ਰਣਸੀਂਹ ਕਲਾਂ :ਵਾਤਾਵਰਨ ਬਚਾਉਣ ਲਈ ਰੱਖੀ ਇਨਕਲਾਬ ਦੀ ਨੀਂਹ
ਅਸ਼ੋਕ ਵਰਮਾ, ਮੋਗਾ, 01ਸਤੰਬਰ 2021
ਮੋਗਾ ਜਿਲ੍ਹੇ ਦੇ ਪਿੰਡ ਰਣਸੀਹ ਕਲਾਂ ਨੇ ਹੁਣ ਵਾਤਾਵਰਨ ਦੇ ਪੱਖ ਤੋਂ ਪੰਜਾਬੀਆਂ ਨੂੰ ਨਵਾਂ ਰਾਹ ਦਿਖਾਇਆ ਹੈ ਜਦੋਂਕਿ ਇਸ ਪਿੰਡ ਦੀ ਭੂਮਿਕਾ ਪਹਿਲਾਂ ਵੀ ਇਨਕਲਾਬੀ ਰਹੀ ਹੈ । ਪੇਂਡੂ ਪੰਜਾਬ ਦੇ ਨਕਸ਼ੇ ’ਤੇ ਉਦੋਂ ਨਵਾਂ ਰੰਗ ਭਰਿਆ ਜਦੋਂ ਪ੍ਰੀਤਇੰਦਰਪਾਲ ਸਿੰਘ ਉਰਫ ਮਿੰਟੂ ਸਰਪੰਚ ਨੇ ਸੰਕਲਪ ਲਿਆ ਕਿ ਪਿੰਡ ’ਚ ਹਰ ਇੱਕ ਰੁੱਖ ਲਾਉਣ ਬਦਲੇ 100 ਰੁਪਿਆ ਨਕਦ ਮਿਲੇਗਾ। ਪੰਚਾਇਤ ਅਤੇ ਪੇਂਡੂ ਵਿਕਾਸ ਕਮੇਟੀ ਨੇ ‘ਰੁੱਖ ਲਾਓ,ਵਾਤਾਵਰਨ ਬਚਾਓ, ਪੈਸੇ ਕਮਾਓ’ ਦਾ ਨਾਅਰਾ ਦਿੱਤਾ ਹੈ। ਸਮੁੱਚੀ ਪੰਚਾਇਤ ਨੇ ਸਰਪੰਚ ਦੇ ਇਸ ਫੈਸਲੇ ਦੀ ਹਮਾਇਤ ਕੀਤੀ ਅਤੇ ਪਿੰਡ ਨੂੰ ਪੂਰੀ ਤਰਾਂ ਹਰਿਆ ਭਰਿਆ ਬਨਾਉਣ ਦਾ ਨਵਾਂ ਮਾਡਲ ਪੇਸ਼ ਕੀਤਾ ਹੈ। ਪੰਜਾਬ ਦਾ ਇਹ ਪਹਿਲਾ ਪਿੰਡ ਹੈ ਜਿੱਥੇ ਮਿੰਟੂ ਸਰਪੰਚ ਦੀ ਅਗਵਾਈ ਹੇਠ ਨੌਜਵਾਨਾਂ ਨੇ ਏਦਾਂ ਦਾ ਹੰਭਲਾ ਮਾਰਿਆ ਹੈ ਜੋ ਹੋਰਨਾਂ ਲਈ ਪ੍ਰੇਰਣਾਦਾਇਕ ਹੈ।
ਇਸ ਨਾਅਰੇ ਤਹਿਤ ਪੰਚਾਇਤ ਨੇ ਫਲਦਾਰ ਰੁੱਖ ਵੰਡਣੇ ਸ਼ੁਰੂ ਕੀਤੇ ਹੋਏ ਹਨ ਜਿੰਨ੍ਹਾਂ ਦੇ ਨਾਲੋ ਨਾਲ ਪੈਸੇ ਦਿੱਤੇ ਜਾ ਰਹੇ ਹਨ। ਮਿੰਟੂ ਸਰਪੰਚ ਆਖਦਾ ਹੈ ਕਿ ਜਾਮਣ, ਅੰਬ, ਅਮਰੂਦ ਅਤੇ ਹੋਰ ਕਈ ਤਰਾਂ ਦੇ ਫਲਾਂ ਨਾਲ ਸਬੰਧਤ ਪੌਦੇ ਵੰਡੇ ਜਾ ਰਹੇ ਹਨ। ਪੰਚਾਇਤ ਦਾ ਮੰਨਣਾ ਹੈ ਕਿ ਇੰਨ੍ਹਾਂ ਪੌਦਿਆਂ ਦੇ ਵੱਡੇ ਹੋਣ ਤੋਂ ਬਾਅਦ ਆਬੋ ਹਵਾ ’ਚ ਤਬਦੀਲੀ ਆਏਗੀ ਜਦੋਂਕਿ ਫਲ ਪਿੰਡ ਵਾਸੀਆਂ ਨੂੰ ਸਿਹਤਮੰਦ ਰੱੱਖਣ ਲਈ ਸਹਾਈ ਹੋਣਗੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਇੰਨ੍ਹਾਂ ਫਲਾਂ ਨੂੰ ਵੇਚਣਾ ਚਾਹੇਗਾ ਤਾਂ ਕੋਈ ਰੋਕ ਟੋਕ ਨਹੀਂ ਹੋਵੇਗੀ। ਮਹੱਤਵਪੂਰਨ ਤੱਥ ਹੈ ਕਿ ਪੌਦਿਆਂ ਦੇ ਪਾਲਣ ਪੋਸ਼ਣ ’ਚ ਆਉਣ ਵਾਲੀਆਂ ਦਿੱਕਤਾਂ ਨੂੰ ਦੇਖਦਿਆਂ ਪੰਚਾਇਤ ਨੇ ਲੋੜ ਪੈਣ ਤੇ ਮਾਲੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ । ਪਿੰਡ ਵਾਸੀਆਂ ’ਚ ਇਸ ਯੋਜਨਾ ਨੂੰ ਲੈਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਮੋਗਾ ਦੇ ਪਿੰਡ ਰਣਸੀਹ ਕਲਾਂ ’ਚ ਵਾਤਾਵਰਨ ਸੰਭਾਲ ਲਈ ਲੋਕਾਂ ਦੀ ਸੋਚ ਦਾ ਇਹ ਇੱਕ ਨਮੂਨਾ ਹੈ ਜਿਸ ਲਈ ਸਮੁੱਚਾ ਪਿੰਡ ਪੰਜਾਬ ਲਈ ਮਿਸਾਲ ਬਣਨ ਜਾ ਰਿਹਾ ਹੈ। ‘ਸਵੱਛ ਭਾਰਤ’ ਦੇਖਣਾ ਹੋਵੇ ਤਾਂ ਪਿੰਡ ਰਣਸੀਂਹ ਕਲਾਂ ਵਿਚੋਂ ਝਲਕਦਾ ਹੈ। ਮੋਗਾ ਜਿਲ੍ਹੇ ਦੇ ਬਲਾਕ ਨਿਹਾਲ ਸਿੰਘ ਵਾਲਾ ਵਰਗੀ ਧਰਤੀ ਹੇਠਲੇ ਪਾਣੀ ਦੇ ਪੱਧਰ ਪੱਖੋਂ ਡਾਰਕ ਜੋਨ ਬੈਲਟ ਵਿਚ ਪੈਂਦਾ ਇਹ ਪਿੰਡ ਹੁਣ ਮਹਿਕਾਂ ਛੱਡਣ ਲੱਗਾ ਹੈ। ਪਿੰਡ ਦੇ ਨੌਜਵਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਿੱਥੇ ਜਿੱਥੇ ਪਹਿਲਾਂ ਹਰਿਆਲੀ ਵਿਕਸਤ ਕੀਤੀ ਹੈ ਉਸਦਾ ਐਨਾ ਅਸਰ ਹੋਇਆ ਹੈ ਕਿ ਲੋਕ ਤਣਾਓ ਮੁਕਤ ਹੋਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀ ਨੌਜਵਾਨ ਪੀੜ੍ਹੀ ਹੁਣ ਬਹੁਤ ਹੀ ਚੰਗੇ ਰਾਹ ਪੈ ਗਈ ਹੈ ਅਤੇ ਤੱਤੇ ਸੁਭਾਅ ਵਾਲੇ ਤਾਂ ਹੁਣ ਪੂਰੀ ਮਿੱਠਤ ਨਾਲ ਗੱਲ ਕਰਨ ਲੱਗੇ ਹਨ ਜੋਕਿ ਆਉਣ ਵਾਲੀਆਂ ਨਸਲਾਂ ਲਈ ਚੰਗਾ ਸ਼ਗਨ ਹੈ।
ਦੱਸਣਯੋਗ ਹੈ ਕਿ ਨੌਜਵਾਨ ‘ਮਿੰਟੂ ਸਰਪੰਚ’ ਨੇ ਕੈਨੇਡਾ ਦੀ ਪੱਕੀ ਰਿਹਾਇਸ਼ ਨੂੰ ਠੋਕਰ ਮਾਰਕੇ ਜਦੋਂ ਪਿੰਡ ਵਾਸੀਆਂ ਅੱਗੇ ਆਪਣੀ ਯੋਜਨਾ ਰੱਖੀ ਤਾਂ ਉਨ੍ਹਾਂ ਨੇ ਭਰੋਸਾ ਜਤਾਇਆ। ਪਿੰਡ ਦੇ ਮੁੰਡਿਆਂ ਨੇ ਮਿੰਟੂ ਸਰਪੰਚ ਹੱਥ ਮਿਲਾਏ ਅਤੇ ਦਾਨੀ ਸੱਜਣਾਂ ਨੇ ਵੱਡਾ ਜਿਗਰਾ ਦਿਖਾਇਆ ਤਾਂ ਜਵਾਨੀ ਦੇ ਜਨੂੰਨ ਨੇ ਪੂਰੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਵਿਕਾਸ ਕਮੇਟੀ ਦੀ ਦੇਖ ਰੇਖ ’ਚ ਪਿੰਡ ’ਚ ਸੀਵਰੇਜ਼ ਲਾਈਨਾ ਵਿਛਾਈਆਂ ਗਈਆਂ ਹਨ। ਸੀਵਰੇਜ਼ ਦਾ ਪਾਣੀ ਸੋਧਣ ਪਿੱਛੋਂ ਖੇਤੀ ਲਈ ਮੁਫਤ ਦਿੱਤਾ ਜਾਂਦਾ ਹੈ । ਪਿੰਡ ’ਚ ਝੀਲ ਅਤੇ ਲਾਇਬਰੇਰੀ ਬਣਾਈ ਗਈ ਹੈ ਅਤੇ ਵਿਕਾਸ ਨਾਲ ਸਬੰਧਤ ਕਈ ਨਮੂਨੇ ਪੇਸ਼ ਕੀਤੇ ਗਏ ਹਨ। ਵਾਤਵਰਨ ਦੀ ਰਾਖੀ ਅਤੇ ਸੀਵਰੇਜ਼ ਨੂੰ ਬੰਦ ਹੋਣ ਤੋਂ ਬਚਾਉਣ ਲਈ ਪਲਾਸਟਿਕ ਬਦਲੇ ਖੰਡ ਦਿੱਤੀ ਜਾਂਦੀ ਹੈ। ਪਿੰਡ ਰਣਸੀਂਹ ਕਲਾਂ ਨੂੰ ਕੇਂਦਰ ਸਰਕਾਰ ਵੱਲੋਂ ਕੌਮੀ ਪੁਰਸਕਾਰਾਂ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।
ਵਾਤਾਵਰਨ ਖਾਤਰ ਪਹਿਲਕਦਮੀ : ਮਿੰਟੂ ਸਰਪੰਚ
ਪ੍ਰੀਤਇੰਦਰਪਾਲ ਸਿੰਘ ਉਰਫ ਮਿੰਟੂ ਸਰਪੰਚ ਦਾ ਕਹਿਣਾ ਸੀ ਕਿ ਵਾਤਾਵਰਨ ਬਚਾਉਣ ਲਈ ਅਣਥੱਕ ਯਤਨ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰੇਰਣਾ ਤਹਿਤ ਇਹ ਪ੍ਰਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਮੌਜੂਦਾ ਦੌਰ ’ਚ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ ਹਰੇ ਇਨਕਲਾਬ ਰਾਹੀਂ ਮੁਲਕ ਦੇ ਭੰਡਾਰ ਤਾਂ ਭਰ ਦਿੱਤੇ ਪਰ ਇਹ ਮਨੁੱਖਤਾ ਲਈ ਸ਼ਰਾਪ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਮਸ਼ੀਨੀਕਰਨ ਕਰਕੇ ਖੇਤੀ ਤਾਂ ਆਸਾਨ ਹੋ ਗਈ ਪਰ ਵਾਤਾਵਰਣ ਨੂੰ ਅਜਿਹੀ ਮਾਰ ਪਈ ਜਿਸ ਤੋਂ ਹਾਲੇ ਤੱਕ ਸੰਭਲਿਆ ਨਹੀਂ ਜਾ ਸਕਿਆ ਹੈ। ਉਨ੍ਹਾਂ ਆਖਿਆ ਕਿ ਇਸੇ ਕਾਰਨ ਹੀ ਹੁਣ ਰੁੱਖ ਲਾਉਣ ਲਈ ਪਹਿਲਕਦਮੀ ਕੀਤੀ ਗਈ ਹੈ ਜਿਸ ਤਹਿਤ ਕਰੀਬ ਇੱਕ ਹਜਾਰ ਪੌਦੇ ਵੰਡੇ ਜਾ ਚੁੱਕੇ ਹਨ।
ਨੌਜਵਾਨਾਂ ਨੇ ਤਾਕਤ ਦਾ ਲੋਹਾ ਮਨਵਾਇਆ
ਸਿਦਕ ਫੋਰਮ ਦੇ ਆਗੂ ਅਤੇ ਸਮਾਜਸੇਵੀ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਪਿੰਡ ਰਣਸੀਂਹ ਕਲਾਂ ਦੇ ਨੌਜਵਾਨਾਂ ਨੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਹੈ ਜਿਸ ਦੀ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਘੱਟ ਹੈ। ਉਨ੍ਹਾਂ ਕਿਹਾ ਕਿ ਦਰੱਖਤਾਂ ਦੀ ਕੀਤੀ ਕਟਾਈ ਵਾਤਾਵਰਨ ਲਈ ਬੇਹੱਦ ਮਾਰੂ ਸਿੱਧ ਹੋਈ ਹੈ ਜਿਸ ਲਈ ਇਹ ਰੁੱਖ ਵਰਦਾਨ ਬਣਨਗੇ। ਉਨ੍ਹਾਂ ਆਖਿਆ ਕਿ ਜੇਕਰ ਸਾਰੇ ਹੀ ਪਿੰਡ ਰਣਸੀਂਹ ਕਲਾਂ ਦੀ ਤਰਾਂ ਸੋਚਣ ਤਾਂ ਵਾਤਾਵਰਨ ’ਚ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ।