ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਕਰਨਾ ਸਾਡੀ ਪਹਿਲ – ਪ੍ਰਿੰਸੀਪਲ ਯੋਗਿਤਾ ਭਾਟੀਆ
ਪਰਦੀਪ ਸਿੰਘ ਕਸਬਾ , ਸੰਗਰੂਰ 18 ਜੂਨ 2021
ਵਸੰਤ ਵੈਲੀ ਪਬਲਿਕ ਸਕੂਲ, ਲੱਡਾ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੇ ਨਾਲ-ਨਾਲ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਕੰਮਾਂ ਰਾਹੀਂ ਉਨ੍ਹਾਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ।
ਕਰੋਨਾ ਕਾਲ ਦੌਰਾਨ ਬੱਚਿਆਂ ਦੀ ਸਿਹਤ-ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਵੇਂ ਉਨ੍ਹਾਂ ਨੂੰ ਸਕੂਲ ਨਹੀਂ ਬੁਲਾਇਆ ਜਾਂਦਾ।ਪਰ ਫਿਰ ਵੀ ਵਸੰਤ ਵੈਲੀ ਪਬਲਿਕ ਸਕੂਲ, ਲੱਡਾ ਆਪਣੇ ਵਿਦਿਆਰਥੀਆਂ ਦੀ ਸਰਵਪੱਖੀ ਸ਼ਖਸੀਅਤ ਦੇ ਵਿਕਾਸ ਲਈ ਯਤਨਸ਼ੀਲ ਹੈ। ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹਰ ਕੰਮ ਵਿੱਚ ਨਿਪੁੰਨ ਬਣਾਉਣ ਦੇ ਉਦੇਸ਼ ਨਾਲ ਆਨਲਾਈਨ ਪੜ੍ਹਾਈ, ਕਾਪੀਆਂ ਦੀ ਜਾਂਚ, ਗਿਆਨ-ਜਾਂਚ, ਨਾਲ ਹੀ ਉਨ੍ਹਾਂ ਨੂੰ ਨੈਤਿਕ ਜ਼ਿੰਮੇਵਾਰੀਆਂ ਨਿਭਾਉਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਬੱਚਿਆਂ ਦਾ ਆਪਣੇ ਮਾਪਿਆਂ ਨਾਲ ਲਗਾਵ ਘੱਟ ਰਿਹਾ ਹੈ।
ਉਨ੍ਹਾਂ ਦੇ ਘਰਾਂ ਵਿੱਚ ਨੌਕਰ ਹੋਣ ਕਾਰਨ, ਕਿਸੇ ਕੰਮ ਦੇ ਸੰਬੰਧ ਵਿੱਚ ਮਾਪਿਆਂ ਅਤੇ ਬੱਚਿਆਂ ਵਿੱਚ ਆਪਸੀ ਸਹਿਯੋਗ ਦੀ ਭਾਵਨਾ ਖ਼ਤਮ ਹੋ ਰਹੀ ਹੈ। ਇਹ ਚੀਜ਼ਾਂ ਸਾਡੇ ਪਰਿਵਾਰ ਵਿੱਚ ਵਾਪਰ ਰਹੀਆਂ ਹਨ ਅਤੇ ਸਮਾਜਕ ਜੀਵਨ ਲਈ ਘਾਤਕ ਸਿੱਧ ਹੋ ਰਹੀਆਂ ਹਨ।
ਇਸ ਸਮੱਸਿਆ ਨੂੰ ਦੂਰ ਕਰਨ ਲਈ, ਅਸੀਂ ਹਰ ਰੋਜ਼ ਬੱਚਿਆਂ ਨੂੰ ਇੱਕ ਨਵਾਂ ਕੰਮ ਸੌਂਪਦੇ ਹਾਂ ਅਤੇ ਸਕੂਲ ਦੇ ਵਟਸਐਪ ਸਮੂਹਾਂ ਅਤੇ ਫੇਸਬੁੱਕ ‘ਤੇ ਇਸ ਦੇ ਪੂਰਾ ਹੋਣ ਦੀ ਪ੍ਰਕਿਰਿਆ ਦੀਆਂ ਫੋਟੋਆਂ ਅਤੇ ਵੀਡੀਓ ਅਪਲੋਡ ਕਰਦੇ ਹਾਂ ਜਿਵੇਂ:-ਪੌਦਿਆਂ ਨੂੰ ਪਾਣੀ ਦੇਣਾ, ਆਪਣੀ ਅਲਮਾਰੀ ਸਵਾਰਨਾ, ਕਮਰਾ ਸਜਾਉਣਾ, ਆਪਣਾ ਮਾਸਕ- ਰੁਮਾਲ ਅਤੇ ਹੋਰ ਕੱਪੜੇ ਧੋਣਾ, ਸਫ਼ਾਈ ਅਤੇ ਰਸੋਈ ਦੇ ਕੰਮਾਂ ਵਿੱਚ ਆਪਣੇ ਮਾਤਾ-ਪਿਤਾ ਦੀ ਮਦਦ ਕਰਨਾ ਅਤੇ ਪਰਮਾਤਮਾ ਦਾ ਨਾਮ ਜਪਣਾ ਆਦਿ।ਇਸ ਨਾਲ ਉਨ੍ਹਾਂ ਦਾ ਝੁਕਾਅ ਸੋਸ਼ਲ ਮੀਡੀਆ ਵੱਲ ਵੀ ਘੱਟ ਜਾਵੇਗਾ। ਸਕੂਲ ਦੇ ਪ੍ਰਧਾਨ ਸ਼੍ਰੀ ਸੰਜੇ ਗੁਪਤਾ ਜੀ ਨੇ ਕਿਹਾ ਕਿ ਵਿਦਿਆਰਥੀ ਉਤਸ਼ਾਹ ਨਾਲ ਕੰਮ ਕਰ ਰਹੇ ਹਨ ਅਤੇ ਸਾਡੇ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਵਿੱਚ ਸਾਡੀ ਸਹਾਇਤਾ ਕਰ ਰਹੇ ਹਨ। ਮਾਪਿਆਂ ਦਾ ਵੀ ਢੁੱਕਵਾਂ ਹੁੰਗਾਰਾ ਮਿਲ ਰਿਹਾ ਹੈ।