ਕੇਵਲ ਸਿੰਘ ਢਿੱਲੋਂ, ਕੁਲਵੰਤ ਸਿੰਘ ਕੰਤਾ ਅਤੇ ਦਵਿੰਦਰ ਸਿੰਘ ਬੀਹਲਾ ਨੇ ਸ਼ਹਿਰ ਅੰਦਰ ਸਰਗਰਮੀ ਵਧਾਈ
ਹਰਿੰਦਰ ਨਿੱਕਾ , ਬਰਨਾਲਾ 24 ਜੂਨ 2021
ਵੋਟਾਂ ਆ ਗਈਆਂ ਨੇੜੇ, ਹੁਣ ਲੀਡਰ ਮਾਰਨ ਲੱਗ ਪਏ ਗੇੜੇ,,,ਜੀ ਹਾਂ, ਇਹ ਬੋਲ ਕਿਸੇ ਗੀਤ ਦੇ ਤਾਂ ਨਹੀਂ, ਪਰੰਤੂ ਕੁਝ ਦਿਨਾਂ ਤੋਂ ਸ਼ਹਿਰ ਅੰਦਰ ਰਾਜਨੀਤਕ ਲੀਡਰਾਂ ਦੀਆਂ ਅਚਾਣਕ ਵਧੀਆਂ ਸਰਗਰਮੀਆਂ ਤੇ ਇੱਕ ਬਜੁਰਗ ਵੱਲੋਂ ਵਿਅੰਗਮਈ ਅੰਦਾਜ਼ ਵਿੱਚ ਕੀਤੀ ਹੂ-ਬ-ਹੂ ਟਿੱਪਣੀ ਹੀ ਹੈ। ਇਕੱਲਾ ਵਿਅੰਗ ਹੀ ਨਹੀਂ, ਇਸ ਵਿਅੰਗ ਵਿੱਚ ਹਕੀਕਤ ਵੀ ਸਾਫ ਝਲਕਦੀ ਹੈ। ਜਿਕਰਯੋਗ ਹੈ ਕਿ ਹੁਣ ਵਿਧਾਨ ਸਭਾ ਚੋਣਾਂ ਵਿੱਚ ਕਰੀਬ ਸੱਤ ਕੁ ਮਹੀਨਿਆਂ ਦਾ ਵਖਤ ਹੀ ਰਹਿ ਗਿਆ ਹੈ। ਚੋਣਾਂ ਦੀ ਆਹਟ ਦੇ ਚਲਦਿਆਂ ਬਰਨਾਲਾ ਵਿਧਾਨ ਸਭਾ ਹਲਕੇ ਦੀ ਸਿਆਸਤ ਵੀ ਉੱਸਲਵੱਟੇ ਲੈਣ ਲੱਗ ਪਈ ਹੈ। ਚੋਣ ਮੈਦਾਨ ਵਿੱਚ ਉਤਰਨ ਦੀ ਤਾਂਘ ਰੱਖਣ ਵਾਲੇ ਦੋ ਰਾਜਸੀ ਪਾਰਟੀਆਂ ਦੇ 3 ਲੀਡਰਾਂ ਨੇ ਜਿੱਥੇ ਭਲਵਾਨੀ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਉੱਥੇ ਹਾਲੇ ਤੱਕ ਆਪ ਦੇ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ,ਲੀਡਰਾਂ ਦੀ ਚੱਲ ਰਹੀ, ਛੜੱਪਾ ਦੌੜ ਵਿੱਚ ਸ਼ਾਮਿਲ ਨਹੀਂ ਹੋਏ।
ਖੁੱਸੇ ਲੋਕ ਅਧਾਰ ਨੂੰ ਮਜਬੂਤ ਕਰਨ ਲਈ ਕੇਵਲ ਢਿੱਲੋਂ ਨੇ ਪਾਈ 5 ਦਿਨਾਂ ਦੀ ਫੇਰੀ
ਪੱਕੇ ਤੌਰ ਤੇ ਚੰਡੀਗੜ੍ਹ ਰਿਹਾਇਸ਼ ਰੱਖਣ ਇਲਾਕੇ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ,ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਦੋ ਚੋਣਾਂ ਹਾਰ ਜਾਣ ਤੋਂ ਬਾਅਦ ਬੇਸ਼ੱਕ ਗਾਹੇ ਬਗਾਹੇ ਇਲਾਕੇ ਵਿੱਚ ਗੇੜਾ ਫੇੜਾ ਮਾਰਦੇ ਰਹੇ। ਪਰੰਤੂ ਆਪਣੀ ਪਾਰਟੀ ਦੀ ਸੱਤਾ ਦੇ ਕਰੀਬ ਸਾਢੇ 4 ਸਾਲ ਅੰਦਰ ਉਨਾਂ ਲੋਕਾਂ ਨਾਲ ਨੇੜਿਉਂ ਜੁੜਨ ਦੀ ਕੋਈ ਜਿਆਦਾ ਲੋੜ ਨਹੀਂ ਸਮਝੀ ਅਤੇ ਨਾ ਹੀ ਕੋਈ ਠੋਸ ਯਤਨ ਹੀ ਕੀਤੇ। ਕੇਵਲ ਸਿੰਘ ਢਿੱਲੋਂ ਦੀ ਗੈਰਹਾਜ਼ਰੀ ਵਿੱਚ ਉਨਾਂ ਦੇ ਤਨਖਾਹੀਏ ਲੋਕਾਂ ਅੰਦਰ ਆਟੇ ਵਿੱਚ ਲੂਣ ਵਾਂਗ ਵਿਚਰ ਕੇ ਆਪਣੀ ਡਿਊਟੀ ਪੂਰੀ ਕਰਕੇ, ਢਿੱਲੋਂ ਦੀਆਂ ਅੱਖਾਂ ਚੋਭਲਦੇ ਰਹੇ। ਕੇਵਲ ਸਿੰਘ ਢਿੱਲੋਂ ਦੇ ਵੱਖ ਫੈਸਲਿਆਂ ਕਾਰਣ, ਢਿੱਲੋਂ ਦੀ ਰਾਜਸੀ ਹੋਂਦ ਹਰ ਦਿਨ ਪਹਿਲਾਂ ਤੋਂ ਸੁੰਗੜਦੀ ਰਹੀ। ਹੁਣ ਮੌਕੇ ਦੀ ਨਜਾਕਤ ਨੂੰ ਭਾਂਪਦਿਆਂ ਢਿੱਲੋਂ ਸਾਬ੍ਹ ! ਇੱਕ ਵਾਰ ਫਿਰ ਲੋਕਾਂ ਦੀ ਨਬਜ ਟੋਹਣ ਲਈ, ਚੰਡੀਗੜ ਤੋਂ ਪੰਜ ਦਿਨਾਂ ਫੇਰੀ ਤੇ ਬਰਨਾਲਾ ਆ ਕੇ ਆਪਣੇ ਪੱਕੇ ਠਿਕਾਣੇ ਤੇ ਪਹੁੰਚ ਗਏ। ਕੇਵਲ ਸਿੰਘ ਢਿੱਲੋਂ ਨੇ ਆਪਣੀ ਪੰਜ ਦਿਨਾਂ , ਉਦਘਾਟਨੀ ਫੇਰੀ ਦੇ ਬਹਾਨੇ ਲੋਕਾਂ ਨਾਲ ਰਾਬਤਾ ਬਣਾਉਣ ਦੀ ਨੀਤੀ ਅਪਣਾਈ। ਢਿੱਲੋਂ ਦੀ ਇਲਾਕੇ ਅੰਦਰ ਵਖਤੀ ਹਾਜ਼ਿਰੀ ਨੇ ਜਿੱਥੇ ਅਕਾਲੀਆਂ ਨੂੰ ਵਖਤ ਪਾਇਆ, ਉੱਥੇ ਢਿੱਲੋਂ ਦੀ ਗੈਰਹਾਜ਼ਰੀ ਵਿੱਚ ਹਲਕੇ ਅੰਦਰ ਸਰਗਰਮ ਹੋਣ ਲਈ, ਕਾਹਲੇ ਪਏ ਕੁੰਝ ਕਾਂਗਰਸੀ ਆਗੂਆਂ ਦੀਆਂ ਆਸਾਂ ਤੇ ਇੱਕ ਵਾਰ ਪਾਣੀ ਜਰੂਰ ਫਿਰ ਗਿਆ।
ਚੋਣ ਰਣਨੀਤੀਕਾਰ ਪ੍ਰਸ਼ਾਤ ਕਿਸ਼ੋਰ ਦੀ ਟੀਮ ਨੇ ਤੋਲਿਆ ਕਾਂਗਰਸ ਦਾ ਭਾਰ
ਚੋਣ ਰਣਨੀਤੀਕਾਰ ਪ੍ਰਸ਼ਾਤ ਕਿਸ਼ੋਰ ਦੀ ਟੀਮ ਵੀ ਕਈ ਦਿਨ ਬਰਨਾਲਾ ਸ਼ਹਿਰ ਅੰਦਰ ਰਹਿ ਕੇ ਕਾਂਗਰਸ ਪਾਰਟੀ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਤਾਕਤ ਦਾ ਅੰਦਾਜਾ ਲਾਉਣ ਲਈ ਲੋਕਾਂ ਦੇ ਮੂੰਹ ਸੁੰਘਣ ਲਈ, ਅੱਡੀ ਚੋਟੀ ਦਾ ਜ਼ੋਰ ਲਾਉਂਦੀ ਰਹੀ। ਰਾਜਸੀ ਵਿਸ਼ਲੇਸ਼ਕ ਮੰਗਤ ਜਿੰਦਲ ਦਾ ਮੰਨਣਾ ਹੈ ਕਿ ਕੇਵਲ ਸਿੰਘ ਢਿੱਲੋਂ, ਪ੍ਰਸ਼ਾਤ ਕਿਸ਼ੋਰ ਦੀ ਟੀਮ ਦੇ ਬਰਨਾਲਾ ਆ ਕੇ ਕਾਂਗਰਸ ਦੀ ਜਿੱਤ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਕਵਾਇਦ ਨੂੰ ਖਤਰੇ ਦੀ ਘੰਟੀ ਮਹਿਸੂਸ ਕਰਨ ਤੋਂ ਬਾਅਦ ਹੀ ਸ਼ਹਿਰ ਅੰਦਰ ਪਹੁੰਚੇ ਸਨ। ਜਦੋਂ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਅਜਿਹੀਆਂ ਕਿਆਸਰਾਈਆਂ ਨੂੰ ਸਿਰੇ ਤੋਂ ਨਕਾਰਿਆ ਹੈ। ਸ਼ਰਮਾ ਦਾ ਕਹਿਣਾ ਹੈ ਕਿ , ਵਿਕਾਸ ਦੇ ਮੁੱਦੇ ਤੇ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦਾ ਕੋਈ ਦੂਸਰਾ ਸਾਨ੍ਹੀ ਹੀ ਨਹੀਂ ਹੈ। ਉਨਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਲੋਕਾਂ ਵਿੱਚ ਐਂਵੇ ਗੇੜੇ ਮਾਰਨ ਵਿੱਚ ਵਿਸ਼ਵਾਸ਼ ਨਹੀਂ ਰੱਖਦੇ, ਉਹ ਇਲਾਕੇ ਦੇ ਵਿਕਾਸ ਨੂੰ ਤਰਜ਼ੀਹ ਦਿੰਦੇ ਹਨ, ਢਿੱਲੋਂ ਸ਼ਰੀਰਕ ਤੌਰ ਤੇ ਬੇਸ਼ੱਕ ਚੰਡੀਗੜ੍ਹ ਹੁੰਦੇ ਹਨ, ਪਰ ਉੱਨਾਂ ਦਾ ਦਿਲ ਇਲਾਕੇ ਦੇ ਲੋਕਾਂ ਲਈ ਹੀ ਧੜਕਦਾ ਹੈ। ਢਿੱਲੋਂ ਹਮੇਸ਼ਾਂ, ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਤਤਪਰ ਰਹਿੰਦੇ ਹਨ। ਇਲਾਕੇ ਦਾ ਵਿਕਾਸ, ਇਕੱਲਾ ਇਲਾਕੇ ਦੀਆਂ ਗਲੀਆਂ ਵਿੱਚ ਗੇੜੇ ਮਾਰਨ ਨਾਲ ਨਹੀਂ, ਚੰਡੀਗੜ੍ਹ ਬਹਿ ਕੇ ਵਿਕਾਸ ਯੋਜਨਾਵਾਂ ਬਣਵਾਉਣ ਅਤੇ ਪੂਰੀਆਂ ਕਰਵਾਉਣ ਨਾਲ ਹੀ ਹੋਣਾ ਹੈ। ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਵੀ ਕਿਹਾ ਕਿ ਬੇਸ਼ੱਕ ਕੇਵਲ ਸਿੰਘ ਢਿੱਲੋਂ, ਚੰਡੀਗੜ੍ਹ ਬਹਿੰਦੇ ਤੇ ਰਹਿੰਦੇ ਹਨ, ਪਰੰਤੂ ਉਨਾਂ ਦੀ ਪ੍ਰਸ਼ਾਸ਼ਨਿਕ ਅਤੇ ਰਾਜਸੀ ਪਕੜ ਦੇ ਸੇਕ ਨਾਲ ਹੀ, ਇਲਾਕੇ ਦੇ ਲੋਕਾਂ ਦੇ ਕੰਮ ਹੁੰਦੇ ਹਨ, ਅਸੀਂ ਅਤੇ ਪਾਰਟੀ ਦੇ ਹੋਰ ਲੀਡਰ ਅਤੇ ਵਰਕਰ, ਹਰ ਸਮੇਂ ਲੋਕਾਂ ਦੀ ਸੇਵਾ ਵਿੱਚ ਹਾਜ਼ਿਰ ਰਹਿੰਦੇ ਹਾਂ।
ਚੋਣਾਂ ਸਿਰ ਤੇ, ਅਕਾਲੀ ਦਲ ‘ਚ ਵੱਧਦੀ ਜਾ ਰਹੀ ਧੜੇਬੰਦੀ
ਲੰਘੇ ਚੌਦਾਂ ਵਰ੍ਹਿਆਂ ਦੌਰਾਨ ਹੋਈਆਂ,3 ਵਿਧਾਨ ਸਭਾ ਅਤੇ 2 ਲੋਕ ਸਭਾ ਚੋਣਾਂ ਵਿੱਚ 3 ਵਾਰ ਆਮ ਆਦਮੀ ਪਾਰਟੀ ਤੇ 2 ਵਾਰ ਕਾਂਗਰਸ ਹੱਥੋਂ ਮੂੰਹ ਦੀ ਖਾ ਚੁੱਕੇ ਅਕਾਲੀ ਦਲ ਦੇ ਲੀਡਰਾਂ ਨੇ ਹਾਲੇ ਤੱਕ ਵੀ ਕੋਈ ਸਬਕ ਸਿੱਖਿਆ ਨਹੀਂ ਲੱਗਦਾ। ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਹਨ, ਇਲਾਕੇ ਅੰਦਰ 2 ਲੀਡਰ ,ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਅਤੇ ਐਨ.ਆਰ.ਆਈ ਆਗੂ ਦਵਿੰਦਰ ਸਿੰਘ ਬੀਹਲਾ ਖੁੱਲ੍ਹੇ ਤੌਰ ਅਤੇ ਪੰਜ ਵਾਰ ਦੇ ਸਾਬਕਾ ਅਕਾਲੀ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਦੱਬੇ ਪੈਰੀਂ, ਬਰਨਾਲਾ ਇਲਾਕੇ ਵਿੱਚ ਚੋਣ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ ਆਪਣੀਆਂ ਮਸ਼ਕਾਂ ਕਰਨ ਤੇ ਲੱਗੇ ਹੋਏ ਹਨ। ਇਸ ਤਰਾਂ ਹੁਣੇ ਤੋਂ ਤਹਿ ਹੀ ਹੈ, ਜਿਸ ਵੀ ਇੱਕ ਆਗੂ ਨੂੰ ਪਾਰਟੀ ਉਮੀਦਵਾਰ ਬਣਾਵੇਗੀ, ਦੂਸਰੇ ਦੋ ਉਸ ਦੀਆਂ ਜੜ੍ਹਾਂ ਨੂੰ ਤੇਲ ਦੇਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਕੁਲਵੰਤ ਸਿੰਘ ਕੰਤਾ ਅਤੇ ਦਵਿੰਦਰ ਬੀਹਲਾ ਇਲਾਕੇ ਅੰਦਰ ਭਲਵਾਨੀ ਗੇੜਿਆਂ ‘ਚ ਰੁੱਝੇ ਹੋਏ ਹਨ।