ਜ਼ਿਲ੍ਹਾ ਪ੍ਰਸ਼ਾਸਨ ਦਲਿਤ ਮਜ਼ਦੂਰਾਂ ਨਾਲ ਧੱਕਾ ਕਰਨਾ ਬੰਦ ਕਰੇ -ਬਲਜੀਤ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 21 ਮਈ 2021
ਅੱਜ ਪਿੰਡ ਬੇਨੜਾ ਦੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਹੋਣੀ ਸੀ ਉਸ ਸਮੇਂ ਮਜ਼ਦੂਰਾਂ ਵੱਲੋਂ ਬੋਲੀ ਦਾ ਟੋਟਲ ਰੇਟ 100500 ਰੁਪਏ ਲਗਾਇਆ ਗਿਆ । ਮੌਕੇ ਉੱਪਰ ਪਹੁੰਚੇ ਪੰਚਾਇਤ ਸਕੱਤਰ ਵੱਲੋਂ ਰੇਟ ਘੱਟ ਹੋਣ ਤੇ ਬੋਲੀ ਰੱਦ ਕੀਤੀ। ਬੋਲੀ ਰੱਦ ਹੋਣ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪਿੰਡ ਦੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਚ ਪੇਂਡੂ ਦਲਿਤ ਮਜ਼ਦੂਰਾਂ ਦਾ ਇਕੱਠ ਕਰਕੇ ਰੋਸ ਰੈਲੀ ਕੀਤੀ ।
ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ਇਲਾਕਾ ਆਗੂ ਅਮਰਜੀਤ ਸਿੰਘ ,ਰਾਮ ਸਿੰਘ ਬੇਨੜਾ ਨੇ ਕਿਹਾ ਕਿ ਪਿੰਡਾਂ ਅੰਦਰ ਸ਼ਾਮਲਾਤ ਜ਼ਮੀਨਾਂ ਘੱਟ ਰੇਟ ਉੱਤੇ ਲੈ ਕੇ ਪੇਂਡੂ ਦਲਿਤ ਮਜ਼ਦੂਰ ਜ਼ਮੀਨ ਉੱਪਰ ਹਰਾ ਚਾਰਾ ਬੀਜ ਕੇ ਆਪਣੇ ਪਸ਼ੂ ਪਾਲ ਕੇ ਘਰਾਂ ਦਾ ਗੁਜ਼ਾਰਾ ਕਰਦੇ ਹਨ ।
ਇਸ ਵਾਰ ਵੀ ਪਿੰਡ ਬੇਨੜੇ ਅੰਦਰ ਪੇਂਡੂ ਦਲਿਤ ਮਜ਼ਦੂਰ ਭਾਈਚਾਰਾ ਜ਼ਮੀਨ ਘੱਟ ਰੇਟ ਉੱਤੇ ਅਤੇ ਸਾਂਝੇ ਤੌਰ ਉੱਪਰ ਲੈਣਾ ਚਾਹੁੰਦਾ ਹੈ । ਪਰ ਪੰਚਾਇਤੀ ਵਿਭਾਗ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।ਉਲਟਾ ਸ਼ਾਮਲਾਟ ਜ਼ਮੀਨਾਂ ਉੱਪਰ 15-20 ਪਰਸੈਂਟੇਜ ਵਧਾ ਕੇ ਬੋਲੀ ਕਰਾਉਣ ਦੇ ਨਾਦਰਸ਼ਾਹੀ ਫੁਰਮਾਨ ਬੀਡੀਪੀਓ ਬਲਾਕਾਂ ਨੂੰ ਭੇਜੇ ਜਾ ਰਹੇ ਹਨ। ਇਸ ਫ਼ੈਸਲੇ ਦਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸਖ਼ਤ ਵਿਰੋਧ ਕਰਦੀ ਹੈ ਅਤੇ ਪੰਚਾਇਤ ਵਿਭਾਗ ਵੱਲੋਂ ਪੰਚਾਇਤੀ ਜ਼ਮੀਨਾਂ ਉੱਪਰ ਲਗਾਏ ਜਾ ਰਹੇ15-20 ਪਰਸੈਂਟੇਜ ਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ। ਪਿੰਡਾਂ ਅੰਦਰ ਵਸਦੇ ਪੇਂਡੂ ਦਲਿਤ ਮਜ਼ਦੂਰਾਂ ਨੂੰ ਰਿਜ਼ਰਵ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਘੱਟ ਰੇਟ ਉੱਤੇ ਦੇਣ ਦੀ ਮੰਗ ਕਰਦੀ ਹੈ ਇਸ ਮੌਕੇ ਪਿੰਡ ਆਗੂ ਦਲਵਾਰਾ ਸਿੰਘ ,ਜਗਸੀਰ ਸਿੰਘ ਗੁਰਪਿਆਰ ਸਿੰਘ, ਤਾਰਾ ਸਿੰਘ ਅਤੇ ਸਤਨਾਮ ਸਿੰਘ ਸ਼ਾਮਲ ਸਨ।