ਦਫ਼ਤਰੀ ਤਨਖ਼ਾਹਦਾਰ ਦਾ ਰੁਤਬਾ ਲੋਕ ਨੁਮਾਇੰਦੇ ਤੋ ਉੱਪਰ ਨਹੀ
ਹਰਿੰਦਰ ਨਿੱਕਾ, ਬਰਨਾਲਾ , 20 ਮਈ 2021
ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸੰਦੀਪ ਸੰਧੂ ਤੇ ਧਮਕੀਆਂ ਦੇਣ ਦੇ ਦੋਸ਼ ਲਗਾਉਣ ਤੋਂ ਬਾਅਦ ਅੱਜ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਵੀ ਕੈਪਟਨ ਸੰਧੂ ਦੀ ਕਾਰਜਸ਼ੈਲੀ ਨੂੰ ਲੈ ਕੇ ਸਖ਼ਤ ਟਿੱਪਣੀਆਂ ਕੀਤੀਆ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰ ਦਾ ਅਹੁਦਾ ਬੇਹੱਦ ਸੰਜੀਦਾ ਅਤੇ ਜ਼ਿੰਮੇਵਾਰੀ ਵਾਲਾ ਹੁੰਦਾ ਹੈ, ਪਰ ਕੈਪਟਨ ਸੰਧੂ ਵੱਲੋਂ ਜਿਸ ਕਦਰ ਇਸ ਰੁਤਬੇ ਅਤੇ ਪ੍ਰੋਟੋਕਾਲ ਨੂੰ ਛਿੱਕੇ ਟੰਗ ਕੇ ਤਾਨਾਸਾਹ ਢੰਗ ਨਾਲ ਲੋਕ ਨੁਮਾਇੰਦੇ ਲਈ ਮਾੜੇ ਸਬਦ ਵਰਤੇ ਗਏ ਹਨ, ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇਸ ਰੁਤਬੇ ਤੇ ਬਣੇ ਰਹਿਣ ਦੇ ਕਾਬਿਲ ਨਹੀ ਹਨ|
ਵਿਧਾਇਕ ਇਆਲੀ ਨੇ ਕਿਹਾ ਕਿ ਹਲਕਾ ਦਾਖਾ ਅੰਦਰ ਛੋਟੇ ਅਧਿਕਾਰੀਆਂ ਨੂੰ ਦਬਕੇ ਮਾਰਕੇ ਕਨੂੰਨ ਵਿਰੁੱਧ ਗਲਤ ਕੰਮ ਕਰਵਾਉਣ ਦੀ ਪਈ ਆਦਤ ਕਾਰਨ ਹੀ ਕੈਪਟਨ ਸੰਧੂ ਵੱਲੋਂ ਕਾਂਗਰਸੀ ਵਿਧਾਇਕ ਨੂੰ ਧਮਕੀਆਂ ਦੇ ਦਿੱਤੀਆਂ ਗਈਆ, ਪਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ ਮੁੱਦੇ ਤੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਹੁਣ ਸਫ਼ਾਈਆਂ ਦੇ ਰੂਪ ਵਿੱਚ ਮਾਫ਼ੀਆ ਮੰਗਣੀਆਂ ਪੈ ਰਹੀਆ ਹਨ। ਉਨ੍ਹਾਂ ਕਿਹਾ ਕਿ ਇੱਕ ਵਿਧਾਇਕ ਦਾ ਰੁਤਬਾ ਚੀਫ਼ ਸਕੱਤਰ ਦੇ ਬਰਾਬਰ ਹੁੰਦਾ ਹੈ ਅਤੇ ਜਿਸ ਦਫ਼ਤਰੀ ਤਨਖ਼ਾਹੀਏ ਨੂੰ ਵਿਧਾਇਕ ਦੇ ਰੁਤਬੇ ਬਾਰੇ ਨਹੀ ਪਤਾ ਉਸ ਨੂੰ ਸਲਾਹਕਾਰ ਦੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀ ਹੈ। ਵਿਧਾਇਕ ਇਆਲੀ ਨੇ ਕੈਪਟਨ ਸੰਧੂ ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਜਨੀਤਿਕ ਸਮਝੌਤੇ ਕਦੋਂ ਟੁੱਟਦੇ ਅਤੇ ਜੁੜਦੇ ਹਨ ਪਤਾ ਨਹੀ ਲੱਗਦਾ, ਪਰ ਇਹੋ ਜਿਹੇ ਨਾਸਮਝ ਲੋਕ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਆਪਣੇ ਭਵਿੱਖ ਲਈ ਕੰਡੇ ਬੀਜ ਲੈਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਦੇ ਕਾਰਨ ਪੂਰੇ ਦੇਸ਼/ਸੂਬੇ ਅੰਦਰ ਭਿਆਨਕ ਹਾਲਾਤ ਬਣੇ ਹੋਏ ਹਨ ਅਜਿਹੇ ਸਮੇਂ ਕਾਂਗਰਸ ਵੱਲੋਂ ਚਲਾਈ ਜਾ ਰਹੀ ਘਟੀਆ ਰਾਜਨੀਤੀ ਨੇ ਇਹ ਸਾਫ਼ ਕਰ ਦਿੱਤਾ ਕਿ ਕਾਂਗਰਸ ਸਰਕਾਰ ਨੂੰ ਜਨਤਾ ਦੀ ਭਲਾਈ ਤੋਂ ਜ਼ਿਆਦਾ ਆਪਣੇ ਸੌੜੇ ਮੁਫ਼ਾਦ ਜ਼ਰੂਰੀ ਹਨ, ਜਦਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਇੱਕਮੁੱਠ ਹੋ ਕੇ ਲੋਕਾਂ ਦੀ ਸਹੂਲਤ ਲਈ ਕਾਰਜ ਕਰਦੀ ਅਤੇ ਲੋੜਵੰਦ ਲੋਕਾਂ ਲਈ ਆਕਸੀਜਨ, ਬੈੱਡ ਅਤੇ ਵੈਕਸੀਨ ਦਾ ਪ੍ਰਬੰਧ ਕਰਦੀ, ਪਰ ਕਾਂਗਰਸ ਸਰਕਾਰ ਇਸ ਫ਼ਰੰਟ ਤੇ ਵੀ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ