ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਪੁਲਿਸ ਦੀਆਂ ਰੇਡਾਂ , 8 ਖਿਲਾਫ ਕੇਸ ਦਰਜ਼, ਹਜ਼ਾਰਾਂ ਰੁਪਏ ਬਰਾਮਦ
ਹਰਿੰਦਰ ਨਿੱਕਾ , ਬਰਨਾਲਾ 5 ਸਤੰਬਰ 2021
ਸ਼ਹਿਰ ਅੰਦਰ ਕੁੱਝ ਸਮੇਂ ਤੋਂ ਸ਼ਰੇਆਮ ਦੁਕਾਨਾਂ ਖੋਲ੍ਹ ਕੇ ਬੇਖੌਫ ਦੜੇ-ਸੱਟੇ ਦਾ ਕੰਮ ਕਰਨ ਵਿੱਚ ਮਸ਼ਰੂਫ ਖਾਈਵਾਲਾਂ ਉੱਪਰ ਆਖਿਰ ਪੁਲਿਸ ਨੇ ਸ਼ਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਖਾਈਵਾਲਾਂ ਖਿਲਾਫ ਪੁਲਿਸ ਨੇ ਇਹ ਅਭਿਆਨ ਬਰਨਾਲਾ ਟੂਡੇ ਵੱਲੋਂ 2 ਸਤੰਬਰ ਨੂੰ ” ਬਰਨਾਲਾ ਸ਼ਹਿਰ ‘ਚ ਪੁਲਿਸ ਵੱਲੋਂ ਦੜੇ ਸੱਟੇ ਨੂੰ ਹਰੀ ਝੰਡੀ! ਸ਼ਰੇਆਮ ਖੁੱਲ ਗਈਆਂ ਦੁਕਾਨਾਂ ” ਹੈਡਿੰਗ ਤਹਿਤ ਪ੍ਰਮੁੱਖਤਾ ਨਾਲ ਨਸ਼ਰ ਕਰਕੇ, ਪੁਲਿਸ ਦਾ ਧਿਆਨ ਸ਼ਹਿਰ ਵਿੱਚ ਪੂਰੀ ਤਰਾਂ ਪੈਰ ਪਸਾਰ ਚੁੱਕੇ ਇਸ ਗੋਰਖਧੰਦੇ ਵੱਲ ਦਿਵਾਇਆ ਸੀ। ਜਿਸ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ 2 ਦਿਨ ਵਿੱਚ ਹੀ 8 ਦੋਸ਼ੀਆਂ ਨੂੰ ਕੇਸਾਂ ਵਿੱਚ ਨਾਮਜ਼ਦ ਕਰਕੇ ਅਤੇ ਕੁੱਝ ਖਾਈਵਾਲਾਂ ਤੇ ਉਨਾਂ ਦੇ ਏਜੰਟਾਂ ਨੂੰ ਗਿਰਫਤਾਰ ਕਰਕੇ, 17 ਹਜ਼ਾਰ 340 ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ। ਇਹ ਕਾਰਵਾਈ ਬੇਸ਼ੱਕ ਪੁਲਿਸ ਦਾ ਕੋਈ ਵੱਡਾ ਮਾਰਕਾ ਤਾਂ ਨਹੀਂ, ਪਰੰਤੂ ਇਹ ਨਿਗੂਣੀ ਜਾਣਕਾਰੀ ਦੇਣ ਲਈ ਵੀ ਜਿਲ੍ਹਾ ਪੁਲਿਸ ਮੁਖੀ ਭਗੀਰਥ ਸਿੰਘ ਮੀਨਾ ਦੀ ਤਰਫੋਂ ਮੀਡੀਆ ਨੂੰ ਪ੍ਰੈਸ ਨੋਟ ਜ਼ਾਰੀ ਕੀਤਾ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਨਾਲ ਇੱਕ ਵਾਰ ਫਿਲਹਾਲ ਦੜੇ ਸੱਟੇ ਦੀਆਂ ਦੁਕਾਨਾਂ ਬੰਦ ਹੋ ਗਈਆਂ ਹਨ।
ਗਿਰਫਤਾਰ ਅਤੇ ਨਾਮਜ਼ਦ ਦੋਸ਼ੀਆਂ ਦਾ ਵੇਰਵਾ ਇਸ ਪ੍ਰਕਾਰ ਹੈ:-
ਕੇਸ ਨੰਬਰ -1 ) ਥਾਣਾ ਸਿਟੀ 1 ਬਰਨਾਲਾ ਵਿਖੇ ਦਰਜ਼ ਐਫ.ਆਈ.ਆਰ ਵਿੱਚ ਹਨੀ ਕੁਮਾਰ ਵਾਸੀ ਗਲੀ ਨੰਬਰ 4 ਨੇੜੇ ਬਾਬਾ ਬਾਲਕ ਨਾਥ ਮੰਦਿਰ, ਅਕਾਲਗੜ੍ਹ ਬਸਤੀ ਬਰਨਾਲਾ, ਪੰਕਜ ਸਿੰਗਲਾ ਵਾਸੀ ਤਰਕਸ਼ੀਲ ਚੌਂਕ ਬਰਨਾਲਾ ਅਤੇ ਕਾਲਾ ਮਾਮਾ ਵਾਸੀ ਨੇੜੇ ਅਗਰਸੈਨ ਚੌਂਕ ਬਰਨਾਲਾ ਨਾਮਜ਼ਦ ਕੀਤਾ ਗਿਆ ਹੈ। ਉਕਤ ਦੋਸ਼ੀਆਂ ਵਿੱਚੋਂ ਸਿਰਫ ਹਨੀ ਕੁਮਾਰ ਦੀ ਹੀ ਗਿਰਫਤਾਰੀ ਹੋਈ ਹੈ,ਜਦੋਂਕਿ ਬਾਕੀ ਹਾਲੇ ਪੁਲਿਸ ਦੀ ਪਕੜ ਤੋਂ ਬਾਹਰ ਹਨ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ ਦਲਵਿੰਦਰ ਸਿੰਘ ਅਨੁਸਾਰ ਉਸ ਨੂੰ ਮੁਖਬਰ ਖਾਸ ਤੋਂ ਸੂਚਨਾ ਮਿਲੀ ਸੀ ਕਿ ਉਕਤ ਸਾਰੇ ਨਾਮਜ਼ਦ ਦੋਸ਼ੀ ਬਰਨਾਲਾ ਬੱਸ ਅੱਡੇ ਨੇੜੇ ਬਣੀ ਪ੍ਰੇਮ ਪ੍ਰਧਾਨ ਮਾਰਕਿਟ ਦੀ ਬੈਕ ਸਾਈਡ ਤੇ ਭੋਲੇ-ਭਾਲੇ ਲੋਕਾਂ ਨੂੰ ਕਹਿ ਰਹੇ ਹਨ ਕਿ ਜੋ ਵੀ ਸਾਡੇ ਕੋਲ ਖਾਈਬਾਈ ਦਾ ਸੱਟਾ ਲਗਾਏਗਾ, ਅਸੀਂ ਉਸ ਨੁੰ ਲਾਇਆ ਗਿਆ ਨੰਬਰ ਆ ਜਾਣ ਤੇ ਇੱਕ ਰੁਪਏ ਦੇ ਬਦਲੇ 9 ਰੁਪਏ ਦਿਆਂਗੇ, ਜਿੰਨਾਂ ਵੱਲੋਂ ਅਜਿਹਾ ਕਰਨਾ ਜੁਰਮ 13 ਏ/03/067 ਗੈਂਬਲਿੰਗ ਐਕਟ ਦੀ ਤਾਰੀਫ ਨੂੰ ਪੂਰਾ ਕਰਦਾ ਹੈ। ਤਫਤੀਸ਼ ਅਧਿਕਾਰੀ ਅਨੁਸਾਰ ਮੌਕੇ ਤੋਂ ਸਿਰਫ ਹਨੀ ਕੁਮਾਰ ਦੀ ਹੀ ਗਿਰਫਤਾਰੀ ਹੋਈ ਹੈ, ਜਿਸ ਦੇ ਕਬਜ਼ੇ ਵਿੱਚੋਂ ਪੁਲਿਸ ਪਾਰਟੀ ਨੂੰ 4340 ਰੁਪਏ ਬਰਾਮਦ ਹੋਏ ਹਨ।
ਕਾਬੂ ਕੀਤੇ ਸੱਟਾ ਕਿੰਗ ਰਾਜ ਕੁਮਾਰ ਰਾਜੂ ਖਿਲਾਫ ਪਹਿਲਾਂ ਵੀ 9 ਕੇਸ ਦਰਜ਼
ਕੇਸ ਨੰਬਰ -2 ) ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ਼ ਐਫ.ਆਈ.ਆਰ ਵਿੱਚ ਇਲਾਕੇ ਦੇ ਸੱਟਾ ਕਿੰਗ ਤੇ ਮੁੱਖ ਖਾਈਵਾਲ ਰਾਜ ਕੁਮਾਰ ਵਾਸੀ ਸੇਖਾ ਰੋਡ ਗਲੀ ਨੰਬਰ 5 ਕਾਕੇ ਦੀਆਂ ਬੇਰੀਆਂ ਬਰਨਾਲਾ ਅਤੇ ਰਵਿੰਦਰ ਕੁਮਾਰ ਰਿੰਕੂ ਵਾਸੀ ਗਲੀ ਨੰਬਰ 4 ਸੇਖਾ ਰੋਡ ਬਰਨਾਲਾ ਨੂੰ ਨਾਮਜ਼ਦ ਕਰਕੇ ਗਿਰਫਤਾਰ ਕੀਤਾ ਹੈ। ਦੋਵੇਂ ਦੋਸ਼ੀਆਂ ਨੂੰ ਮੌਕੇ ਤੋਂ ਹੀ ਗਿਰਫਤਾਰ ਵੀ ਕਰ ਲਿਆ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਸੀ.ਆਈ.ਏ ਸਟਾਫ ਬਰਨਾਲਾ ‘ਚ ਤਾਇਨਾਤ ਏ.ਐਸ.ਆਈ ਨਾਇਬ ਸਿੰਘ ਅਨੁਸਾਰ ਉਨਾਂ ਨੂੰ ਸੋਰਸ ਤੋਂ ਸੂਚਨਾ ਮਿਲੀ ਕਿ ਦੋਵੇਂ ਦੋਸ਼ੀ ਸੇਖਾ ਫਾਟਕ ਦੇ ਨਜਦੀਕ ਸ਼ਰੇਆਮ ਉੱਚੀ ਉੱਚੀ ਬੋਲ ਕੇ ਆਮ ਲੋਕਾਂ ਨੂੰ ਕਹਿ ਕੇ ਖਾਈਬਾਈ ਕਰ ਰਹੇ ਹਨ, ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਰਕੇ, ਦੋਸ਼ੀਆਂ ਖਿਲਾਫ ਜੁਰਮ 13 ਏ/03/067 ਗੈਂਬਲਿੰਗ ਐਕਟ ਤਹਿਤ ਥਾਣਾ ਸਿਟੀ 2 ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਉਨਾਂ ਦੇ ਕਬਜ਼ੇ ਵਿੱਚੋਂ 4900 ਰੁਪਏ ਦੀ ਬਰਾਮਦਗੀ ਕੀਤੀ ਗਈ ਹੈ।
ਕੇਸ ਨੰਬਰ -3 ) ਥਾਣਾ ਸਿਟੀ 1 ਬਰਨਾਲਾ ਵਿਖੇ ਦਰਜ਼ ਐਫ.ਆਈ.ਆਰ ਵਿੱਚ ਮੋਹਿਤ ਕੁਮਾਰ ਵਾਸੀ ਨੇੜੇ ਮੌੜਾਂ ਵਾਲੀ ਕੁਟੀਆ, ਜੰਡਾਂ ਵਾਲਾ ਰੋਡ ਬਰਨਾਲਾ ਅਤੇ ਦਿਨੇਸ਼ ਕੁਮਾਰ ਵਾਸੀ ਸੇਖਾ ਰੋਡ ਬਰਨਾਲਾ ਨੂੰ ਗਿਰਫਤਾਰ ਕੀਤਾ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਸੀ.ਆਈ.ਏ ਸਟਾਫ ਬਰਨਾਲਾ ‘ਚ ਤਾਇਨਾਤ ਏ.ਐਸ.ਆਈ ਬਲਕਰਨ ਸਿੰਘ ਅਨੁਸਾਰ ਉਨਾਂ ਨੂੰ ਸੋਰਸ ਤੋਂ ਸੂਚਨਾ ਮਿਲੀ ਕਿ ਦੋਵੇਂ ਜਣੇ ਬਰਨਾਲਾ ਦੇ ਪੁਰਾਣਾ ਸਿਨੇਮਾ ਦੇ ਨੇੜੇ ਭੋਲੇ ਭਾਲੇ ਲੋਕਾਂ ਨੂੰ ਕਹਿ ਕੇ ਖਾਈਬਾਈ ਕਰ ਰਹੇ ਸਨ ਕਿ ਜਿਹੜਾ ਵੀ ਉਨਾਂ ਕੋਲ 1 ਰੁਪਏ ਲਗਾਏਗਾ, ਉਸਨੂੰ ਨੰਬਰ ਆਉਣ ਤੇ 1 ਰੁਪਏ ਬਦਲੇ 70 ਰੁਪਏ ਦਿਆਂਗੇ। ਉਨਾਂ ਦੱਸਿਆ ਕਿ ਦੋਸ਼ੀਆਂ ਨੂੰ ਮੌਕੇ ਤੋਂ ਗਿਰਫਤਾਰ ਕਰਕੇ 5600 ਰੁਪਏ ਬਰਾਮਦ ਕੀਤੇ ਗਏ, ਦੋਵਾਂ ਦੋਸ਼ੀਆਂ ਖਿਲਾਫ ਅਧੀਨ ਜੁਰਮ 13 ਏ/03/067 ਗੈਂਬਲਿੰਗ ਐਕਟ ਤਹਿਤ ਥਾਣਾ ਸਿਟੀ 1 ਵਿਖੇ ਕੇਸ ਦਰਜ਼ ਕੀਤਾ ਗਿਆ ਹੈ।
ਕੇਸ ਨੰਬਰ -4 ) ਥਾਣਾ ਸਿਟੀ 1 ਬਰਨਾਲਾ ਵਿਖੇ ਦਰਜ਼ ਐਫ.ਆਈ.ਆਰ ਵਿੱਚ ਅੰਕੁਸ਼ ਸ਼ਰਮਾ ਵਾਸੀ ਕੇ.ਸੀ. ਰੋਡ ਬਰਨਾਲਾ ਨੂੰ ਗਿਰਫਤਾਰ ਕੀਤਾ ਗਿਆ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਸੀ.ਆਈ.ਏ ਸਟਾਫ ਬਰਨਾਲਾ ‘ਚ ਤਾਇਨਾਤ ਏ.ਐਸ.ਆਈ ਬਲਜੀਤ ਸਿੰਘ ਅਨੁਸਾਰ ਉਨਾਂ ਨੂੰ ਸੋਰਸ ਤੋਂ ਸੂਚਨਾ ਮਿਲੀ ਕਿ ਦੋਸ਼ੀ ਰਾਮਗੜੀਆ ਰੋਡ ਦੇ ਨੇੜੇ ਰੋਡੇ ਫਾਟਕ ਕੋਲ ਭੋਲੇ ਭਾਲੇ ਲੋਕਾਂ ਨੂੰ ਇਹ ਕਹਿ ਕੇ ਖਾਈਬਾਈ ਕਰ ਰਿਹਾ ਹੈ ਕਿ ਜੋ ਵੀ ਉਨਾਂ ਕੋਲ 1 ਰੁਪਏ ਦਾ ਦੜਾ ਸੱਟਾ ਲਗਵਾਏਗਾ, ਉਸ ਨੂੰ ਨੰਬਰ ਆਉਣ ਪਰ 1 ਰੁਪਏ ਬਦਲੇ 70 ਰੁਪਏ ਦਿਆਂਗਾ। ਪੁਲਿਸ ਪਾਰਟੀ ਨੇ ਦੋਸ਼ੀ ਨੂੰ ਗਿਰਫਤਾਰ ਕਰਕੇ,ਉਸਦੇ ਕਬਜ਼ੇ ਵਿੱਚੋਂ 2500 ਰੁਪਏ ਬਰਾਮਦ ਕੀਤੇ ਗਏ। ਐਸ.ਪੀ. ਪੀਬੀਆਈ ਜਗਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਦੜੇ ਸੱਟੇ ਦੇ ਗਿਰਫਤਾਰ ਦੋਸ਼ੀਆਂ ਕੋਲੋ ਦੜੇ ਸੱਟੇ ਦੀਆਂ ਪਰਚੀਆਂ, ਬਾਲ ਪੈੱਨ ਅਤੇ ਕੁੱਲ 17 ਹਜ਼ਾਰ 340 ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ ਹਨ। ਉਨਾਂ ਦੱਸਿਆ ਕਿ ਖਾਈਵਾਲ ਰਾਜ ਕੁਮਾਰ ਉਰਫ ਰਾਜੂ ਦੇ ਖਿਲਾਫ ਪਹਿਲਾਂ ਵੀ 9 ਕੇਸ ਦਰਜ਼ ਹਨ। ਉਨਾਂ ਦਾਅਵਾ ਕੀਤਾ ਕਿ ਸ਼ਹਿਰ ਅੰਦਰ ਦੜੇ ਸੱਟੇ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਅਨਸਰਾਂ ਖਿਲਾਫ ਸਖਤੀ ਕੀਤੀ ਜਾਵੇਗੀ।