ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੇ ਲਈ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਬੀਟੀਐਨ, ਫਿਰੋਜ਼ਪੁਰ 4, ਅਗਸਤ 202
15 ਅਗਸਤ ਨੂੰ ਆਯੋਜਿਤ ਹੋਣ ਵਾਲੇ ਸੁਤੰਤਰਤਾ ਦਿਵਸ ਸਮਾਗਮ ਨੂੰ ਰਵਾਇਤੀ ਸਾਨੋ ਸ਼ੌਕ ਤੇ ਉਤਸ਼ਾਹ ਨਾਲ ਮਨਾਉਣ ਅਤੇ ਸਰਕਾਰ ਦੁਆਰਾ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਲੋੜੀਂਦੇ ਪ੍ਰਬੰਧ ਕਰਨ ਦੇ ਉਦੇਸ਼ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਸ. ਸੁਖਪ੍ਰੀਤ ਸਿੰਘ ਸਿੱਧੂ ਅਤੇ ਐੱਸ.ਡੀ.ਐੱਮ. ਅਮਰਇੰਦਰ ਸਿੰਘ ਵੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਸ੍ਰ. ਸੁਖਪ੍ਰੀਤ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਇਹ ਸੁਤੰਤਰਤਾ ਦਿਵਸ ਸਮਾਗਮ ਦੇਸ਼ ਭਗਤੀ ਅਤੇ ਸਮਾਜਿਕ ਸੰਸਕ੍ਰਿਤਿਕ ਵਿਰਾਸਤ ਦਾ ਮੇਲ ਹੋਣਾ ਚਾਹੀਦਾ ਹੈ ਅਤੇ ਇਸ ਸਮਾਗਮ ਨੂੰ ਵਧੀਆ ਤਰੀਕੇ ਨਾਲ ਕਰਨ ਦੇ ਲਈ ਸਮੂਹ ਵਿਭਾਗਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿਚੋਂ ਨਗਰ ਕੌਂਸਲ,ਸਿੱਖਿਆ ਵਿਭਾਗ,ਸਿਹਤ ਵਿਭਾਗ,ਪੀ.ਡਬਲਯੂ.ਡੀ. ਵਿਭਾਗ,ਪੁਲਿਸ ਵਿਭਾਗ,ਜੰਗਲਾਤ ਵਿਭਾਗ,ਬਾਗ਼ਬਾਨੀ ਵਿਭਾਗ,ਡੇਅਰੀ ਵਿਭਾਗ, ਖੇਡ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਡੀਡੀਪੀਓ,ਯੁਵਕ ਸੇਵਾਵਾਂ ਵਿਭਾਗ ਅਤੇ ਖ਼ੁਰਾਕ ਸਪਲਾਈ ਵਿਭਾਗ ਆਦਿ ਸ਼ਾਮਲ ਹਨ, ਦੇ ਪ੍ਰਮੁੱਖ ਅਧਿਕਾਰੀਆਂ ਨੂੰ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰਨ ਦੇ ਲਈ ਕਿਹਾ।
ਉਨ੍ਹਾਂ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਵੀ.ਆਈ.ਪੀ. ਸਟੇਜ਼ ਅਤੇ ਗਰਾਊਂਡ ਦੀ ਸਫਾਈ, ਵਾਹਨਾਂ ਦੀ ਪਾਰਕਿੰਗ, ਸਲਾਮੀ ਵਾਲੀ ਥਾਂ ਤੇ ਸਲੂਟਿੰਗ ਬੇਸ ਤਿਆਰ ਕਰਨ ਅਤੇ ਕੌਮੀ ਝੰਡੇ ਦਾ ਪ੍ਰਬੰਧ ਕਰਨ, ਸ਼ਹੀਦਾਂ ਦੀ ਸਮਾਧ ਨੂੰ ਸੁੰਦਰ ਬਣਾਉਣ, ਸੜਕਾਂ ਦੇ ਦੋਵੇਂ ਪਾਸੇ ਝੰਡੇ ਲਗਾਉਣ, ਚੌਂਕਾਂ ਦੀ ਸਜਾਵਟ ਕਰਨ, ਟਰਾਂਸਪੋਰਟ, ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ, ਡਾਕਟਰੀ ਸਹਾਇਤਾ, ਨਿਰਵਿਘਨ ਬਿਜਲੀ ਸਪਲਾਈ, ਫਾਇਰ ਬ੍ਰਿਗੇਡਾਂ ਆਦਿ ਦੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਹਰੇਕ ਵਿਭਾਗ ਨੂੰ ਇਸ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਨੂੰ ਵਧੀਆ ਤਰੀਕੇ ਨਾਲ ਆਯੋਜਿਤ ਕਰਨ ਦੇ ਲਈ ਕੰਮ ਸੌਂਪਿਆ ਗਿਆ ਹੈ ਅਤੇ ਇਸ ਕੰਮ ਵਿੱਚ ਕਿਸੀ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਡੀਈਓ ਸੈਕੰਡਰੀ ਕੁਲਵਿੰਦਰ ਕੌਰ, ਕਾਰਜ ਸਾਧਕ ਅਫਸਰ ਨਗਰ ਕੌਂਸਲ ਗੁਰਦਾਸ ਸਿੰਘ ਅਤੇ ਸੁਖਪਾਲ ਸਿੰਘ ਸੈਨੇਟਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।