ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਕੀਤਾ ਮੋਦੀ ਨੂੰ ਸਵਾਲ
ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉ ਭੇਜ ਦਿੱਤੀ?
ਹਰਪ੍ਰੀਤ ਕੌਰ , ਸੰਗਰੂਰ 17 ਮਈ 2021
ਦੇਸ਼ ਵਿੱਚ ਕਰੋਨਾ ਮਹਾਮਾਰੀ ਨਾਲ ਲਗਾਤਾਰ ਮੌਤ ਦਰ ਵਧਦੀ ਜਾ ਰਹੀ ਹੈ ਅਤੇ ਆਕਸੀਜਨ ਤੋ ਲੈ ਕੇ ਵੈਕਸੀਨ ਤੱਕ ਹਰ ਪ੍ਰਬੰਧ ਵਿੱਚ ਮੋਦੀ ਸਰਕਾਰ ਫੇਲ੍ਹ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਸੰਗਰੂਰ ਦੇ ਯੂਥ ਵਰਕਰਾਂ ਵੱਲੋਂ ਜਿਲ੍ਹਾ ਯੂਥ ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚ ਸੰਗਰੂਰ ਦੇ ਬਰਨਾਲਾ ਚੌਕ ਵਿਖੇ ਹੱਥਾਂ ਵਿੱਚ ਸਲੋਗਨ ਫੜਕੇ ਸ਼ਾਤਮਈ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਨੂੰ ਸਵਾਲ ਕੀਤਾ ਗਿਆ ਕਿ ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉ ਭੇਜ ਦਿੱਤੀ?
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਸਾਲ ਕਰੋਨਾ ਮਹਾਮਾਰੀ ਤੋਂ ਬਾਅਦ ਕਰੋਨਾ ਨੂੰ ਹਰਾਉਣ ਦੇ ਦਾਅਵੇ ਕਰਦਿਆਂ ਆਪਣੀ ਫੋਕੀ ਵਾਹੋ ਵਾਹੀ ਲਈ ਸਾਢੇ ਛੇ ਕਰੋੜ ਵੈਕਸੀਨ ਵਿਦੇਸ਼ਾਂ ਨੂੰ ਭੇਜ ਦਿੱਤੀ ਪਰ ਅੱਜ ਦੇਸ਼ ਦੇ ਲੋਕ ਵੈਕਸੀਨ ਬਿਨਾ ਦਮ ਤੋੜ ਰਹੇ ਹਨ।
ਉਨ੍ਹਾਂ ਕਿਹਾ ਕਿ ਯੂ ਪੀ ਵਿੱਚ ਲਾਸ਼ਾ ਪਾਣੀ ਵਿੱਚ ਤੈਰ ਰਹੀਆਂ ਹਨ ਇਨਸਾਨਾਂ ਦੀਆਂ ਲਾਸ਼ਾਂ ਨੂੰ ਕੁੱਤੇ ਨੋਚ ਨੋਚ ਖਾ ਰਹੇ ਹਨ ਅਤੇ ਹਾਲਾਤ ਬਹੁਤ ਨਾਜ਼ੁਕ ਬਣਦੇ ਜਾ ਰਹੇ ਹਨ।
ਮੋਦੀ ਸਰਕਾਰ ਦੀ ਇਸ ਘਟੀਆ ਕਾਰਗੁਜ਼ਾਰੀ ਖਿਲਾਫ ਆਵਾਜ ਚੁੱਕਣ ਤੇ ਮੋਦੀ ਸਰਕਾਰ ਨੇ ਬੀਤੇ ਦਿਨੀਂ ਦਿੱਲੀ ਵਿਖੇ 25 ਵਿਅਕਤੀਆਂ ਤੇ ਪਰਚਾ ਦਰਜ ਕਰਵਾ ਦਿੱਤਾ ਅਤੇ ਲੋਕ ਆਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਮੋਦੀ ਸਰਕਾਰ ਵੱਲੋਂ ਵਿਦੇਸ਼ਾ ਨੂੰ ਭੇਜੀ ਗਈ ਵੈਕਸੀਨ ਦੇ ਫੈਸਲੇ ਦੀ ਨਿਖੇਧੀ ਕਰਦੇ ਹਨ ਭਾਵੇਂ ਉਹ ਸਾਡੇ ਤੇ ਜਿੰਨੇ ਮਰਜੀ ਪਰਚੇ ਦਰਜ ਕਰਵਾ ਦੇਣ ਅਸੀਂ ਹਮੇਸ਼ਾ ਜਨਤਾ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ। ਇਸ ਮੌਕੇ ਆਪ ਆਗੂ ਅਵਤਾਰ ਸਿੰਘ ਤਾਰੀ,ਹਰਿੰਦਰ ਸ਼ਰਮਾ,ਹਰਪ੍ਰੀਤ ਚਹਿਲ,ਸ਼ਫੀ ਮੁਹੰਮਦ,ਅਮਰੀਕ ਸਿੰਘ,ਵਿਕਰਮ ਨਕਟੇ,ਹਰਪ੍ਰੀਤ ਬੱਗੂਆਣਾ,ਨੋਨੀ ਸਿੰਘ ਹਾਜ਼ਰ ਰਹੇ।