ਨਾਹਰਿਆਂ ਦੀ ਗੂੰਜ ਦਰਮਿਆਨ ਸੂਹਾ ਝੰਡਾ ਪਾਕੇ ਦਿੱਤੀ ਗਈ ਅੰਤਮ ਵਿਦਾਇਗੀ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾ 11 ਜੂਨ 2021
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਬਰਨਾਲਾ ਜਿਲ੍ਹਾ ਕਮੇਟੀ ਦੇ ਮੈਂਬਰ ਸਾਥੀ ਸਾਧਾ ਸਿੰਘ ਵਿਰਕ ਵਜੀਦ ਕੇ ਖੁਰਦ ਸਦੀਵੀਂ ਵਿਛੋੜਾ ਦੇ ਗਏ ਹਨ। ਪਿਛਲੇ ਕੁੱਝ ਦਿਨਾਂ ਤੋਂ ਗੰਭੀਰ ਬੀਮਾਰ ਚੱਲੇ ਆ ਰਹੇ ਸਾਥੀ ਵਿਰਕ ਨੇ ਅੱਜ ਸਵੇਰੇ ਅੰਤਮ ਸਵਾਸ ਲਏ।
ਕਿੱਤੇ ਵਜੋਂ ਅਧਿਆਪਕ ਰਹੇ ਸਾਥੀ ਸਾਧਾ ਸਿੰਘ ਵਿਰਕ ਨੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੀਨੀਅਰ ਆਗੂ ਵਜੋਂ ਅਨੇਕਾਂ ਸ਼ਾਨਦਾਰ ਘੋਲਾਂ ‘ਚ ਮਿਸਾਲੀ ਯੋਗਦਾਨ ਪਾਇਆ। ਸੇਵਾ ਮੁਕਤੀ ਉਪਰੰਤ ਆਪ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਬਰਨਾਲਾ ਜਿਲ੍ਹਾ ਕਮੇਟੀ ਦੇ ਸਕੱਤਰ ਵਜੋਂ ਮਾਣ ਕਰਨ ਯੋਗ ਸੇਵਾਵਾਂ ਦਿੱਤੀਆਂ। ਆਪ ਇੱਕ ਬੇਖੌਫ ਅਤੇ ਬੇਬਾਕ ਲੋਕ ਆਗੂ ਵਜੋਂ ਬੇਹਦ ਸਤਿਕਾਰੇ ਜਾਂਦੇ ਸਨ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਪ੍ਰੋਫੈਸਰ ਜੈਪਾਲ ਸਿੰਘ, ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਸੁਰਿੰਦਰ ਕੌਰ, ਪਾਰਟੀ ਦੀ ਬਰਨਾਲਾ ਜਿਲ੍ਹਾ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਅਮਰਜੀਤ ਸਿੰਘ ਕੁੱਕੂ ਤੇ ਮਲਕੀਤ ਸਿੰਘ ਵਜੀਦ ਕੇ ਕਲਾਂ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਆਗੂ ਸਾਥੀ ਭੋਲਾ ਸਿੰਘ ਕਲਾਲ ਮਾਜਰਾ, ਸੀਪੀਆਈ ਦੇ ਸੀਨੀਅਰ ਆਗੂ ਸਾਥੀ ਪ੍ਰੀਤਮ ਸਿੰਘ ਦਰਦੀ, ਸੀਟੀਯੂ ਪੰਜਾਬ ਦੀ ਸੂਬਾਈ ਸਕੱਤਰ ਸਾਥੀ ਪਰਮਜੀਤ ਕੌਰ ਗੁੰਮਟੀ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਸਕੱਤਰ ਸਾਥੀ ਗੁਰਦੀਪ ਸਿੰਘ ਕਲਸੀ ਰਾਏਕੋਟ ਨੇ ਉਨ੍ਹਾਂ ਦੇ ਅਸਹਿ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਸੰਵੇਦਨਾਵਾਂ ਸਾਂਝੀ ਕੀਤੀਆਂ ਹਨ।
ਸਾਥੀ ਸਾਧਾ ਸਿੰਘ ਵਿਰਕ ਦਾ ਅੰਤਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਵਜੀਦ ਕੇ ਖੁਰਦ ਵਿਖੇ ਕੀਤਾ ਗਿਆ।
ਉਨ੍ਹਾਂ ਦੇ ਯੁੱਧ ਸਾਥੀਆਂ ਨੇ ਆਕਾਸ਼ ਗੂੰਜਾਊ ਨਾਹਰਿਆਂ ਦਰਮਿਆਨ ਕਿਰਤੀਆਂ ਦੇ ਸਵੈਮਾਣ ਦਾ ਪ੍ਰਤੀਕ ਸੂਹਾ ਝੰਡਾ ਪਾ ਕੇ ਉਨ੍ਹਾਂ ਨੂੰ ਇਨਕਲਾਬੀ ਵਿਦਾਇਗੀ ਦਿੱਤੀ।