3 ਦੋਸ਼ੀ ਮੋਟਰਸਾਇਲ ਤੇ ਆਏ, ਵਾਰਦਾਤ ਨੂੰ ਅੰਜਾਮ ਦੇ ਕੇ ਹੋਏ ਫੁਰਰ
ਗੁਰਸੇਵਕ ਸਹੋਤਾ , ਮਹਿਲ ਕਲਾਂ 1 ਸਤੰਬਰ 2021
ਬਰਨਾਲਾ ਤੋਂ ਮਹਿਲ ਕਲਾਂ ਵੱਲ ਜਾ ਰਹੇ ਐਸ.ਬੀ.ਆਈ. ਬੈਂਕ ਦੇ ਇੱਕ ਅਧਿਕਾਰੀ ਨੂੰ ਨੇ ਰਾਹ ਵਿੱਚ ਘੇਰ ਕੇ ਉਸ ਤੋਂ ਮੋਟਰ ਸਾਈਕਲ, ਲੈਪਟੌਪ ਅਤੇ ਹਜਾਰਾਂ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਿਦਿਆਂ ਹੀ ਪੁਲਿਸ ਨੇ ਦੋਸ਼ੀਆਂ ਦੀ ਤਲਾਸ਼ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਬਰਨਾਲਾ ਤੋਂ ਮਹਿਲ ਕਲਾਂ ਵੱਲ ਜਾ ਰਿਹਾ ਸੀ। ਜਦੋਂ ਉਹ ਸਹਿਜੜਾ ਪਿੰਡ ਨੇੜੇ ਪਹੁੰਚਿਆਂ ਤਾਂ ਮੋਟਰ ਸਾਈਕਲ ਤੇ ਸਵਾਰ ਤਿੰਨ ਅਣਪਛਾਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਹਮਲਾ ਕਰ ਦਿੱਤਾ ਅਤੇ ਲੁਟੇਰੇ ਉਸ ਦੀ ਜੇਬ ‘ਚੋਂ ਪੰਜ ਹਜ਼ਾਰ ਰੁਪਏ ਨਗਦੀ ,ਲੈਪਟਾਪ ਤੇ ਸਪਲੈਂਡਰ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ । ਡੀਐਸਪੀ ਮਹਿਲ ਕਲਾਂ ਕੁਲਦੀਪ ਸਿੰਘ ਨੇ ਪੁੱਛਣ ਤੇ ਲੁੱਟ ਦੀ ਵਾਰਦਾਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਦੀ ਸ਼ਨਾਖਤ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਨੀ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਇਲਾਕੇ ਦੀ ਸਖਤ ਨਾਕਾਬੰਦੀ ਵੀ ਕਰ ਦਿੱਤੀ। ਉਨਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਡੀਐਸਪੀ ਨੇ ਕਿਹਾ ਕਿ ਪੁਲਿਸ ਸੁਨੀਲ ਕੁਮਾਰ ਦੇ ਬਿਆਂਨ ਕਲਮਬੰਦ ਕਰ ਰਹੀ ਹੈ, ਲੁਟੇਰਿਆਂ ਦੇ ਖਿਲਾਫ ਕੇਸ ਦਰਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।