ਔਰਤ ਦਾ ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ ਪੇਕੇ ਪਰਿਵਾਰ ਦਾਜ ਮੰਗਣ ਦਾ ਲਾ ਰਹੇ ਨੇ ਦੋਸ਼
ਬੀ ਟੀ ਐੱਨ, ਆਗਰਾ 24 ਜੁਲਾਈ 2021
ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਜਦੋਂ ਕਿਸੇ ਵਿਅਕਤੀ ਦੀ ਆਪਣੀ ਗਲਤੀ ਨਾਲ ਹੀ ਉਸ ਨੂੰ ਵੱਡਾ ਹਰਜਾਨਾ ਭੁਗਤਣਾ ਪੈ ਪਿਆ ਹੈ, ਇੱਥੋਂ ਤੱਕ ਕਿ ਕਈਆਂ ਨੇ ਆਪਣੀ ਜਾਨ ਵੀ ਗਵਾਈ ਹੈ । ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿਚ ਔਰਤ ਨੂੰ ਬੰਦੂਕ ਨਾਲ ਫੋਟੋ ਕਰਾਉਣੀ ਮਹਿੰਗੀ ਪੈ ਗਈ ।
ਜ਼ਿਕਰਯੋਗ ਹੈ ਕਿ ਔਰਤ ਬੰਦੂਕ ਨਾਲ ਫੋਟੋ ਕਰਵਾ ਰਹੀ ਸੀ ਕਿ ਅਚਾਨਕ ਬੰਦੂਕ ਦਾ ਘੋੜਾ ਦੱਬਿਆ ਗਿਆ, ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । ਔਰਤ ਦੇ ਸਹੁਰਿਆਂ ਦਾ ਕਹਿਣਾ ਹੈ ਕਿ ਔਰਤ ਵੱਲੋਂ ਫੋਟੋ ਕਰਵਾਉਂਦੇ ਸਮੇਂ ਲਾਪਰਵਾਹੀ ਨਾਲ ਉਸ ਕੋਲੋਂ ਬੰਦੂਕ ਦਾ ਘੋੜਾ ਦੱਬਿਆ ਗਿਆ । ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ । ਉਨ੍ਹਾਂ ਦੱਸਿਆ ਕਿ ਗੋਲੀ ਵੱਜਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ।
ਦੂਸਰੇ ਪਾਸੇ ਔਰਤ ਦੇ ਪੇਕੇ ਵਾਲਿਆਂ ਨੇ ਇਹ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਉਸ ਦਾ ਸਹੁਰਾ ਪਰਿਵਾਰ ਦਾਜ ਦਹੇਜ ਲਈ ਤੰਗ ਕਰਦਾ ਸੀ । ਇਸ ਲਈ ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਹੈ । ਪੁਲਸ ਨੇ ਚਾਰ ਵਿਅਕਤੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਹੈ ਅਤੇ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ।
ਮ੍ਰਿਤਕ ਔਰਤ ਦੇ ਪਿਤਾ ਦੀ ਸ਼ਿਕਾਇਤ ਤੇ ਪੁਲੀਸ ਨੇ ਐੱਫਆਈਆਰ ਦਰਜ ਕਰ ਲਈ ਹੈ , ਔਰਤ ਦੇ ਪਰਿਵਾਰ ਵਾਲਿਆਂ ਦਾ ਸਹੁਰੇ ਪਰਿਵਾਰ ਤੇ ਦੋਸ਼ ਹੈ ਕਿ ਉਹ ਦੋ ਲੱਖ ਰੁਪਿਆ ਨਕਦੀ ਮੰਗ ਰਹੇ ਸਨ । ਜ਼ਿਕਰਯੋਗ ਹੈ ਕਿ ਲੜਕੀ ਦਾ ਵਿਆਹ ਸਿਰਫ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ । ਪੁਲੀਸ ਨੇ ਮ੍ਰਿਤਕ ਦੇ ਪਤੀ, ਸੱਸ, ਸਹੁਰਾ ਅਤੇ ਜੇਠ ਦੇ ਖਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ । ਜ਼ਿਕਰਯੋਗ ਔਰਤ ਦੀਆਂ ਬੰਦੂਕ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਰੇ ਮਸਲੇ ਦੀ ਅਜੇ ਜਾਂਚ ਪੜਤਾਲ ਚੱਲ ਰਹੀ ਹੈ । ਬਾਕੀ ਰਹਿੰਦੀ ਕਾਰਵਾਈ ਜਾਂਚ ਪੜਤਾਲ ਮੁਕੰਮਲ ਹੋਣ ਤੋਂ ਬਾਅਦ ਹੀ ਕੀਤੀ ਜਾਵੇਗੀ ।