ਅਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ ਸਪੈਸ਼ਲ ਨਾਕਾਬੰਦੀ
ਦਵਿੰਦਰ ਡੀਕੇ, ਖੰਨਾ, 09 ਅਗਸਤ 2021
ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਿੱਥੇ ਪ੍ਰਸ਼ਾਸਨ ਵੱਲੋਂ ਅਜ਼ਾਦੀ ਦਿਹਾੜੇ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਪੰਜਾਬ ਪੁਲਸ ਵਲੋਂ ਸਖਤਾਈ ਵੀ ਕੀਤੀ ਜਾ ਰਹੀ ਹੈ । ਜਿਸ ਦੇ ਮੱਦੇਨਜ਼ਰ ਪੁਲਸ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਵੀ ਕਰ ਰਹੀ ਹੈ , ਇਸੇ ਦੌਰਾਨ ਲੁਧਿਆਣਾ ਦੇ ਖੰਨਾ ਚ ਪੁਲਸ ਨੇ ਵੱਡੀ ਪ੍ਰਾਪਤੀ ਕਰਦਿਆਂ ਲੱਖਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ ।
ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਅਜਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਲਾਕਾ ਥਾਣਾ ਵਿੱਚ ਸਪੈਸ਼ਲ ਨਾਕਾਬੰਦੀ ਸਬੰਧੀ ਮੁਹਿੰਮ ਦੌਰਾਨ ਸ਼੍ਰੀ ਹਰਦੀਪ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ ਪਾਇਲ, ਥਾਣੇਦਾਰ ਨਛੱਤਰ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਅਨੁਸਾਰ ਥਾਣੇਦਾਰ ਪਵਿੱਤਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਸਪੈਸ਼ਲ ਨਾਕਾਬੰਦੀ ਸਬੰਧੀ ਐਫ.ਸੀ.ਆਈ ਗੋਦਾਮਾ ਦੇ ਸਾਹਮਣੇ ਜੀ.ਟੀ ਰੋਡ ਦੋਰਾਹਾ ਪਾਸ ਮੌਜੂਦ ਸੀ ਤਾ ਖੰਨਾ ਸਾਈਡ ਵੱਲੋ ਇੱਕ ਗੱਡੀ ਨੰਬਰ ਡੀ.ਐਲ.-01-ਜੈਡ.ਡੀ.-1068 (DL-01-ZD-1068) ਮਾਰਕਾ ਸਵਿੱਫਟ ਡਿਜਾਇਅਰ ਰੰਗ ਚਿੱਟਾ ਆਈ, ਜਿਸਨੂੰ ਨਾਕਾਬੰਦੀ ਪਰ ਚੈਕਿੰਗ ਕਰਨ ਲਈ ਰੋਕਿਆ ਗਿਆ।ਜੋ ਉਕਤ ਨੰਬਰੀ ਕਾਰ ਦੇ ਡਰਾਇਵਰ ਨੇ ਆਪਣਾ ਨਾਮ ਪਲਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗਲੀ ਨੰਬਰ 14, ਗਣੇਸ਼ ਨਗਰ ਕੰਪਲੈਕਸ਼, ਥਾਣਾ ਪਾਡਵ ਨਗਰ ਨਵੀ ਦਿੱਲੀ ਦੱਸਿਆ ਅਤੇ ਕਾਰ ਦੀ ਪਿਛਲੀ ਸੀਟ ਪਰ ਬੈਠੀ ਲੜਕੀ ਨੇ ਆਪਣਾ ਨਾਮ ਪਤਾ ਪ੍ਰਿੰਸਸ ਚਿਨਯੋਏ (Princess Chinoye) ਪੁੱਤਰੀ ਆਦੇਸ਼ੀ ਵਾਸੀ ਮਕਾਨ ਨੰਬਰ 19, ਅਡਜੇਯੂ ਕਰੈਸਕਕੈਟ, ਆਜੇਓ ਲਾਗੋਸ, ਨਾਈਜੀਰੀਆ ਹਾਲ ਵਾਸੀ ਉੱਤਮ ਨਗਰ ਨਵੀ ਦਿੱਲੀ ਦੱਸਿਆ।
ਕਾਰ ਨੰਬਰੀ ਉਕਤ ਦੀ ਪਿਛਲੀ ਸੀਟ ਪਰ ਪਏ ਪਾਰਦਰਸੀ ਲਿਫਾਫੇ ਵਿੱਚੋ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ । ਜਿਸ ਤੇ ਮੁੱਕਦਮਾ ਨੰਬਰ 125 ਮਿਤੀ 08.08.2021 ਜੁਰਮ 21/25-61-85 ਐਨ.ਡੀ.ਪੀ.ਐਸ਼ ਐਕਟ ਥਾਣਾ ਦੋਰਾਹਾ ਦਰਜ ਕਰਕੇ ਦੋਸੀਆ ਉਕੱਤਾਨ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਇਹ ਖੇਪ ਦਿੱਲੀ ਤੋਂ ਲੈ ਕੇ ਆ ਰਹੇ ਸੀ ਤੇ ਅੰਮ੍ਰਿਤਸਰ ਦੇ ਏਰੀਆਂ ਵਿੱਚ ਸਪਲਾਈ ਕਰਨੀ ਸੀ। ਪਲਵਿੰਦਰ ਸਿੰਘ ਅਤੇ ਪ੍ਰਿੰਸਸ ਚਿਨਯੋਏ (Princess Chinoye) ਪਾਸੋ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਇਹ ਗਰੁੱਪ ਤਰਨਤਾਰਨ ਦੇ ਏਰੀਆਂ ਵਿੱਚ ਪਹਿਲਾ ਵੀ ਨਸ਼ੇ ਦੀ ਸਪਲਾਈ ਦੇ ਚੁੱਕਾ ਹੈ। ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।