ਬੀਕੇਯੂ ਏਕਤਾ ਡਕੌਂਦਾ ਬਲਾਕ ਬਰਨਾਲਾ ਦੀ ਮੀਟਿੰਗ, ਪੋਸਟਰ ਜਾਰੀ ਕਰਕੇ ਉਲੀਕੀ ਵਿਉਂਤਬੰਦੀ
ਪਰਦੀਪ ਕਸਬਾ, ਬਰਨਾਲਾ, 4 ਅਗਸਤ 2021
ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਪਰਮਿੰਦਰ ਹੰਢਿਆਇਆ ਦੀ ਪ੍ਰਧਾਨਗੀ’ਚ ਰਿਲਾਇੰਸ ਮਾਲ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸਾਰੇ ਪਿੰਡਾਂ ਦੇ ਆਗੂਆਂ ਨੇ ਪੂਰੀ ਸ਼ਿੱਦਤ ਨਾਲ ਭਾਗ ਲਿਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ’ਤੇ ਪੂੱਜੇ ਸੂਬਾ ਆਗੂ ਬਲਵੰਤ ਉੱਪਲੀ ਅਤੇ ਜਿਲ੍ਹਾ ਆਗੂ ਗੁਰਦੇਵ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ ਨੇ ਦਿੱਲੀ ਟਿੱਕਰੀ,ਸਿੰਘੂ ਸਮੇਤ ਪੰਜਾਬ ਅੰਦਰ ਵੱਖੋ ਵੱਖ ਥਾਵਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਅਤੇ ਮੋਦੀ ਹਕੂਮਤ ਵੱਲੋਂ ਕਿਸਾਨ ਅੰਦੋਲਨ ਨੂੰ ਪਾੜ੍ਹਨ ਖਿੰਡਾਉਣ ਦੀਆਂ ਸਾਜਿਸ਼ਾਂ ਬਾਰੇ ਖੁੱਲਕੇ ਵਿਚਾਰ ਚਰਚਾ ਕੀਤੀ।
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਵੱਲੋਂ 24 ਵੇਂ ਬਰਸੀ ਸਮਾਗਮ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਨ ਬਾਰੇ ਲਏ ਇਤਿਹਾਸਕ ਫੈਸਲੇ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਆਗੂਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ ਅਤੇ ਬਿਜਲੀ ਸੋਧ ਬਿਲ-2021 ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚਲਦਾ ਸੰਘਰਸ਼ ਨੌਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਪਰ ਮੋਦੀ ਹਕੂਮਤ ਟੱਸ ਤੋਂ ਮੱਸ ਨਹੀਂ ਹੋ ਰਹੀ।ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਇੱਕ ਵਾਰ ਕਰੋੜਾਂ ਕਰੋੜ ਲੋਕਾਂ ਦੇ ਉਜਾੜੇ ਦਾ ਸਵਾਲ ਹੈ ਤੇ ਦੂਜੇ ਪਾਸੇ ਚੰਦ ਕੁ ਅਮੀਰ ਘਰਾਣਿਆਂ ਦੇ ਲੁਟੇਰੇ ਹਿੱਤ ਹਨ।
ਇਸ ਲਈ ਸਭਨਾਂ ਇਨਸਾਫਪਸੰਦ ਲੋਕਾਂ ਦਾ ਫਰਜ ਹੈ ਕਿ ਕਿਸਾਨ ਅੰਦੋਲਨ ਦੀ ਸਫਲਤਾ ਲਈ ਵੱਧ ਤੋਂ ਵੱਧ ਆਪਣਾ ਬਣਦਾ ਯੋਗਦਾਨ ਪਾਈਏ। ਆਗੂਆਂ ਇਹ ਵੀ ਦੱਸਿਆ ਕਿ ਮਹਿਲਕਲਾਂ ਦੀ ਇਤਿਹਾਸਕ ਧਰਤੀ ਉੱਤੇ 12 ਅਗਸਤ ਨੂੰ ਦਾਣਾ ਮਡੀ ਮਹਿਲਕਲਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ। ਅੱਜ ਦੀ ਇਸ ਮੀਟਿੰਗ ਨੂੰ ਮੇਜਰ ਸਿੰਘ ਸੰਘੇੜਾ, ਮਹਿੰਦਰ ਸਿੰਘ ਅਸਪਾਲਕਲਾਂ, ਦਰਸ਼ਨ ਸਿੰਘ ਠੀਕਰੀਵਾਲ , ਬਲਵੰਤ ਸਿੰਘ ਠੀਕਰੀਵਾਲ, ਸੁਰਿੰਦਰ ਸਿੰਘ ਹੰਢਿਆਇਆ, ਇੰਦਰਪਾਲ ਸਿੰਘ ਸੇਖਾ ਕੈਂਚੀਆਂ, ਜਸਵੰਤ ਸਿੰਘ , ਮਹਿੰਦਰ ਸਿੰਘ ਹੰਢਿਆਇਆ, ਭੋਲਾ ਸਿੰਘ ਸੰਘੇੜਾ, ਸਰਬਜੀਤ ਸਿੰਘ ਪਰਮਜੀਤ ਸਿੰਘ, ਗੁਰਮੇਲ ਸਿੰਘ ਰਾਮਸਰ ਕੋਠੇ,
ਗੁਰਦੀਪ ਸਿੰਘ ਸੰਧੂ ਪੱਤੀ, ਭਜਨ ਸਿੰਘ ਜੀਰੋ ਪੁਆਇੰਟ ਨੇ ਸੰਬੌਧਨ ਕਰਦਿਆਂ ਆਗੂ ਟੀਮ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਦਿੱਲੀ ਚੱਲ ਰਹੇ ਮੋਰਚੇ ਅਤੇ ਸ਼ਹੀਦ ਕਿਰਨਜੀਤ ਕੌਰ ਦੇ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ 24 ਵੇਂ ਬਰਸੀ ਸਮਾਗਮ ਵਿੱਚ ( ਰਾਸ਼ਨ, ਦੁੱਧ,ਆਰਥਿਕ ਸਹਾਇਤਾ ) ਹਰ ਪੱਖੋਂ ਤਿਆਰੀਆਂ ਕਰਕੇ ਕਿਸਾਨ ਮਰਦ ਔਰਤਾਂ ਦੇ ਕਾਫਲੇ ਬੰਨ੍ਹ ਪਹੁੰਚਣਗੇ। 5 ਅਗਸਤ ਤੋਂ 11 ਅਗਸਤ ਤੱਕ ਪੂਰੇ ਬਲਾਕ ਦੇ ਪਿੰਡਾਂ ਅੰਦਰ ਨੁੱਕੜ ਨਾਟਕ/ਵੱਡੀਆਂ ਮੀਟਿੰਗਾਂ ਰਾਹੀਂ ਕਿਸਾਨ ਅੰਦੋਲਨ ਅਤੇ ਸ਼ਹੀਦ ਕਿਰਨਜੀਤ ਦੀ ਸ਼ਹਾਦਤ ਦਾ ਸੰਦੇਸ਼ ਦਿੱਤਾ ਜਾਵੇਗਾ