ਸਾਂਝਾ ਕਿਸਾਨ ਮੋਰਚਾ: ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੇ ਸਰਕਾਰੀ ਸ਼ੋਸ਼ੇ ਦੀ ਫੂਕ ਨਿਕਲੀ: ਕਿਸਾਨ ਆਗੂ
ਹਿਸਾਰ ‘ਚ ਕਿਸਾਨਾਂ ‘ਤੇ ਕੀਤੇ ਲਾਠੀਚਾਰਜ ਵਿਰੁੱਧ ਬਰਨਾਲਾ ਦੇ ਮੁੱਖ ਬਾਜਾਰ, ਧਰਨੇ ਲਾ ਕੇ ਜਾਮ ਕੀ
ਪਰਦੀਪ ਕਸਬਾ , ਬਰਨਾਲਾ: 17 ਮਈ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 229ਵੇਂ ਦਿਨ ਵੀ ਪੂਰੇ ਉਤਸ਼ਾਹ ਤੇ ਜੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ ਕੱਲ੍ਹ ਹਿਸਾਰ ਵਿਖੇ ਕਿਸਾਨਾਂ ਉਪਰ ਹੋਏ ਲਾਠੀਚਾਰਜ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ ਅਤੇ ਸੰਕੇਤਕ ਤੌਰ ‘ਤੇ ਬਰਨਾਲਾ ਦੇ ਸਾਰੇ ਮੁੱਖ ਬਾਜਾਰ ਧਰਨੇ ਲਾ ਕੇ ਇਕ ਘੰਟੇ ਲਈ ਪੂਰੀ ਤਰ੍ਹਾਂ ਜਾਮ ਕੀਤੇ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਬੀਜੇਪੀ ਨੇਤਾਵਾਂ ਦਾ ਘਿਰਾਉ ਕਰਨ ਦੇ ਸਪੱਸ਼ਟ ਐਲਾਨ ਤੇ ਪ੍ਰੋਗਰਾਮ ਦੇ ਬਾਵਜੂਦ ਬੀਜੇਪੀ ਨੇਤਾ ਜਨਤਕ ਪ੍ਰੋਗਰਾਮਾਂ ਵਿੱਚ ਬੇਲੋੜੀ ਸ਼ਮੂਲੀਅਤ ਕਰਕੇ ਕਿਸਾਨਾਂ ਦੇ ਜਖਮਾਂ ‘ਤੇ ਨਮਕ ਛਿੜਕ ਰਹੇ ਹਨ।
ਕੱਲ੍ਹ ਹਿਸਾਰ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਕਿਸਾਨਾਂ ਨੂੰ ਘਿਰਾਉ ਕਰਨ ਦੀ ਬੇਲੋੜੀ ਚੁਣੌਤੀ ਦਿੱਤੀ ਜਿਸ ਨੂੰ ਕਿਸਾਨਾਂ ਨੇ ਬਾਖੂਬੀ ਕਬੂਲਿਆ। ਵਿਰੋਧ ਕਰਨ ਦੇ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਿਸਾਨਾਂ ਉਪਰ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ ਅਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਅਜਿਹੇ ਫਾਸ਼ੀਵਾਦ ਹੱਥਕੰਡੇ ਵਰਤਣ ਤੋਂ ਗੁਰੇਜ਼ ਕਰੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਮਨਜੀਤ ਰਾਜ, ਬਲਜੀਤ ਸਿੰਘ ਚੌਹਾਨਕੇ, ਚਰਨਜੀਤ ਕੌਰ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਹਰਚਰਨ ਸਿੰਘ ਚੰਨਾ, ਗੁਰਮੇਲ ਸ਼ਰਮਾ ਤੇ ਪਰਮਜੀਤ ਕੌਰ ਠੀਕਰੀਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਫਰਵਰੀ 2016’ਚ ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸ਼ੋਸ਼ਾ ਛੱਡਿਆ ਸੀ। ਭਾਰਤ ਵਿੱਚ ਕਿਸਾਨਾਂ ਦੀ ਔਸਤ ਆਮਦਨ ਪਹਿਲਾਂ ਹੀ ਬਹੁਤ ਘੱਟ ਹੈ।
ਪ੍ਰਧਾਨ ਮੰਤਰੀ ਦੇ ਇਸ ਐਲਾਨ ਮੌਕੇ ਇਕ ਕਿਸਾਨ ਪਰਿਵਾਰ ਦੀ ਪ੍ਰਤੀ ਮਹੀਨਾ ਔਸਤ ਆਮਦਨ ਮਹਿਜ਼ 8000 ਰੁਪਏ ਸੀ। ਆਮਦਨ ਦੁੱਗਣੀ ਹੋਣ ਨਾਲ ਵੀ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਕੋਈ ਗੌਲਣਯੋਗ ਸੁਧਾਰ ਨਹੀਂ ਹੋਣਾ ਸੀ ਪਰ ਹੁਣ ਤਾਂ ਸਰਕਾਰ ਨੇ ਇਸ ਖੋਖਲੇ ਵਾਅਦੇ ਦੀ ਵੀ ਫੂਕ ਨਿਕਲ ਗਈ ਹੈ। ਖੇਤੀ ਖੇਤਰ ਦੀ ਮਹਿਜ਼ 3.3% ਦੀ ਮੌਜੂਦਾ ਔਸਤ ਵਿਕਾਸ ਦਰ ਨਾਲ ਦੁੱਗਣਾ ਯਾਨੀ 100% ਵਾਧਾ ਕਦਾਚਿਤ ਸੰਭਵ ਨਹੀਂ।ਇਨ੍ਹਾਂ ਛੇ ਸਾਲਾਂ ‘ਚ ਕੁੱਲ ਵਾਧਾ 30% ਤੋਂ ਵੀ ਘੱਟ ਹੋਵੇਗਾ। ਆਮਦਨ ਦੁੱਗਣੀ ਦਾ ਇਹ ਜੁਮਲਾ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਇਕ ਹੋਰ ਬਹਾਨਾ ਮਾਤਰ ਹੈ।
ਅੱਜ ਜਗਦੀਸ਼ ਸਿੰਘ ਲੱਧਾ, ਬਲਵੀਰ ਸਿੰਘ ਸੇਖਾ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।