ਸਾਂਝ ਕੇਂਦਰਾਂ ਰਾਹੀਂ ਬਿਹਤਰੀਨ ਸੇਵਾਵਾਂ ਮੁਹੱਈਆ ਕਰਾਉਣ ਲਈ ਪੁਲੀਸ ਵਚਨਬੱਧ: ਐਸਪੀ ਸਿਕੰਦਰ
ਸਾਂਝ ਕੇਂਦਰਾਂ ਦੀਆਂ ਸੇਵਾਵਾਂ ਵਾਚਣ ਲਈ ਮੀਟਿੰਗ
ਕੁੱਲ 8 ਲੱਖ 93 ਹਜ਼ਾਰ 815 ਸੇਵਾਵਾਂ ਮੁਹੱਈਆ ਕਰਾਉਣ ਦੇ ਨਾਲ 2165 ਸੈਮੀਨਾਰ ਲਾਏ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 17 ਜੁਲਾਈ 2021
ਸੀਨੀਅਰ ਕਪਤਾਨ ਪੁਲਿਸ ਸੰਗਰੂਰ ਸ਼੍ਰੀ ਵਿਵੇਕਸ਼ੀਲ ਸੋਨੀ ਆਈਪੀਐਸ ਦੀ ਅਗਵਾਈ ਹੇਠ ਕਪਤਾਨ ਪੁਲਿਸ-ਕਮ-ਜ਼ਿਲ੍ਹਾ ਕਮਿਉਨਿਟੀ ਪੁਲਿਸ ਅਫਸਰ ਸੰਗਰੂਰ ਸ. ਗੁਰਪ੍ਰੀਤ ਸਿੰਘ ਸਿਕੰਦ, ਪੀਪੀਐਸ ਵੱਲੋਂ ਜ਼ਿਲ੍ਹਾ ਸਾਂਝ ਕੇਂਦਰ ਦੇ ਕਮੇਟੀ ਮੈਂਬਰਾਂ ਨਾਲ ਅੱਜ ਇੱਥੇ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸਾਲ 2014 ਤੋਂ ਜੂਨ 2021 ਤੱਕ ਦੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਨੂੰ ਵਾਚਿਆ ਗਿਆ।
ਇਸ ਮੌਕੇ ਐਸਪੀ ਸ. ਗੁਰਪ੍ਰੀਤ ਸਿੰਘ ਸਿਕੰਦ ਨੇ ਕਿਹਾ ਕਿ ਪੁਲੀਸ ਸਾਂਝ ਕੇਂਦਰਾਂ ਰਾਹੀਂ ਬਿਹਤਰੀਨ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਦੁਆਰਾ ਕੁੱਲ 8,93,815 ਸੇਵਾਵਾਂ ਜਨਤਾ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਸਾਂਝ ਕੇਂਦਰਾਂ ਵੱਲੋਂ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਾਉਣ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਜਿਵੇਂ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਹੋ ਰਹੇ ਸੋਸ਼ਣ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਸਮਾਜ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਕੁੱਲ 2165 ਸੈਮੀਨਾਰ ਲਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਾਂਝ ਕੇਂਦਰਾਂ ਵੱਲੋਂ ਵੱਖ ਵੱਖ ਮਾਮਲਿਆਂ ਵਿਚ ਕੁੱਲ 579 ਸ਼ਿਕਾਇਤਾਂ ਦਾ ਨਿਪਟਾਰਾ ਕਰਵਾਇਆ ਗਿਆ ਹੈ।
ਇਸ ਮੀਟਿੰਗ ਵਿਚ ਸਮਾਜਿਕ ਬੁਰਾਈਆਂ ਦਾ ਟਾਕਰਾ ਕਰਨ, ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਸਬੰਧੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਅਗਲੇਰੇ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।