ਕੋਰੋਨਾ ਖ਼ਿਲਾਫ਼ ਚੱਲ ਰਹੀ ਜੰਗ ਵਿਚ ਲੋਕ ਸਾਥ ਦੇਣ : ਸੋਨੀ
ਬਲਵਿੰਦਰਪਾਲ , ਪਟਿਆਲਾ/ਚੰਡੀਗੜ੍ਹ, 19 ਮਈ: 2021
ਕੋਵਿਡ ਮਾਹਾਮਾਰੀ ਦੀ ਦੂਸਰੀ ਲਹਿਰ ਕਾਰਨ ਪੈਦਾ ਹੋਈ ਸੰਕਟ ਦੀ ਘੜੀ ਵਿਚ ਲੋਕ ਸੇਵਾ ਤੋਂ ਭੱਜੇ ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ ਨੇ ਆਪਣੇ ਕਿੱਤੇ ਨਾਲ ਧਰੋਹ ਕੀਤਾ ਹੈ, ਉਕਤ ਗੱਲ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ‘ਚ ਆਖੀ।
ਸ਼੍ਰੀ ਸੋਨੀ ਨੇ ਕਿਹਾ ਕਿ ਜਦੋਂ ਪੂਰੀ ਦੁਨੀਆਂ ਇਸ ਸੰਕਟ ਦੀ ਘੜੀ ਵਿੱਚ ਡਾਕਟਰਾਂ ਅਤੇ ਸਟਾਫ ਨਰਸਾਂ ਅਤੇ ਪੈਰਾਮੈਡੀਕਲ ਸਟਾਫ ਰਾਹੀ ਇਸ ਘਾਤਕ ਵਾਇਰਸ ਦਾ ਟਾਕਰਾ ਕਰ ਰਹੀ ਹੈ ਅਤੇ ਆਮ ਲੋਕ ਵੀ ਮਨੁੱਖਤਾ ਲਈ ਆਪਣੀ ਜਾਨ ਜੋਖਿਮ ਵਿਚ ਪਾ ਕੇ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ ਤਾਂ ਉਸ ਸਮੇਂ ਏਮਜ਼ ਬਠਿੰਡਾ ਤੋਂ ਵਿਸੇਸ਼ ਤੌਰ ‘ਤੇ ਰਜਿੰਦਰਾ ਹਸਪਤਾਲ ਵਿਚ ਕਰੋਨਾ ਮਰੀਜਾਂ ਦੀ ਤੀਮਾਰਦਾਰੀ ਲਈ ਭੇਜੇ ਗਏ ਨਰਸਿੰਗ ਸਟਾਫ ਵਲੋਂ ਬਿਨ੍ਹਾਂ ਵਜ੍ਹਾ ਧਰਨਾ ਲਗਾ ਕੇ ਜ਼ਿੰਦਗੀ ਬਚਾਉਣ ਲਈ ਲੜ ਰਹੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਏਮਜ਼ ਬਠਿੰਡਾ ਵਿਖੇ ਬੀਤੇ ਸਮੇਂ ਵਿੱਚ 400 ਸਟਾਫ ਨਰਸਾਂ ਨੂੰ ਭਰਤੀ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਵਿੱਚ ਏਮਜ਼ ਬਠਿੰਡਾ ‘ਚ ਲੈਵਲ 2 ਦੇ 45 ਬੈਡ ਅਤੇ ਲੈਵਲ 3 ਦੇ 20 ਬੈਡ ਹੀ ਕੰਮ ਕਰ ਰਹੇ ਸਨ। ਜਿਸ ਕਾਰਨ ਡਾਇਰੈਕਟਰ ਏਮਜ਼ ਬਠਿੰਡਾ ਨੇ ਭਾਰਤ ਸਰਕਾਰ ਦੀ ਪ੍ਰਵਾਨਗੀ ਨਾਲ ਭਰਤੀ ਤੋਂ ਲੈ ਕੇ ਹੁਣ ਤੱਕ ਵਿਹਲੇ ਬੈਠੇ ਤਨਖਾਹ ਲੈ ਰਹੇ ਨਰਸਿੰਗ ਸਟਾਫ ਨੂੰ 50-50 ਦੇ ਗਰੁੱਪਾਂ ਵਿੱਚ ਸੂਬੇ ਦੇ ਚਾਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਡਿਊਟੀ ਹਿੱਤ ਭੇਜਣ ਦਾ ਫੈਸਲਾ ਲਿਆ ਸੀ।
ਸ਼੍ਰੀ ਸੋਨੀ ਨੇ ਕਿਹਾ ਕਿ ਏਮਜ਼ ਬਠਿੰਡਾ ਤੋਂ ਸਟਾਫ ਨਰਸਾਂ ਦੇ ਆਉਣ ਸਬੰਧੀ ਸੂਚਨਾ ਮਿਲਦੇ ਸਾਰ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਵਲੋਂ ਸਟਾਫ ਨਰਸਾਂ ਦੇ ਰਹਿਣ ਦਾ ਪ੍ਰਬੰਧ ਇਕ ਸਰਕਾਰੀ ਮਹਿਲਾ ਹੋਸਟਲ ਵਿੱਚ ਕੀਤਾ ਗਿਆ ਸੀ ਪ੍ਰੰਤੂ ਜਿਵੇ ਹੀ ਸੂਚਨਾ ਮਿਲੀ ਕਿ ਪੁਰਸ਼ ਨਰਸਿੰਗ ਸਟਾਫ ਆ ਰਹੇ ਹਨ ਤਾਂ ਸੋਮਵਾਰ ਸ਼ਾਮ ਨੂੰ ਇਨ੍ਹਾਂ ਨਰਸਿੰਗ ਸਟਾਫ ਦੇ ਰਹਿਣ ਦਾ ਪ੍ਰਬੰਧ ਪ੍ਰੋ. ਗੁਰਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਦੇ ਹੋਸਟਲ ਵਿੱਚ ਕੀਤਾ ਸੀ ਅਤੇ ਇਨ੍ਹਾਂ ਨਰਸਿੰਗ ਸਟਾਫ ਦੇ ਰਹਿਣ ਲਈ ਸਾਰੇ ਲੋੜੀਂਦੇ ਪ੍ਰਬੰਧ ਜਿਵੇ ਕਿ ਹੋਸਟਲ ਦੀ ਸਾਫ ਸਫਾਈ, ਸੈਨੇਟਾਈੇਜੇਸ਼ਨ, ਬਾਥਰੂਮਾਂ ਦੀ ਸਾਫ ਸਫ਼ਾਈ ਅਤੇੇ ਬੈਡਿੰਗ ਦਾ ਪ੍ਰਬੰਧ ਹੋਸਟਲ ਵਾਰਡਨ ਵਲੋਂ ਐਸ.ਡੀ.ਐਮ. ਪਟਿਆਲਾ, ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅਤੇ ਮੈਡੀਕਲ ਸੁਪਰਡੈਂਟ ਦੀ ਮੌਜੂਦਗੀ ‘ਚ ਕਰਵਾਇਆ ਗਿਆ ਸੀ। ਹੋਸਟਲ ਮੈਸ ਵਿੱਚ ਵਧੀਆ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿਸ ਦੀ ਗੁਣਵੱਤਾ ਖੁਦ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅਤੇ ਮੈਡੀਕਲ ਸੁਪਰਡੈਂਟ ਵਲੋਂ ਜਾਂਚੀ ਗਈ ਸੀ।
ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਇਨ੍ਹਾਂ ਨਰਸਿੰਗ ਸਟਾਫ ਦੀ ਬਾਕੀ ਪੂਰੀਆਂ ਕੀਤੀਆ ਜਾਣ ਵਾਲੀਆਂ ਮੰਗਾਂ ਨੂੰ ਵੀ ਨਾਲ ਦੀ ਨਾਲ ਪੂਰਾ ਕਰ ਦਿੱਤਾ ਗਿਆ ਸੀ ਪ੍ਰੰਤੂ ਇਨ੍ਹਾਂ ਵਲੋਂ ਹਰੇਕ ਰੂਮ ਵਿਚ ਵਿਚ ਕੂਲਰ ਮੁਹੱਈਆ ਕਰਵਾਉਣ ਅਤੇ ਰਜਿੰਦਰਾ ਹਸਪਤਾਲ ਆਉਣ ਜਾਣ ਲਈ ਏਅਰ ਕੰਡੀਸ਼ਨਰ ਬੱਸ ਅਤੇ ਫਰਿੱਜ ਮੁਹੱਈਆਂ ਕਰਵਾਉਣ ਦੀ ਮੰਗ ਪੂਰੀ ਕਰਵਾਉਣ ਲਈ ਹੀ ਰੌਲਾ ਪਾਇਆ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਨੂੰ ਬੀਤੇ ਕੱਲ੍ਹ ਆਈਸੋਲੇਸ਼ਨ ਵਾਰਡ ਵਿੱਚ ਡਿਊਟੀ ਲਈ ਲਿਜਾਇਆ ਗਿਆ ਤਾਂ ਇਨ੍ਹਾਂ ਮੇਲ ਨਰਸਿੰਗ ਵਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਪੀ.ਪੀ.ਈ ਕਿੱਟ ਨਹੀਂ ਪਹਿਨਣੀ ਆਉਦੀ ਅਤੇ ਵਾਰਡ ਵਿੱਚ ਡਿਊਟੀ ਦੌਰਾਨ ਸੈਂਪਲ ਲੈਣ ਵਿਚ ਵੀ ਅਸਮਰਥੱਤਾ ਜਾਹਰ ਕੀਤੀ ਗਈ। ਇਸ ਤੋਂ ਇਲਾਵਾ ਉਚ ਅਧਿਕਾਰੀਆਂ ਨਾਲ ਬਦਤਮੀਜੀ ਵੀ ਕੀਤੀ ਗਈ।
ਸ਼੍ਰੀ ਸੋਨੀ ਨੇ ਸ਼ੰਕਾ ਜਾਹਿਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਟਾਫ ਨਰਸਾਂ ਵਲੋਂ ਕਿਸੇ ਸਿਆਸੀ ਸਾਜਿਸ਼ ਦਾ ਹਿੱਸਾ ਬਣਦੇ ਹੋਏ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਨ੍ਹਾਂ ਅਣਜਾਣ ਅਤੇ ਅਨੁਸ਼ਾਸ਼ਨਹੀਨ ਮੇਲ ਨਰਸਿੰਗ ਸਟਾਫ ਨੂੰ ਤੁਰੰਤ ਵਾਪਸ ਭੇਜ ਦਿੱਤਾ ਗਿਆ ਹੈ।