ਮੋਹਾਲੀ ਜਿਲ੍ਹੇ ਦੇ ਖਰੜ ਅਤੇ ਜੀਰਕਪੁਰ ਖੇਤਰਾਂ ਵਿੱਚ ਹੋ ਚੁੱਕੀਆਂ ਹਨ ਸੋਨੇ ਦੇ ਬਿਸਕੁਟ ਬਹਾਨੇ ਲੱਖਾਂ ਦੀ ਠੱਗੀ ਦੀਆਂ ਕਈ ਘਟਨਾਵਾਂ
ਹਰਿੰਦਰ ਨਿੱਕਾ , ਬਰਨਾਲਾ 4 ਅਗਸਤ 2021
ਜਿਲ੍ਹੇ ਦੇ ਵੱਡੇ ਕਾਂਗਰਸੀ ਆਗੂ ਦੇ ਕਥਿਤ ਬੇਦਖਲ ਕੀਤੇ ਬੇਟੇ ਸੁਖਦੇਵ ਰਾਮ ਉਰਫ ਸੁੱਖਾ ਨੂੰ ਬੇਸ਼ੱਕ ਬਰਨਾਲਾ ਪੁਲਿਸ ਨੇ ਇੱਕ ਔਰਤ ਨਾਲ ਬਲਾਤਕਾਰ ਕਰਨ ਅਤੇ 10 ਲੱਖ ਰੁਪਏ ਦੀ ਠੱਗੀ ਦੇ ਦੋਸ਼ ਵਿੱਚ ਜੀਰਕਪੁਰ ਤੋਂ ਗਿਰਫਤਾਰ ਕਰ ਲਿਆ ਹੈ। ਪਰੰਤੂ ਸੁਖਦੇਵ ਰਾਮ ਵੱਲੋਂ ਖਰੀਦਦਾਰ ਨੂੰ ਵੇਚਣ ਲਈ ਲਿਆਂਦਾ ਗਿਆ ਸੋਨੇ ਦਾ ਬਿਸਕੁਟ ਹਾਲੇ ਤੱਕ ਅਬੁੱਝ ਬੁਝਾਰਤ ਹੀ ਬਣਿਆ ਹੋਇਆ ਹੈ। ਨਾਮਜ਼ਦ ਦੋਸ਼ੀ ਤੋਂ ਸੋਨੇ ਦਾ ਬਿਸਕੁਟ ਖਰੀਦਣ ਦੇ ਬਹਾਨੇ ਬਰਨਾਲਾ ਤੋਂ ਜੀਰਕਪੁਰ ਪਹੁੰਚੇ ਵਿਅਕਤੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵੱਖ ਵੱਖ ਤਰੀਕਿਆਂ ਨਾਲ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਠੱਗਣ ਵਿੱਚ ਮੁਹਾਰਤ ਰੱਖਣ ਵਾਲੇ ਸੁਖਦੇਵ ਰਾਮ ਉਰਫ ਸੁੱਖਾ ਵਾਸੀ ਸੰਧੂ ਪੱਤੀ ਬਰਨਾਲਾ ਨੇ ਜੀਰਕਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਉਸ ਕੋਲ ਇੱਕ ਸੋਨੇ ਦਾ ਬਿਸਕੁਟ ਹੈ, ਜਿਸ ਨੂੰ ਉਹ ਰੁਪੱਈਆਂ ਦੀ ਜਰੂਰਤ ਕਰਕੇ ਸਿਰਫ 17 ਹਜ਼ਾਰ ਰੁਪਏ ਵਿੱਚ ਹੀ ਵੇਚ ਦੇਵੇਗਾ। ਕੁਦਰਤ ਦਾ ਕਰਿਸ਼ਮਾ ਹੀ ਸਮਝੋ ਕਿ ਜਿਹੜੇ ਵਿਅਕਤੀ ਨਾਲ ਸੁਖਦੇਵ ਰਾਮ ਨੇ ਬਿਸਕੁਟ ਦਾ ਸੌਦਾ ਕੀਤਾ, ਉਹ ਬਲਾਤਕਾਰ ਅਤੇ ਠੱਗੀ ਪੀੜਤ ਔਰਤ ਦੇ ਕਿਸੇ ਨਜ਼ਦੀਕੀ ਵਿਅਕਤੀ ਦਾ ਜਾਣਕਾਰ ਨਿੱਕਲਿਆ। ਜੀਰਕਪੁਰ ਵਾਸੀ ਵਿਅਕਤੀ ਨੇ ਬਰਨਾਲਾ ਤੋਂ ਆਪਣੀ ਜਾਣ ਪਹਿਚਾਣ ਦੇ ਵਿਅਕਤੀ ਤੋਂ ਜਦੋਂ ਸੁਖਦੇਵ ਰਾਮ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸੁਖਦੇਵ ਰਾਮ ਠੱਗ ਕਿਸਮ ਦਾ ਵਿਅਕਤੀ ਹੈ, ਜਿਸ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ਼ ਹਨ। ਬੱਸ ਫਿਰ ਕੀ ਸੀ, ਪੁਲਿਸ ਦੀ ਸਹਾਇਤਾ ਨਾਲ ਬਰਨਾਲਾ ਵਾਲੇ ਵਿਅਕਤੀ ਨੇ ਜੀਰਕਪੁਰ ਵਾਲੇ ਵਿਅਕਤੀ ਨਾਲ ਮਿਲ ਕੇ ਦੋਸ਼ੀ ਨੂੰ ਸਲਾਖਾਂ ਪਿੱਛੇ ਭੇਜਣ ਦੀ ਠਾਨ ਲਈ। ਨਿਸਚਿਤ ਸਮੇਂ ਅਨੁਸਾਰ ਬਰਨਾਲਾ ਦੀ ਪੁਲਿਸ ਪਾਰਟੀ ਵੀ ਬਰਨਾਲਾ ਦੇ ਵਿਅਕਤੀ ਨੂੰ ਨਾਲ ਲੈ ਕੇ ਜੀਰਕਪੁਰ ਪਹੁੰਚ ਗਏ। ਮਿੱਥੇ ਸਮੇਂ ਤੇ ਪੁਲਿਸ ਪਾਰਟੀ ਅਤੇ ਸੋਨੇ ਦਾ ਬਿਸਕੁਟ ਖਰੀਦਣ ਵਾਲਾ ਵਿਅਕਤੀ ਬਿੱਗ ਬਜ਼ਾਰ ਮੂਹਰੇ ਇਕੱਠੇ ਹੋ ਗਏ। ਉੱਥੇ ਹੀ ਦੋਸ਼ੀ ਸੁਖਦੇਵ ਰਾਮ ਸੁੱਖਾ, ਪਹਿਲਾਂ ਤੋਂ ਖੜ੍ਹਾ ਹੀ ਆਪਣੇ ਨਵੇਂ ਸ਼ਿਕਾਰ ਦੀ ਉਡੀਕ ਕਰ ਰਿਹਾ ਸੀ।
ਦੋਸ਼ੀ ਦੇ ਭੱਜਣ ਦੀ ਕੋਸ਼ਿਸ਼ ਵੀ ਹੋਈ ਨਾਕਾਮ
ਜਿਉਂ ਹੀ ਬਿਸਕੁਟ ਖਰੀਦਣ ਵਾਲੇ ਵਿਅਕਤੀ ਨੇ ਸੁਖਦੇਵ ਰਾਮ ਵੱਲ ਪੁਲਿਸ ਨੂੰ ਇਸ਼ਾਰਾ ਕੀਤਾ ਤਾਂ ਦੋਸ਼ੀ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰੰਤੂ ਪੁਲਿਸ ਪਾਰਟੀ ਦੀ ਸਖਤ ਮਿਹਨਤ ਅਤੇ ਉੱਥੇ ਦੋਸ਼ੀ ਨੂੰ ਫੜਾਉਣ ਲਈ ਘਾਤ ਲਾਈ ਖੜ੍ਹੇ ਨੌਜਵਾਨਾਂ ਨੇ ਦੋਸ਼ੀ ਨੂੰ ਦਬੋਚ ਲਿਆ। ਮੌਕੇ ਤੇ ਮੌਜੂਦ ਵਿਅਕਤੀਆਂ ਅਨੁਸਾਰ ਤਲਾਸ਼ੀ ਲੈਣ ਉਪਰੰਤ ਦੋਸ਼ੀ ਦੇ ਕਬਜ਼ੇ ਵਿੱਚੋਂ ਸੋਨੇ ਦਾ ਕੋਈ ਬਿਸਕੁਟ ਬਰਾਮਦ ਨਹੀਂ ਹੋਇਆ। ਜਿਸ ਤੋਂ ਪਹਿਲੀ ਨਜ਼ਰੇ ਜਾਪਦੈ ਕਿ ਦੋਸ਼ੀ ਸੁਖਦੇਵ ਰਾਮ ਨੇ ਸੋਨੇ ਦਾ ਕਹਿ ਕੇ ਠੱਗਣ ਲਈ ਲਿਆਂਦਾ ਬਿਸਕੁਟ ਆਪਣੇ ਕਿਸੇ ਹੋਰ ਸਾਥੀ ਨੂੰ ਫੜ੍ਹਾ ਦਿੱਤਾ ਜਾਂ ਬਿਸਕੁਟ ਨਕਲੀ ਹੀ ਹੋਵੇਗਾ, ਜਿਹੜਾ ਕਿੱਧਰੇ ਸੁੱਟ ਦਿੱਤਾ ਗਿਆ ।
ਖਰੜ ਇਲਾਕੇ ‘ਚ ਪਹਿਲਾਂ ਵੀ ਵਾਪਰੀਆਂ ਸੋਨੇ ਦੇ ਬਿਸਕੁਟ ਬਹਾਨੇ ਠੱਗੀ ਦੀਆਂ ਘਟਨਾਵਾਂ
ਜਿਲ੍ਹਾ ਮੋਹਾਲੀ ਦੇ ਪੁਲਿਸ ਸੂਤਰਾਂ ਦੀ ਮੰਨੀਏ ਤਾਂ ਖਰੜ ਇਲਾਕੇ ਵਿੱਚ ਸੋਨੇ ਦੇ ਬਿਸਕੁਟ ਦੇ ਬਹਾਨੇ ਲੋਕਾਂ ਨੂੰ ਠੱਗਣ ਦੀਆਂ ਕਾਫੀ ਵਾਰਦਾਤਾਂ ਪਿਛਲੇ ਸਮੇਂ ਦੌਰਾਨ ਵਾਪਰੀਆਂ ਹਨ। ਜਿਸ ਕਾਰਣ ਜੀਰਕਪੁਰ/ਖਰੜ ਇਲਾਕਿਆਂ ਦੀ ਪੁਲਿਸ ਵੀ ਦੋਸ਼ੀ ਤੋਂ ਪੁੱਛਗਿੱਛ ਕਰਨ ਲਈ ਯਤਨਸ਼ੀਲ ਹੋ ਗਈ ਹੈ। ਹੁਣ ਲੋਕਾਂ ਦੀਆਂ ਨਜ਼ਰਾਂ ਦੋਸ਼ੀ ਦੀ ਬਰਨਾਲਾ ਪੁਲਿਸ ਵੱਲੋਂ ਕੀਤੀ ਜਾ ਰਹੀ ਤਫਤੀਸ਼ ਤੇ ਟਿਕੀਆਂ ਹੋਈਆਂ ਹਨ ਕਿ ਪੁਲਿਸ ਦੋਸ਼ੀ ਤੋਂ ਹੋਰ ਕਿੰਨ੍ਹੀਆਂ ਹੋਰ ਵਾਰਦਾਤਾਂ ਦਾ ਸੱਚ ਉਗਲਾਉਣ ਵਿੱਚ ਸਫਲ ਹੁੰਦੀ ਹੈ ਜਾਂ ਫਿਰ ਕਿਸੇ ਰਾਜਸੀ ਦਬਾਅ ਦੇ ਚੱਲਦਿਆਂ ਦੋਸ਼ੀ ਨੂੰ ਗੋਗਲੂਆਂ ਤੋਂ ਮਿੱਟੀ ਝਾੜਨ ਵਾਂਗ, ਅਦਾਲਤ ਵਿੱਚ ਪੇਸ਼ ਕਰਕੇ, ਨਿਆਂਇਕ ਹਿਰਾਸਤ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਨੂੰ ਹੀ ਤਰਜ਼ੀਹ ਦੇਵੇਗੀ। ਵਰਣਨਯੋਗ ਹੈ ਕਿ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਅੱਜ ਦੋਸ਼ੀ ਸੁਖਦੇਵ ਰਾਮ ਨੂੰ ਇਲਾਕਾ ਮਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰੇਗੀ।