Advertisement
ਕਿਹਾ, ਵੱਡੇ ਸ਼ਹਿਰਾਂ ਦੀ ਤਰਜ਼ ’ਤੇ ਹੋਵੇਗਾ ਬਰਨਾਲੇ ਦਾ ਵਿਕਾਸ
, ਨੇੜਲੇ ਪਿੰਡ ਵੀ ਆਉਣਗੇ ਮਾਸਟਰ ਪਲਾਨ ਦੇ ਘੇਰੇ ’ਚ
ਪਰਦੀਪ ਕਸਬਾ , ਬਰਨਾਲਾ , 20 ਮਈ 2021
ਬਰਨਾਲਾ ਸ਼ਹਿਰ ਦੇ ਆਧੁਨਿਕ ਅਤੇ ਵਿਆਪਕ ਵਿਕਾਸ ਲਈ ਮਾਸਟਰ ਪਲਾਨ ਆਖਰੀ ਪੜਾਅ ’ਤੇ ਹੈ ਅਤੇ ਇਸ ਨੂੰ ਜਨਤਕ ਸਹੂਲਤ ਲਈ ਛੇਤੀ ਹੀ ਲਾਗੂ ਕਰ ਦਿੱਤਾ ਜਾਵੇਗਾ।
ਇਹ ਪ੍ਰਗਟਾਵਾ ਜ਼ਿਲਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਸ੍ਰੀ ਕਰਨ ਢਿੱਲੋਂ ਨੇ ਇਕ ਵੀਡੀਓ ਕਾਨਫਰੰਸ ਦੌਰਾਨ ਕੀਤਾ। ਇਸ ਵਰਚੁਅਲ ਪਲੈਟਫਾਰਮ ਰਾਹੀਂ ਚੇਅਰਮੈਨ ਢਿੱਲੋਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ, ਪਟਿਆਲਾ ਤੋਂ ਸਟੇਟ ਟਾਊਨ ਪਲਾਨਰ, ਮੈਨੇਜਰ ਪਲੈਨਿੰਗ ਪੀਐਮਆਈਡੀਸੀ ਅਨੂਪ ਕੌਰ, ਡਿਵੀਜ਼ਨਲ ਟਾਊਨ ਪਲਾਨਰ ਸੰਗਰੂਰ ਹਰਿੰਦਰਪਾਲ ਸਿੰਘ, ਕਾਰਜਸਾਧਕ ਅਫਸਰ ਬਰਨਾਲਾ ਮਨਪ੍ਰੀਤ ਸਿੰਘ ਸਿੱਧੂ ਤੇ ਸ਼ਹਿਰੀ ਪਲਾਨਰ ਮੈਡਮ ਨੀਲਿਮਾ ਨਾਲ ਬਰਨਾਲਾ ਦੇ ਮਾਸਟਰ ਪਲਾਨ ਨੂੰ ਲਾਗੂ ਕਰਨ ਬਾਰੇ ਮੀਟਿੰਗ ਕੀਤੀ ਗਈ। ਇਸ ਮੌਕੇ ਸ੍ਰੀ ਢਿੱਲੋਂ ਨੇ ਆਖਿਆ ਕਿ ਮਾਸਟਰ ਪਲਾਨ ਦਾ ਮੁਕੰਮਲ ਅਤੇ ਤਰਜੀਹੀ ਆਧਾਰ ’ਤੇ ਲਾਗੂ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਬਰਨਾਲਾ ਨੂੰ ਵਿਕਾਸ ਪੱਖੋਂ ਸੂਬੇ ਦੇ ਹੋਰ ਅਹਿਮ ਸ਼ਹਿਰਾਂ ਦੀ ਕਤਾਰ ਵਿਚ ਖੜਾ ਕੀਤਾ ਜਾ ਸਕੇ। ਉਨਾਂ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਮਾਸਟਰ ਪਲਾਨ ਨੂੰ ਲਾਗੂ ਕਰਨ ਸਮੇਂ ਪਹਿਲਾਂ ਤੋਂ ਮੌਜੂਦ ਢਾਂਚੇ ਨੂੰ ਢਾਅ ਨਾ ਲੱਗੇ।
ਉਨਾਂ ਆਖਿਆ ਕਿ ਨਵੇਂ ਮਾਸਟਰ ਪਲਾਨ ਨਾਲ ਬਰਨਾਲਾ ਵੀ ਵੱਡੇ ਵਿਕਸਿਤ ਸ਼ਹਿਰਾਂ ਜਿਵੇਂ ਚੰਡੀਗੜ, ਮੋਹਾਲੀ ਆਦਿ ਦੀ ਕਤਾਰ ਵਿਚ ਸ਼ੁਮਾਰ ਹੋ ਜਾਵੇਗਾ। ਉਨਾਂ ਕਿਹਾ ਕਿ ਇਸ ਪਲਾਨ ਤਹਿਤ ਬਰਨਾਲਾ ਸ਼ਹਿਰ ਜੀਆਈਐਸ (ਜੀਓਗ੍ਰਾਫਿਕ ਇੰਨਫਰਮੇਸ਼ਨ ਸਿਸਟਮ) ਨਾਲ ਲੈਸ ਸੂਬੇ ਦਾ ਪਹਿਲਾ ਛੋਟਾ ਸ਼ਹਿਰ ਹੋਵੇਗਾ, ਜਿਸ ਤਹਿਤ ਲੋਕ ਇਕ ਬਟਨ ਕਲਿੱਕ ਕਰਨ ’ਤੇ ਸਾਰੀ ਜਾਣਕਾਰੀ ਹਾਸਲ ਕਰ ਸਕਣਗੇ।
ਉਨਾਂ ਕਿਹਾ ਕਿ ਇਹ ਮਾਸਟਰ ਪਲਾਨ ਜਨਤਾ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਆਉਦੇ 20 ਸਾਲਾਂ ਦੀਆਂ ਵਿਕਾਸੀ ਲੋੜਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਬਰਨਾਲਾ ਸੂਬੇ ਦੇ 16 ਸ਼ਹਿਰਾਂ ਵਿਚ ਸ਼ੁਮਾਰ ਹੈ, ਜਿੱਥੇ ਕੇਂਦਰ ਸਰਕਾਰ ਦੀ ਅਮਰੁਤ ਸਕੀਮ ਅਧੀਨ ਮਾਸਟਰ ਪਲਾਨ ਲਾਗੂ ਕੀਤਾ ਜਾ ਰਿਹਾ ਹੈ। ਇਸ ਯੋਜਨਾ ਅਧੀਨ ਸ਼ਹਿਰ ਦੇ 10 ਤੋਂ 15 ਕਿਲੋਮੀਟਰ ਦੇ ਘੇਰੇ ਵਿਚ ਆਉਦੇ 28 ਪਿੰਡ ਵੀ ਲਿਆਂਦੇ ਜਾਣਗੇ।
ਸ੍ਰੀ ਕਰਨ ਢਿੱਲੋਂ ਨੇ ਆਖਿਆ ਕਿ ਉਹ ਆਪਣੇ ਪਿਤਾ ਸ. ਕੇਵਲ ਸਿੰਘ ਢਿੱਲੋਂ ਵਾਂਗ ਬਰਨਾਲਾ ਦੇ ਚਹੁੰਪੱਖੀ ਵਿਕਾਸ ਲਈ ਹਮੇਸ਼ਾ ਤਤਪਰ ਹਨ ਅਤੇ ਇਸੇ ਉਦੇਸ਼ ਤਹਿਤ ਬਰਨਾਲਾ ਦੇ ਵਿਕਾਸ ਢਾਂਚੇ ਦੀ ਬਿਹਤਰੀ ਲਈ ਲਗਾਤਾਰ ਯਤਨ ਜਾਰੀ ਰਹਿਣਗੇ ਤਾਂ ਜੋ ਬਰਨਾਲਾ ਨੂੰ ਸੂਬੇ ਦੇ ਬਿਹਤਰੀਨ ਸ਼ਹਿਰਾਂ ਦੀ ਕਤਾਰ ਵਿਚ ਖੜਾ ਕੀਤਾ ਜਾ ਸਕੇ।
Advertisement
Advertisement
Advertisement
Advertisement
Advertisement