ਮਹਿਲ ਕਲਾਂ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾ ਕੇ ਪਵਿੱਤਰ ਕੀਤਾ- ਬਾਬਾ ਸ਼ੇਰ ਸਿੰਘ ਖ਼ਾਲਸਾ
ਗੁਰਸੇਵਕ ਸਿੰਘ ਸਹੋਤਾ ,ਮਹਿਲ ਕਲਾਂ, 26 ਜੂਨ 2021
ਕਸਬਾ ਮਹਿਲ ਕਲਾਂ ਵਿਖੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨਾਮਵਰ ਰਾਗੀ, ਢਾਡੀ, ਕਵੀਸ਼ਰ ਅਤੇ ਕਥਾਵਾਚਕ ਜਥਿਆਂ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ ਗਿਆ। ਇਸ ਪ੍ਰਕਾਸ਼ ਦਿਹਾੜੇ ਸਮੇਂ ਕਰਵਾਏ ਗਏ ਸਮਾਗਮ ਚ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਕਥਾ ਵਿਚਾਰ ਕਰਦਿਆਂ ਪ੍ਰਸਿੱਧ ਰਾਗੀ ਤੇ ਕਥਾਵਾਚਕ ਭਾਈ ਜਗਸੀਰ ਸਿੰਘ ਖ਼ਾਲਸਾ ਮਹਿਲ ਕਲਾਂ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੋਂ ਸਾਨੂੰ ਵੱਡੀ ਪ੍ਰੇਰਨਾ ਮਿਲਦੀ ਹੈ। ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਹਿਲ ਕਲਾਂ ਦੀ ਧਰਤੀ ਤੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਅਤੇ ਸੰਗਤਾਂ ਦੇ ਦੁੱਖ ਰੋਗ ਕੱਟਦੇ ਹੋਏ ਅੱਗੇ ਵਧੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਜਿੱਥੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਹਟਾ ਕੇ ਧਰਮ ਦੀ ਸਿੱਖਿਆ ਦਿੰਦੇ, ਉਨ੍ਹਾਂ ਨੂੰ ਚੰਗਾ ਜੀਵਨ ਜਿਉਣ ਅਤੇ ਆਪਣੇ ਜੀਵਨ ਪ੍ਰਤੀ ਸੁਚੇਤ ਕਰਦਿਆਂ ਉਨ੍ਹਾਂ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੇ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਹਕੂਮਤਾਂ ਵੱਲੋਂ ਕਮਜ਼ੋਰਾਂ ਅਤੇ ਦੱਬੇ ਕੁਚਲੇ ਲੋਕਾਂ ਤੇ ਹੁੰਦੇ ਅੱਤਿਆਚਾਰ ਨੂੰ ਰੋਕਣ ਲਈ ਨੌਜਵਾਨਾਂ ਨੂੰ ਘੋੜ ਸਿਖਲਾਈ ਦਿੰਦੇ ਅਤੇ ਹਥਿਆਰਾਂ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਸਵੈ ਨਿਰਭਰ ਬਣਾਉਦੇ। ਇਸ ਮੌਕੇ ਗੱਲਬਾਤ ਕਰਿਦਆਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ ਖਾਲਸਾ ਨੇ ਕਿਹਾ ਕਿ ਕਸਬਾ ਮਹਿਲ ਕਲਾਂ ਦੀ ਇਸ ਪਵਿੱਤਰ ਧਰਤੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਇਲਾਕੇ ਦੀਆਂ ਸੰਗਤਾਂ ਗੁਰੂਘਰ ਚ ਹੁੰਦੇ ਸਮਾਗਮਾਂ ਚ ਵੱਡਾ ਸਹਿਯੋਗ ਕਰਦੀਆਂ ਹਨ, ਛੇਵੇਂ ਨਾਨਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਸੌਂਪਣ ਤੱਕ ਲੋਕਾਂ ਨੂੰ ਸੋਹਣਾ ਅਤੇ ਸੁਚੱਜਾ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਗਈ ਹੈ। ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਮਨੁੱਖ ਲਈ ਚਾਨਣ ਮੁਨਾਰਾ ਹੈ ਜਿੱਥੋਂ ਸੇਧ ਲੈ ਕੇ ਉਹ ਆਪਣਾ ਜੀਵਨ ਅਤੇ ਸਮਾਜ ਨੂੰ ਸੋਹਣਾ ਬਣਾ ਸਕਦਾ ਹੈ। ਅਖੀਰ ਉਨ੍ਹਾਂ ਇਸ ਸਮਾਗਮ ਵਿੱਚ ਪੁੱਜੇ ਰਾਗੀ, ਢਾਡੀ, ਕਵੀਸ਼ਰੀ ਤੇ ਕੀਰਤਨੀ ਜਥਿਆਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਅੰਮ੍ਰਿਤ ਛਕਣ ਦੀ ਅਪੀਲ ਕੀਤੀ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਕੋਰੋਨਾ ਜਿਹੀ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਕੈਂਪ ਲਾਇਆ ਗਿਆ। ਇਸ ਮੌਕੇ ਨੌਜਵਾਨਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਾਈ ਗਈ। ਇਸ ਮੌਕੇ ਮੇਜਰ ਸਿੰਘ ਕਲੇਰ, ਰਣਜੀਤ ਸਿੰਘ ਬਿੱਟੂ, ਮੱਲ ਸਿੰਘ,ਨੰਬਰਦਾਰ ਆਤਮਾ ਸਿੰਘ, ਨੰਬਰਦਾਰ ਮਹਿੰਦਰ ਸਿੰਘ,ਸਰਬਜੀਤ ਸਿੰਘ ਸੰਭੂ,ਪੰਚ ਗੁਰਪ੍ਰੀਤ ਸਿੰਘ ਚੀਨਾ,ਸਰਪੰਚ ਬਲੌਰ ਸਿੰਘ ਤੋਤੀ,ਅਜਮੇਰ ਸਿੰਘ ਧਾਲੀਵਾਲ, ਬਿੱਲੂ ਸਿੰਘ ਡੇਅਰੀ ਵਾਲਾ, ਨੰਬਰਦਾਰ ਜੱਗਾ ਸਿੰਘ,ਜਥੇਦਾਰ ਲਾਭ ਸਿੰਘ, ਬਿੱਟੂ ਚੀਮਾ,ਬਸੰਤ ਜੋਹਲਾ ਵਾਲੇ, ਵਿਨੋਦ ਕਾਲਾ, ਬੂਟਾ ਸਿੰਘ, ਚਮਕੌਰ ਸਿੰਘ, ਕੁਲਜੀਤ ਸਿੰਘ ਬੀ ਈ ਈ,ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਜਸਪਾਲ ਸਿੰਘ ਪੰਡੋਰੀ, ਮਨਪ੍ਰੀਤ ਕੌਰ,ਸੁਖਦੀਪ ਕੌਰ ਗਰੇਵਾਲ, ਡਾ ਕੇਸਰ ਖ਼ਾਨ, ਦਰਸ਼ਨ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Advertisement