ਬਹੁਚਰਚਿਤ ਲਵਪ੍ਰੀਤ ਮਾਮਲੇ ‘ਚ ਸਾਹਮਣੇ ਆਏ ਨਵੇਂ ਤੱਥਾਂ ਨੇ ਸ਼ੰਕੇ ਹੋਰ ਵਧਾਏ !

Advertisement
Spread information

ਕੈਮੀਕਲ ਐਗਜਾਮੀਨਰ ਲੈਬੋਰਟਰੀ ਨੇ ਪੁਲਿਸ ਨੂੰ ਪੱਤਰ ਭੇਜਕੇ ਕਿਹਾ, 25 ਅਗਸਤ ਤੋਂ ਬਾਅਦ ਮਿਲੂ ਬਿਸਰਾ ਰਿਪੋਰਟ


ਹਰਿੰਦਰ ਨਿੱਕਾ , ਬਰਨਾਲਾ 29 ਜੁਲਾਈ 2021 

           ਦੇਸ਼ ਵਿਦੇਸ਼ ਅੰਦਰ ਕਰੀਬ ਇੱਕ ਮਹੀਨੇ ਤੋਂ ਚਰਚਾ ਦਾ ਵਿਸ਼ਾ ਬਣੇ ਲਵਪ੍ਰੀਤ ਸਿੰਘ ਦੀ ਮੌਤ ਦਾ ਮਾਮਲਾ ਸੁਲਝਣ ਦੀ ਬਜਾਏ, ਹਰ ਦਿਨ ਹੋਰ ਉਲਝਦਾ ਹੀ ਜਾ ਰਿਹਾ ਹੈ। ਬੇਸ਼ੱਕ ਪੁਲਿਸ ਨੇ ਪਰਿਵਾਰ ਵਾਲਿਆਂ ਦੀ ਸ਼ਕਾਇਤ ਦੇ ਅਧਾਰ ਤੇ ਲਵਪ੍ਰੀਤ ਦੀ ਐਨਆਰਆਈ ਪਤਨੀ ਬੇਅੰਤ ਕੌਰ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ਼ ਕਰਕੇ ਕੇਸ ਦੀ ਤਫਤੀਸ਼ ਵੱਲ ਇੱਕ ਕਦਮ ਅੱਗੇ ਵਧਾਇਆ ਹੈ। ਪਰੰਤੂ ਕੇਸ ਦਰਜ਼ ਹੋਣ ਤੋਂ ਬਾਅਦ ਪੀੜਤ ਪਰਿਵਾਰ ਦੀ ਅਗਵਾਈ ਕਰ ਰਹੇ ਕੁੱਝ ਲੋਕਲ ਪੱਧਰ ਦੇ ਆਗੂਆਂ ਨੇ ਕੇਸ ਵਿੱਚ ਨਾਮਜਦ ਦੋਸ਼ਣ ਬੇਅੰਤ ਕੌਰ ਅਤੇ ਉਸ ਦੇ ਪਰਿਵਾਰ ਦੇ ਕੁੱਝ ਮੈਂਬਰਾਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਜੁਰਮ ਦਾ ਵਾਧਾ ਕਰਨ ਦੀ ਮੰਗ ਕਰਦਿਆਂ, ਨੈਸ਼ਨਲ ਹਾਈਵੇ ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਕੇ, ਪੁਲਿਸ ਤੇ ਦਬਾਅ ਵਧਾਉਣ ਦਾ ਰਾਹ ਚੁਣ ਲਿਆ ਹੈ। ਦੂਜੇ ਪਾਸੇ ਪੁਲਿਸ ਤਫਤੀਸ਼ ਦੌਰਾਨ ਸਾਹਮਣੇ ਆਏ ਕੁਝ ਨਵੇਂ ਤੱਥਾਂ ਨੇ ਲਵਪ੍ਰੀਤ ਸਿੰਘ ਦੀ ਮੌਤ ਦਾ ਭੇਤ ਹੋਰ ਡੂੰਘਾ ਕਰ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਹੁਣ ਤੱਕ ਦੀ ਜਾਂਚ ਦੌਰਾਨ ਸਫਾ ਮਿਸਲ ਤੇ ਆਏ ਤੱਥਾਂ ਤੋਂ ਇਹ ਗੱਲ ਹੀ ਸਪੱਸ਼ਟ ਨਹੀਂ ਹੋ ਸਕੀ ਕਿ ਲਵਪ੍ਰੀਤ ਸਿੰਘ ਦੀ ਮੌਤ ਕਿਵੇਂ ਹੋਈ , ਲਵਪ੍ਰੀਤ ਨੇ ਆਤਮਹੱਤਿਆ ਕੀਤੀ ਜਾਂ ਫਿਰ ਉਸ ਦੀ ਸਪਰੇਅ ਕਰਦਿਆਂ ਮੌਤ ਹੋਈ ਜਾਂ ਫਿਰ ਮੌਤ ਦਾ ਕਾਰਣ ਕੁੱਝ ਹੋਰ ਹੈ।

Advertisement

     ਦੁਨਿਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਲਵਪ੍ਰੀਤ ਦੀ ‘ਖੁਦਕ੍ਸ਼ੀ’ ਨੂੰ ਲੈ ਕੇ ਧਨੌਲਾ ਪੁਲਿਸ ਵੱਲੋਂ ਬੀਤੇ ਦਿਨੀਂ ਉਸਦੀ ਪਤਨੀ ਬੇਅੰਤ ਕੌਰ ਦੇ ਖਿਲਾਫ਼ 420 ਆਈਪੀਸੀ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਦਰਜ਼ ਕੇਸ ਤੋਂ ਬਾਅਦ ਜਿੱਥੇ ਬੇਅੰਤ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਮੰਗ ਜੋਰ ਫੜਦੀ ਜਾ ਰਹੀ ਹੈ । ਉਥੇ ਹੀ ਹੁਣ ‘ਬਰਨਾਲਾ ਟੂਡੇ’ ਦੇ ਹੱਥ ਲੱਗੇ  ਕੁਝ ਦਸਤਾਵੇਜ ਇਸ ਪੂਰੇ ਮਾਮਲੇ ਨੂੰ ਹੀ ਸ਼ੱਕੀ ਵੀ ਬਣਾਉਂਦੇ ਹਨ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਦੀ ਮੌਤ 23 ਜੂਨ ਨੂੰ ਹੁੰਦੀ ਹੈ, ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਮਿਤੀ 24 ਜੂਨ ਨੂੰ ਧਨੌਲਾ ਪੁਲਿਸ ਕੋਲ ਇੱਕ ਬਿਆਨ ਦਰਜ ਕਰਵਾ ਕਿ ਦੱਸਿਆ ਸੀ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦਾ ਇੱਕ ਲੜਕਾ ਅਤੇ ਇੱਕ ਲੜਕੀ ਹੈ। ਉਸ ਕੋਲ 5 ਕਿੱਲਿਆਂ ਦੇ ਲੱਗਭੱਗ ਜਮੀਨ ਹੈ । ਉਕਤ ਬਿਆਨ ਜਿਸ ਦੀ ਇੱਕ ਕਾਪੀ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਵੀ ਕਰ ਰਹੇ ਹਾਂ , ਅਨੁਸਾਰ 23 ਜੂਨ ਸ਼ਾਮ ਨੂੰ ਉਸਦੇ ਲੜਕੇ ਲਵਪ੍ਰੀਤ ਸਿੰਘ ਨੇ ਖੇਤ ਵਿੱਚ ਸਪਰੇਅ ਕੀਤੀ ਸੀ। ਉਸ ਤੋਂ ਬਾਅਦ  ਉਹ ਘਰ ਵਾਪਸ ਆ ਗਿਆ ਅਤੇ ਰੋਟੀ ਪਾਣੀ ਖਾਕੇ ਮੁੜ ਆਪਣੇ ਕੱਸੀ ਵਾਲੇ ਖੇਤ ਚਲਿਆ ਗਿਆ ਅਤੇ ਰਾਤ ਨੂੰ ਘਰ ਵਾਪਸ ਨਹੀਂ ਆਇਆ।

       ਬਲਵਿੰਦਰ ਸਿੰਘ ਦੇ ਪੁਲਿਸ ਨੂੰ ਪਹਿਲਾਂ ਦਿੱਤੇ ਬਿਆਨ ਅਨੁਸਾਰ ਅਗਲੇ ਦਿਨ ਸਵੇਰੇ 5 ਕੁ ਵਜੇ ਉਸ ਦੇ ਗੁਆਂਢੀ ਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਦਾ ਫੋਨ ਆਇਆ ਕਿ ਲਵਪ੍ਰੀਤ ਮੋਟਰ ਉਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਜਦ ਉਸਨੇ ਖੇਤ ਜਾ ਕੇ ਦੇਖਿਆ ਤਾਂ ਲਵਪ੍ਰੀਤ ਕੋਈ ਹਿੱਲ ਜੁੱਲ ਨਹੀਂ ਕਰ ਰਿਹਾ ਸੀੇ। ਹਸਪਤਾਲ ਲਿਜਾਣ ਤੇ ਪਤਾ ਲੱਗਾ ਕਿ ਉਹ ਦਮ ਤੋੜ ਚੁੱਕਾ ਹੈ। ਇਸ ਮੌਕੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬਲਵਿੰਦਰ ਸਿੰਘ ਨੇ ਲਵਪ੍ਰੀਤ ਦੀ ਮੌਤ ਨੂੰ ਸਪਰੇਅ ਚੜ੍ਹਣ ਨਾਲ ਹੋਈ ਮੌਤ ਦੱਸ ਕੇ ਇਸ ਨੂੰ ਕੁਦਰਤੀ ਮੌਤ ਮੰਨਿਆ ਸੀੇ। ਉਸ ਨੇ ਇਹ ਵੀ ਕਿਹਾ ਸੀ ਕਿ ਇਸ ਮੌਤ ਲਈ ਕੋਈ ਵੀ ਵਿਅਕਤੀ ਕਸੂਰਵਾਰ ਨਹੀਂ ਹੈ । ਹੁਣ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਬਲਵਿੰਦਰ ਸਿੰਘ ਨੇ ਆਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਉਲਟ ਨਵੀਂ ਦਰਖਾਸਤ ਦੇਣ ਦੀ ਲੋੜ ਕਿਉਂ ਮਹਿਸੂਸ ਕੀਤੀ । ਆਪਣੀ ਦੂਜੀ ਦਿੱਤੀ ਦਰਖਾਸਤ ਵਿੱਚ ਉਸ ਨੇ ਲਵਪ੍ਰੀਤ ਦੀ ਮੌਤ ਲਈ ਉਸ ਦੀ ਪਤਨੀ ਬੇਅੰਤ ਕੌਰ ਨੂੰ ਦੋਸ਼ੀ ਠਹਿਰਾ ਦਿੱਤਾ ਹੈ । ਪੁਲਿਸ ਨੇ ਸਰਕਾਰੀ ਵਕੀਲ ਦੀ ਕਾਨੂੰਨੀ ਰਾਇ ਦੇ ਅਧਾਰ ਤੇ ਠੱਗੀ ਦੇ ਜੁਰਮ ਤਹਿਤ ਪਰਚਾ ਵੀ ਬੇਅੰਤ ਕੌਰ ਖਿਲਾਫ ਦਰਜ ਕਰ ਦਿੱਤਾ ਹੈ।

ਇੱਕ ਪੱਖ ਇਹ ਵੀ ,,

    ਸ਼ੋਸ਼ਲ ਮੀਡੀਆ ਅਤੇ ਲੋਕਾਂ ਦੀ ਖੁੰਢ ਚਰਚਾ ਦੌਰਾਨ ਅਜਿਹਾ ਵੀ ਪੜ੍ਹਨ ਅਤੇ ਸੁਣਨ ਨੂੰ ਸਾਹਮਣੇ ਆ ਰਿਹਾ ਹੈ ਕਿ ਪੁਲਿਸ ਨੇ ਲੋਕਾਂ ਦੇ ਦਬਾਅ ਥੱਲੇ ਅਤੇ ਕਾਹਲੀ ਵਿੱਚ , ਬਿਨਾਂ ਕਿਸੇ ਪੜਤਾਲ ਤੋਂ ਹੀ ਸਾਹਮਣੇ ਆਏ ਤੱਥਾਂ ਨੂੰ ਨਜਰਅੰਦਾਜ ਕਰਕੇ, ਆਪਣੀ ਖੱਲ ਬਚਾਉਣ ਦਾ ਰਾਹ ਚੁਣਿਆ ਹੈ। ਬੇਅੰਤ ਕੌਰ ਦੇ ਪੇਕੇ ਪਿੰਡ ਦੇ ਬਜੁਰਗ ਗੁਰਦੇਵ ਸਿੰਘ , ਨਾਇਬ ਸਿੰਘ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਡੂੰਘਾਈ ਨਾਲ ਹਰ ਤੱਥ ਅਤੇ ਦਸਤਾਵੇਜਾਂ ਦੀ ਹੋਰ ਵਧੇਰੇ ਜਾਂਚ ਕਰਨ ਦੀ ਲੋੜ ਹੈ ਤਾਂ ਕਿ ਕਿਸੇ ਵੀ ਧਿਰ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਾ ਹੋਵੇ ਅਤੇ ਸਭ ਨੂੰ ਇਨਸਾਫ਼ ਮਿਲੇ । ਜਿਕਰਯੋਗ ਹੈ ਕਿ ਹੁਣ ਇਸ ਕੇਸ ਦੀ ਪੂਰੀ ਪੜਤਾਲ ਪੁਲਿਸ ਵੱਲੋਂ ਜਾਂਚ ਲਈ ਭੇਜੇ ਬਿਸਰੇ ਦੀ ਆਉਣ ਵਾਲੀ ਰਿਪੋਰਟ ਉਤੇ ਹੀ ਟਿਕੀ ਹੋਈ ਹੈ। ਵਿਸਰਾ ਰਿਪੋਰਟ 25 ਅਗਸਤ ਦੇ ਆਸ ਪਾਸ ਆਉਣ ਦੀ ਸੰਭਾਵਨਾ ਹੈ।

2019 ‘ਚ ਵਿਆਹ ਤੋਂ ਕੁੱਝ ਮਹੀਨੇ ਬਾਅਦ ਵੀ ਲਵਪ੍ਰੀਤ ਨੇ ਭੇਜਿਆ ਸੀ ਸੁਸਾਈਡ ਨੋਟ !

      ਬੇਅੰਤ ਕੌਰ ਵੱਲੋਂ ਸ਼ੋਸ਼ਲ ਮੀਡੀਆ ਤੇ ਵਾਇਰਲ ਕੀਤੇ ਸੁਸਾਈਡ ਨੋਟ ਨੇ ਵੀ ਕਈ ਤਰਾਂ ਦੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਉਕਤ ਸੁਸਾਈਡ ਨੋਟ ਪੁਲਿਸ ਦੀ ਮਿਸਲ ਦਾ ਹਿੱਸਾ ਵੀ ਬਣ ਚੁੱਕਿਆ ਹੈ। ਪਰੰਤੂ ਇਸ ਦੀ ਸਚਾਈ ਨੂੰ ਜਾਣਨਾ ਵੀ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਹੈ। ਕਿਉਂਕਿ ਸੁਸਾਈਡ ਨੋਟ ਨੂੰ ਲੈ ਕੇ ਬੇਅੰਤ ਕੌਰ ਅਤੇ ਉਸ ਦੀ ਨਣਦ ਦੌਰਾਨ ਹੋਈ ਵਟਸਅੱਪ ਚੈਟ ਵੀ ਜਾਂਚ ਦਾ ਅਧਾਰ ਬਣ ਸਕਦੀ ਹੈ। ਪੁਲਿਸ ਤਫਤੀਸ਼ ਦੀ ਤਾਣੀ ਇਸ ਕਰਕੇ ਵੀ ਉਲਝੀ ਹੋਈ ਹੈ ਕਿ ਬੇਅੰਤ ਕੌਰ ਕੈਨੇਡਾ ਅਤੇ ਉਸ ਦੀ ਨਣਦ ਆਸਟ੍ਰੇਲੀਆ ਵਿੱਚ ਹੈ।  

306 ਆਈ.ਪੀ.ਸੀ. ਦਾ ਵਾਧਾ ਕਰਨ ਲਈ ਕਿਉਂ ਝਿਜਕ ਰਹੀ ਪੁਲਿਸ ! 

    ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੀ ਮੰਨੀਏ ਤਾਂ ਪੁਲਿਸ ਲਈ ਡੀ.ਏ. ਲੀਗਲ ਦੀ ਦਿੱਤੀ ਰਾਇ ਅਤੇ ਬਿਸਰਾ ਰਿਪੋਰਟ ਮਿਲਣ ਵਿੱਚ ਦੇਰੀ ਹੀ, ਬੇਅੰਤ ਕੌਰ ਦੇ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦਾ ਜੁਰਮ ਵਧਾਉਣ ਵਿੱਚ ਅੜਿੱਕਾ ਬਣੀ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੰਨ੍ਹੀ ਦੇਰ ਤੱਕ ਬਿਸਰਾ ਰਿਪੋਰਟ ਨਹੀਂ ਮਿਲ ਜਾਂਦੀ, ਉਨ੍ਹੀ ਦੇਰ ਤੱਕ ਜੁਰਮ ਵਿੱਚ ਵਾਧੇ ਦਾ ਕੋਈ ਠੋਸ ਅਧਾਰ ਹੀ ਨਹੀਂ ਬਣਦਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਬਿਸਰਾ ਰਿਪੋਰਟ ਵਿੱਚ ਕੋਈ ਜਹਿਰੀਲੀ ਦਵਾਈ ਨਾਲ ਮੌਤ ਹੋਣ ਦੀ ਪੁਸ਼ਟੀ ਨਾ ਹੋਈ ਤਾਂ ਫਿਰ ਕੇਸ ਅਦਾਲਤ ਵਿੱਚ ਟਿਕੇਗਾ ਹੀ ਨਹੀਂ।  

ਲਵਪ੍ਰੀਤ ਦੇ ਪਰਿਵਾਰ ਲਈ ਆਰਥਿਕ ਮੱਦਦ ਦੀ ਪੋਸਟ ਵਾਇਰਲ

     ਕੇਸ ਦਰਜ ਹੋਣ ਅਤੇ ਜੁਰਮ ਵਿੱਚ ਵਾਧਾ ਕਰਵਾਉਣ ਦੀ ਮੰਗ ਦੇ ਦਰਮਿਆਨ ਸੋਸ਼ਲ ਮੀਡੀਆ ਤੇ ਅੱਜ ਲਵਪ੍ਰੀਤ ਦੇ ਪਰਿਵਾਰ ਦੀ ਆਰਥਿਕ ਮੱਦਦ ਦਰਨ ਲਈ, ਉਸ ਦੇ ਪਿਤਾ ਦਾ ਅਕਾਉਂਟ ਨੰਬਰ ਵਾਇਰਲ ਹੋਣ ਨੂੰ ਲੈ ਕੇ ਵੀ ਇੱਕ ਨਵੀਂ ਬਹਿਸ ਛਿੜ ਗਈ ਹੈ। ਕੁੱਝ ਲੋਕ ਇਸ ਨੂੰ ਠੀਕ ਮੰਨ ਰਹੇ ਹਨ, ਜਦੋਂਕਿ ਕੁੱਝ ਲੋਕ ਇਸ ਨੂੰ ਸਿਰਫ ਪੈਸੇ ਇਕੱਠੇ ਕਰਨ ਦਾ ਢੰਗ ਵੀ ਕਹਿ ਰਹੇ ਹਨ।  

ਨੈਸ਼ਨਲ ਹਾਈਵੇ ਜਾਮ ਤੋਂ ਵੀ ਲੋਕ ਔਖੇ

       ਬੇਸ਼ੱਕ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਨਾ ਉਸ ਦੇ ਪਰਿਵਾਰ ਅਤੇ ਸਮਰਥਕਾਂ ਦਾ ਅਧਿਕਾਰ ਹੈ। ਪਰੰਤੂ ਹਾਈਵੇ ਜਾਮ ਕਰਨ ਨੂੰ ਲੈ ਕੇ ਵੀ ਲੋਕਾਂ ਵਿੱਚ ਇੱਕ ਰਾਇ ਨਹੀਂ ਹੈ। ਰਾਹਗੀਰ ਸੁਮਨਦੀਪ ਕੌਰ , ਅਵਤਾਰ ਸਿੰਘ, ਬਿਮਲਾ ਦੇਵੀ ਅਤੇ ਗੁਲਜ਼ਾਰ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਇਨਸਾਫ ਲਈ ਲੜਾਈ ਲੜੇ, ਪਰੰਤੂ ਪ੍ਰਦਰਸ਼ਨਕਾਰੀ ,ਆਖਿਰ ਲੋਕਾਂ ਨੂੰ ਵੀ ਪਰੇਸ਼ਾਂਨ ਕਿਉਂ ਕਰ ਰਹੇ ਹਨ। ਇਨਸਾਫ ਪ੍ਰਸ਼ਾਸ਼ਨ ਨੇ ਦੇਣਾ ਹੈ, ਫਿਰ ਲੋਕਾਂ ਦੀਆਂ ਸਮੱਸਿਆਵਾਂ ਵਧਾਉਣ ਨਾਲ ਕੀ ਹਾਸਿਲ ਹੋਵੇਗਾ। ਕਿਸਾਨ ਉਜਾਗਰ ਸਿੰਘ ਅਤੇ ਬਲਦੇਵ ਸਿੰਘ ਨੇ ਕਿਹਾ ਕਿਸਾਨ ਯੂਨੀਅਨਾਂ ਕਿਸਾਨ ਸੰਘਰਸ਼ ਲਈ 8 ਮਹੀਨਿਆਂ ਤੋਂ ਦਿੱਲੀ ਡੇਰਾ ਲਾਈ ਬੈਠੀਆਂ ਹਨ ਅਤੇ ਪੰਜਾਬ ਵਿੱਚ ਵੀ ਵੱਖ ਵੱਖ ਥਾਂਵਾਂ ਤੇ ਧਰਨੇ ਪ੍ਰਦਰਸ਼ਨ ਜ਼ਾਰੀ ਹਨ, ਪਰੰਤੂ ਕੋਈ ਵੀ ਧਿਰ ਲੋਕਾਂ ਦਾ ਰਾਹ ਰੋਕ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕਰ ਰਹੀ।

Advertisement
Advertisement
Advertisement
Advertisement
Advertisement
error: Content is protected !!