ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ 10 ਵਿਅਕਤੀ ਬਾਇੱਜ਼ਤ ਬਰੀ
ਅਸ਼ੋਕ ਵਰਮਾ, ਬਠਿੰਡਾ , 4 ਅਗਸਤ 2021:
ਬਠਿੰਡਾ ਜਿਲ੍ਹੇ ਦੇ ਪਿੰਡ ਹਮੀਰਗੜ੍ਹ ਦੇ ਵਾਸੀ ਬਜ਼ੁਰਗ ਜਰਨੈਲ ਸਿੰਘ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲਾ ਕੇ ਫੂਲ ਅਦਾਲਤ ’ਚ ਪਾਏ ਇਸਤਗਾਸੇ ਨੂੰ ਲੈਕੇ ਅੱਜ ਅਦਾਲਤ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਥਾਣਾ ਦਿਆਲਪੁਰਾ ਭਾਈ ਦੇ ਤੱਤਕਾਲੀ ਮੁੱਖ ਥਾਣਾ ਅਫਸਰ ਸਮੇਤ 10 ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ ।
ਦੱਸਣਯੋਗ ਹੈ ਕਿ ਸਾਲ 2015 ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਗੁੱਸੇ ’ਚ ਆਏ ਹਮੀਰਗੜ੍ਹ ਵਾਸੀ ਜਰਨੈਲ ਸਿੰਘ ਨੇ ਅਕਾਲੀ ਦਲ ਵੱਲੋਂ ਸਦਭਾਵਨਾ ਰੈਲੀ ਦੇ ਸਬੰਧ ਵਿੱਚ ਰੱਖੇ ਇੱਕ ਪ੍ਰੋਗਰਾਮ ਦੌਰਾਨ ਪੁਲਿਸ ਦੀ ਵੱਡੀ ਨਫਰੀ ਦੀ ਮੌਜੂਦਗੀ ਵਿੱਚ ਤੱਤਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ‘ਤੇ ਹਮਲਾ ਕਰਨ ਦਾ ਯਤਨ ਕੀਤਾ ਸੀ । ਉਸ ਵਕਤ ਇਹ ਵੀ ਚਰਚਾ ਸੀ ਕਿ ਜਰਨੈਲ ਸਿੰਘ ਦੀ ਕੁੱਝ ਪ੍ਰਾਈਵੇਟ ਬੰਦਿਆਂ ਨੇ ਕੁੱਟਮਾਰ ਕੀਤੀ ਹੈ।
ਥਾਣਾ ਦਿਆਲਪੁਰਾ ਪੁਲਿਸ ਨੇ ਸਿਕੰਦਰ ਸਿੰਘ ਮਲੂਕਾ ਤੇ ਹਮਲਾ ਕਰਨ ਦੇ ਮਾਮਲੇ ਨੂੰ ਲੈ ਕੇ ਬਜ਼ੁਰਗ ਜਰਨੈਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਪੁਲਿਸ ਨੇ ਜਰਨੈਲ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਜਿੱਥੋਂ ਉਸ ਨੂੰ 1 ਦਸੰਬਰ 2015 ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਜਰਨੈਲ ਸਿੰਘ ਨੇ ਇਸ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਨਗਰ ਪੰਚਾਇਤ ਮਹਿਰਾਜ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਨਗਰ ਪੰਚਾਇਤ ਭਗਤਾ ਭਾਈ ਦੇ ਮੌਜੂਦਾ ਪ੍ਰਧਾਨ ਬੂਟਾ ਸਿੰਘ ਸਿੱਧੂ, ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਧੁੰਨਾ, ਗੁਰਲਾਲ ਸਿੰਘ ਲਾਲੀ ਸਿਧਾਣਾ, ਹਰਪਿੰਦਰ ਸਿੰਘ ਹੈਪੀ, ਦਰਬਾਰਾ ਸਿੰਘ ਅਤੇ ਕਮਲਜੀਤ ਸਿੰਘ ਸਿਧਾਣਾ ਖਿਲਾਫ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਇੰਨ੍ਹਾਂ ਖ਼ਿਲਾਫ਼ ਅਦਾਲਤ ‘ਚ ਇਸਤਗਾਸਾ ਦਾਇਰ ਕਰ ਦਿੱਤਾ ਸੀ ਜਿੱਥੋ ਅੱਜ ਇਹ ਰਾਹਤ ਵਾਲਾ ਫੈਸਲਾ ਆਇਆ ਹੈ।