ਮਨਰੇਗਾ ਤਹਿਤ ਰੁਜ਼ਗਾਰ ਦਿਵਾਉਣ ਲਈ ਮਜ਼ਦੂਰਾਂ ਦਾ ਵਫ਼ਦ ਏਡੀਸੀ ਨੂੰ ਮਿਲਿਆ
ਬੀ ਟੀ ਐਨ, ਨਾਭਾ, 14 ਸਤੰਬਰ 2021
ਮਹਾਤਮਾ ਗਾਂਧੀ ਕੋਮੀ ਪੇਂਡੂ ਰੋਜਗਾਰ ਗਾਰੰਟੀ ਐਕਟ 2005 ਦੇ ਤਹਿਤ ਕੰਮ ਪ੍ਰਾਪਤੀ ਲਈ ਅਤੇ ਹੋਰ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਜ ਨਰੇਗਾ ਰੋਜਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ.) ਏਟਕ ਦਾ ਇੱਕ ਵਫਦ ਏ.ਡੀ.ਸੀ. (ਵਿਕਾਸ) ਸ਼੍ਰੀਮਤੀ ਪ੍ਰੀਤੀ ਯਾਦਵ ਨੂੰ ਪਟਿਆਲਾ ਵਿਖੇ ਮਿਲਿਆ।
ਇਸ ਵਫਦ ਵਿੱਚ ਨਰੇਗਾ ਰੋਜਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ.) ਏਟਕ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ , ਜਿਲ੍ਹਾ ਪ੍ਰਧਾਨ ਚਰਨਜੀਤ ਕੌਰ ਕਕਰਾਲਾ, ਜਿਲ੍ਹਾ ਸਕੱਤਰ ਕਮਲੇਸ਼ ਕੌਰ ਲੋਹਰਾਂ, ਮੀਤ ਪ੍ਰਧਾਨ ਜਗਸੀਰ ਸਿੰਘ ਸਰਾਜਪੁਰ, ਬੱਗਾ ਸਿੰਘ ਗਲਵੱਟੀ, ਜਸਵੰਤ ਕੌਰ ਦੁਲੱਦੀ, ਅਮੀਰ ਕੌਰ ਦੁਲੱਦੀ, ਗਿਆਨ ਕੌਰ, ਸੀਤਾ ਸਿੰਘ, ਅੰਮ੍ਰਿਤਪਾਲ ਕੌਰ ਸ਼ਾਮਿਲ ਸਨ। ਮਨਰੇਗਾ ਕਾਮਿਆਂ ਨੇ ਏ.ਡੀ.ਸੀ. ਮੈਡਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਭਾ ਤਹਿਸੀਲ ਦੇ ਪਿੰਡਾਂ ਦੁਲੱਦੀ, ਅਲੋਹਰਾਂ ਕਲਾਂ, ਲੱਧਾ ਹੇੜੀ, ਪਹਾੜਪੁਰ, ਗਲਵੱਟੀ, ਮਹਿਸ, ਨਾਨੋਵਾਲ, ਸਰਾਜਪੁਰ, ਮੱਲੇਵਾਲ, ਦੰਦਰਾਲਾ ਢੀਂਡਸਾ ਦੀਆਂ ਕੰਮ ਮੰਗ ਦੀਆਂ ਅਰਜੀਆਂ 10—6—2021 ਨੂੰ ਬੀ.ਡੀ.ਪੀ.ਓ. ਦਫਤਰ ਨਾਭਾ ਵਿਖੇ ਦਰਜ ਕਰਵਾਈਆਂ ਸਨ ਪਰ ਅਫਸੋਸ ਦੀ ਗੱਲ ਹੈ ਕਿ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਪਿੰਡਾਂ ਦੇ ਨਰੇਗਾ ਕਾਮਿਆਂ ਨੂੰ ਕੰਮ ਦਾ ਕੋਈ ਵੀ ਸੁਨੇਹਾ ਨਹੀਂ ਮਿਲਿਆ।
ਕੋਰੋਨਾ ਮਹਾਮਾਰੀ ਕਾਰਨ ਬੇਰੁਜਗਾਰੀ ਦੇ ਸਤਾਏ ਨਰੇਗਾ ਕਾਮੇ ਭੁੱਖਮਰੀ ਦਾ ਸ਼ਿਕਾਰ ਹੋਣ ਵਾਲੇ ਪਾਸੇ ਵੱਲ ਵੱਧ ਰਹੇ ਹਨ। ਇਨ੍ਹਾਂ ਪਿੰਡਾਂ ਦੇ ਕਾਮੇ ਵਾਰ ਵਾਰ ਬੀ.ਡੀ.ਪੀ.ਓ. ਦਫਤਰ ਨਾਭਾ ਦੇ ਚੱਕਰ ਲਗਾ ਰਹੇ ਹਨ ਪਰ ਇਨ੍ਹਾਂ ਮਜਬੂਰ ਨਰੇਗਾ ਕਾਮਿਆਂ ਨੂੰ ਲਾਅਰਿਆਂ ਤੋਂ ਇਲਾਵਾ ਹੋਰ ਕੁੱਝ ਨਹੀਂ ਮਿਲਿਆ। ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਵਾਰ ਵਾਰ ਬੀ.ਡੀ.ਪੀ.ਓ. ਦਫਤਰ ਆਉਣ ਤੇ ਜੇਕਰ ਕਕਰਾਲੇ ਪਿੰਡ ਦੇ ਕਾਮਿਆਂ ਨੂੰ ਕੰਮ ਦਿੱਤਾ ਗਿਆ ਜੋ ਕਿ 8—9—2021 ਤੋਂ ਸ਼ੁਰੂ ਕੀਤਾ ਸੀ ।
ਇਸ ਕੰਮ ਦਾ ਮਸਟਰੋਲ ਨਹੀਂ ਕੱਢਿਆ ਗਿਆ ਤੇ ਨਾ ਹੀ ਪੋ੍ਰਜੈਕਟ ਰਿਪੋਰਟ ਤੇ ਕਾਮਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੀ ਦੁਲੱਦੀ ਪਿੰਡ ਦੇ 32 ਕਾਮਿਆਂ ਨੇ ਕੰਮ ਦੀ ਅਰਜੀ 10—6—2021 ਨੂੰ ਦਰਜ ਕਰਵਾਈ ਸੀ ਪਰ 15 ਕਾਮਿਆਂ ਨੂੰ ਕੰਮ ਤੇ ਲਗਾਇਆ ਗਿਆ ਤੇ ਬਾਕੀ ਕਾਮਿਆਂ ਨਾਲ ਜੀ.ਐਸ.ਆਰ. ਵੱਲੋਂ ਬਦਸਲੂਕੀ ਕੀਤੀ ਜਾ ਰਹੀ ਹੈ। ਲੰਮੀ ਗੱਲਬਾਤ ਸੁਣਨ ਤੋਂ ਬਾਅਦ ਏ.ਡੀ.ਸੀ. ਮੈਡਮ ਪ੍ਰੀਤੀ ਯਾਦਵ ਨੇ ਕਾਮਿਆਂ ਨੂੰ ਉਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਨਰੇਗਾ ਰੋਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਮੱਸਿਆਵਾਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਜੱਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।