾ ਸ਼੍ਰੀਮਤੀ ਮਨਜੀਤ ਕੌਰ, ਐਸ.ਡੀ.ਐਮ ਧੂਰੀ ਲਤੀਫ਼ ਅਹਿਮਦ ਸਮੇਤ ਹੋਰ ਅਧਿਕਾਰੀਆਂ ਨੇ ਅਨਾਜ ਮੰਡੀਆਂ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਸਿਹਤ ਸਬੰਧੀ ਮਾਪਦੰਡਾਂ ਦੀ ਪਾਲਣਾ ਕਰਨ ਬਾਰੇ ਅਪੀਲ ਕੀਤੀ। ਇਸ ਦੌਰਾਨ ਵਾਹਨਾਂ ਦੀ ਸੈਨੇਟਾਈਜੇਸ਼ਨ ਹੋਈ ਅਤੇ ਮੰਡੀ ਵਿੱਚ ਆਉਣ ਵਾਲੇ ਹਰੇਕ ਨਾਗਰਿਕ ਨੂੰ ਮਾਸਕ ਦੀ ਵਰਤੋਂ ਕਰਨ ਅਤੇ ਸਮਾਜਿਕ ਦੂਰੀ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ ਗਿਆ।