ਐਸ.ਡੀ.ਐਮ. ਨੇ ਵੱਡਾ ਅਰਾਈ ਮਾਜਰਾ ਦੇ ਮੋਹਕਮ ਸਿੰਘ ਤੇ ਮੁਰਾਦਪੁਰ ਦੇ ਪ੍ਰੀਤਮ ਸਿੰਘ ਦੇ ਘਰ ਜਾ ਕੇ ਕੀਤਾ ਸਨਮਾਨ
ਸੁਤੰਤਰਤਾ ਸੰਗਰਾਮੀਆਂ ਕਰਕੇ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਸਕੇ-ਚਰਨਜੀਤ ਸਿੰਘ
ਬਲਵਿੰਦਰਪਾਲ, ਪਟਿਆਲਾ, 9 ਅਗਸਤ 2021
ਭਾਰਤ ਛੱਡੋ ਅੰਦੋਲਨ ਦੀ ਅੱਜ ਵਰ੍ਹੇਗੰਢ ਮੌਕੇ, ਇਸ ਲਹਿਰ ‘ਚ ਆਪਣਾ ਹਿੱਸਾ ਪਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਦੋ ਸੁਤੰਤਰਤਾ ਸੰਗਰਾਮੀਆਂ ਦਾ ਸਨਮਾਨ ਕੀਤਾ ਗਿਆ। ਸਨੌਰੀ ਅੱਡਾ ਨੇੜੇ ਪਿੰਡ ਵੱਡਾ ਅਰਾਈ ਮਾਜਰਾ ਵਿਖੇ 97 ਸਾਲਾ ਸ. ਮੋਹਕਮ ਸਿੰਘ, ਜਿਨ੍ਹਾਂ ਨੇ 9 ਮਹੀਨੇ ਅੰਗਰੇਜ਼ ਹਕੂਮਤ ਦੀ ਕੈਦ ਕੱਟੀ ਸੀ ਸਮੇਤ ਰਾਜਪੁਰਾ ਰੋਡ ‘ਤੇ ਸਥਿਤ ਪਿੰਡ ਮੁਰਾਦਪੁਰ ਵਿਖੇ ਰਹਿੰਦੇ ਅਤੇ ਇਸੇ ਅੰਦੋਲਨ ‘ਚ ਬਹੁਤ ਛੋਟੀ ਉਮਰੇ, 1 ਸਾਲ ਦੀ ਸਜ਼ਾ ਕੱਟਣ ਵਾਲੇ 91 ਸਾਲਾ ਸ. ਪ੍ਰੀਤਮ ਸਿੰਘ ਨੂੰ, ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ ਨੇ ਉਨ੍ਹਾਂ ਦੇ ਘਰਾਂ ‘ਚ ਜਾਕੇ ਸਨਮਾਨਤ ਕੀਤਾ।ਸ. ਮੋਹਕਮ ਸਿੰਘ ਨੇ ਕਿਹਾ ਕਿ ਉਹ ਦੇਸ਼ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰਬਰ 120 ‘ਚ ਰਹਿੰਦੇ ਸਨ ਤਾਂ 1942 ‘ਚ ਮਹਾਤਮਾ ਗਾਂਧੀ ਵੱਲੋਂ ਚਲਾਏ ਗਏ ਭਾਰਤ ਛੱਡੋ ਅੰਦੋਲਨ ‘ਚ 9 ਅਗਸਤ ਨੂੰ ਉਨ੍ਹਾਂ ਨੂੰ ਅੰਗਰੇਜ ਹਕੂਮਤ ਨੇ ਗ੍ਰਿਫ਼ਤਾਰ ਕਰਕੇ ਲਾਹੌਰ ਜੇਲ ‘ਚ ਭੇਜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਵਰਿਆਮ ਸਿੰਘ ਵੀ 1919 ਦੇ ਮੋਰਚੇ ‘ਚ ਅੰਗਰੇਜ ਹਕੂਮਤ ਦੀ ਕੈਦ ਕੱਟ ਚੁੱਕੇ ਸਨ।ਇਸੇ ਤਰ੍ਹਾਂ ਹੀ ਸ. ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਦੌਰਾਨ 9-10 ਸਾਲ ਦੀ ਉਮਰ ‘ਚ ਆਪਣੇ ਪਿੰਡ, ਚੱਕ 445, ਜ਼ਿਲ੍ਹਾ ਲਾਇਲਪੁਰ, ਤੋਂ ਗਏ ਇੱਕ ਜਥੇ ਨਾਲ ਗ੍ਰਿਫ਼ਤਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ 1 ਸਾਲ ਦੀ ਕੈਦ ਕੱਟਕੇ ਆਏ। ਦੋਵਾਂ ਸੁਤੰਤਰਤਾ ਸੰਗਰਾਮੀਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਬਾਅਦ ਉਹ ਪੰਜਾਬ ਆਕੇ ਵੱਸ ਗਏ ਸਨ।
ਇਸ ਮੌਕੇ ਐਸ.ਡੀ.ਐਮ. ਸ. ਚਰਨਜੀਤ ਸਿੰਘ ਨੇ, ਦੋਵਾਂ ਆਜ਼ਾਦੀ ਘੁਲਾਟੀਆਂ ਨੂੰ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਸਨਮਾਨਤ ਕਰਨ ਮਗਰੋਂ ਆਖਿਆ ਕਿ ਅਜਿਹੇ ਦੇਸ਼ ਭਗਤਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਨ੍ਹਾਂ ਸੁਤੰਤਰਤਾ ਸੰਗਰਾਮੀਆਂ ਨੂੰ ਨਮਨ ਕਰਦੀ ਹੈ। ਇਸ ਮੌਕੇ ਐਸ.ਡੀ.ਐਮ. ਦਫ਼ਤਰ ਦੇ ਸੁਪਰਡੈਂਟ ਰਾਜੇਸ਼ ਵਾਲੀਆ ਸਮੇਤ ਹੋਰ ਪਤਵੰਤੇ ਮੌਜੂਦ ਸਨ।