ਸਿਹਤ ਵਿਭਾਗ ਵੱਲੋਂ ਲਾਰਵਾ ਚੈੱਕ ਕਰਨ ਲਈ 67 ਟੀਮਾਂ ਗਠਿਤ, 16050 ਘਰਾਂ ਦਾ ਸਰਵੇਖਣ

Advertisement
Spread information

ਸਿਹਤ ਵਿਭਾਗ ਨੂੰ ਜਾਗਰੂਕਤਾ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਨਗਰ ਕੌਂਸਲ ਨੂੰ ਲਗਾਤਾਰ ਫੌਗਿੰਗ ਤੇ ਚੈਕਿੰਗ ਕਰਵਾਉਣ ਦੀ ਹਦਾਇਤ – ਡਿਪਟੀ ਕਮਿਸ਼ਨਰ
ਪਰਦੀਪ ਕਸਬਾ, ਬਰਨਾਲਾ, 29 ਜੁਲਾਈ 2021
     

           ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬਰਨਾਲਾ ਵੱਲੋਂ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਖਾਸ ਕਰਕੇ ਡੇਂਗੂ ਫੈਲਣ ਤੋਂ ਰੋਕਣ ਲਈ ਉਪਰਾਲੇ ਜਾਰੀ ਹਨ। ਇਸ ਸਬੰਧੀ ਸਿਹਤ ਵਿਭਾਗ, ਨਗਰ ਕੌਂਸਲ ਤੇ ਹੋਰ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਵਿਭਾਗੀ ਉਪਰਾਲਿਆਂ ਦਾ ਜਾਇਜ਼ਾ ਲਿਆ ਗਿਆ। ਉਨਾਂ ਸਿਹਤ ਵਿਭਾਗ ਨੂੰ ਜਾਗਰੂਕਤਾ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਨਗਰ ਕੌਂਸਲ ਨੂੰ ਲਗਾਤਾਰ ਫੌਗਿੰਗ ਤੇ ਚੈਕਿੰਗ ਕਰਵਾਉਣ ਦੀ ਹਦਾਇਤ ਕੀਤੀ।

       ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਦਿਨ ਚੈਕਿੰਗ ਦੇ ਨਾਲ ਨਾਲ ਆਮ ਲੋਕਾਂ ਨੂੰ ਘਰਾਂ ਤੇ ਦਫਤਰਾਂ ਆਦਿ ਵਿਚ ਪਾਣੀ ਖੜਾ ਨਾ ਹੋਣ ਦੇਣ ਲਈ ਪ੍ਰੇਰਿਆ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਇਸ ਸਾਲ ਡੇਂਗੂ ਸਬੰਧੀ ਲਾਰਵਾ ਚੈਕ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ 67 ਟੀਮਾਂ ਪਿੰਡਾਂ ਅਤੇ ਸ਼ਹਿਰਾਂ ਲਈ ਗਠਿਤ ਕੀਤੀਆਂ ਗਈਆਂ ਹਨ। ਇਨਾਂ ਟੀਮਾਂ ਵੱਲੋਂ ਹੁਣ ਤੱਕ 16050 ਘਰਾਂ ਦਾ ਸਰਵੇਖਣ ਕੀਤਾ ਜਾ ਚੁੱਕਿਆ ਹੈ ਤੇ 16735 ਪਾਣੀ ਦੇ ਵੱਖ ਵੱਖ ਸੋਮਿਆਂ ’ਚ ਲਾਰਵੇ ਦੀ ਜਾਂਚ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਜਿਹੜੇ ਘਰਾਂ ਜਾਂ ਹੋਰ ਥਾਵਾਂ ’ਤੇ ਡੇਂਗੂ ਵਾਲੇ ਮੱਛਰ ਦਾ ਲਾਰਵਾ ਮਿਲਿਆ, ਉਸ ਸਬੰਧੀ ਨਗਰ ਕੌਂਸਲ ਨੂੰ ਭੇਜਿਆ ਜਾ ਚੁੱਕਿਆ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

Advertisement

ਇਸ ਮੌਕੇ ਨਗਰ ਕੌਂਸਲ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਦੀ ਹਦੂਦ ਅੰਦਰ ਡੇਂਗੂ ਦਾ ਲਾਰਵਾ ਮਿਲਣ ’ਤੇ 14 ਚਲਾਨ ਕੀਤੇ ਜਾ ਚੁੱਕੇ ਹਨ। ਇਸ ਮੌਕੇ ਐਸਐਮਓ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ, ਜ਼ਿਲਾ ਐਪਡੀਮੋਲੋਜਿਸਟ ਡਾ. ਮੁਨੀਸ਼, ਐਸਐਮਓ ਤਪਾ ਡਾ. ਪ੍ਰਵੇਸ਼, ਐਸਐਮਓ ਧਨੌਲਾ ਡਾ. ਸਤਵੰਤ ਔਜਲਾ, ਐਸਐਮਓ ਮਹਿਲ ਕਲਾਂ ਡਾ. ਜੈਦੀਪ ਸਿੰਘ ਚਹਿਲ, ਐਸਐਮਓ ਭਦੌੜ ਡਾ. ਨੀਰਾ ਸੇਠ,  ਕਾਰਜਸਾਧਕ ਅਫਸਰ ਨਗਰ ਪੰਚਾਇਤ ਹੰਡਿਆਇਆ ਮਨਪ੍ਰੀਤ ਸਿੰਘ ਸਿੱਧੂ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਕਿਵੇਂ ਫੈਲਦਾ ਹੈ ਡੇਂਗੂ? 
   ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ ਖੜ੍ਰੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ। ਉਨਾਂ ਦੱਸਿਆ ਕਿ ਡੇਂਗੂ ਬੁਖਾਰ ਦੇ ਲੱਛਣ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖਾਂ ਪਿੱਛੇ ਦਰਦ, ਉਲਟੀਆਂ, ਨੱਕ, ਮੂੰਹ ਤੇ ਮਸੂੜਿਆਂ ਵਿਚੋਂ ਖੂਨ ਵਗਣਾ ਹੈ। ਉਨਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਘਰਾਂ ’ਚ ਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਓ, ਪਾਣੀ ਦੇ ਭਾਂਡਿਆਂ ਤੇ ਟੈਂਕੀਆਂ ਨੂੰ ਢਕ ਕੇ ਰੱਖੋ। ਹਫਤੇ ਵਿਚ ਇਕ ਦਿਨ ਕੂਲਰਾਂ, ਟੈਂਕੀਆਂ ਆਦਿ ਨੂੰ ਖਾਲੀ ਕਰ ਕੇ ਸੁੁਕਾਓ।

Advertisement
Advertisement
Advertisement
Advertisement
Advertisement
error: Content is protected !!