ਸੂਬੇ ਦੇ ਸਰਕਾਰੀ ਸਕੂਲਾਂ ਦੀ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਬਦਲੀ ਨੁਹਾਰ ਦਾ ਹੀ ਨਤੀਜਾ – ਜਿਲ੍ਹਾ ਸਿੱਖਿਆ ਅਫਸਰ
ਰਘਬੀਰ ਹੈਪੀ , ਬਰਨਾਲਾ, 3 ਮਈ 2021
ਇਹ ਸੂਬੇ ਦੇ ਸਰਕਾਰੀ ਸਕੂਲਾਂ ਦੀ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਬਦਲੀ ਨੁਹਾਰ ਦਾ ਹੀ ਨਤੀਜਾ ਹੈ ਕਿ ਆਮ ਮਾਪਿਆਂ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੈਡਮਾਸਟਰਾਂ ਸਮੇਤ ਹੋਰਨਾਂ ਕਰਮਚਾਰੀਆਂ ਵੱਲੋਂ ਵੀ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਇਆ ਜਾਣ ਲੱਗਿਆ ਹੈ।ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਪੰਜਾਬੀ ਨਾਲ ਜੋੜਨ ਦੇ ਨਾਲ ਨਾਲ ਸਮੇਂ ਦੀ ਮੰਗ ਅਨੁਸਾਰ ਦਿੱਤੀ ਜਾ ਰਹੀ ਅੰਗਰੇਜ਼ੀ ਬੋਲਣ ਦੀ ਮੁਹਾਰਤ ਅਤੇ ਆਧੁਨਿਕ ਤਕਨੀਕਾਂ ਜਰੀਏ ਕਰਵਾਈ ਜਾ ਰਹੀ ਪੜ੍ਹਾਈ ਨੇ ਮਾਪਿਆਂ ਨੂੰ ਵੱਡੀ ਪੱਧਰ ‘ਤੇ ਆਕਰਸ਼ਿਤ ਕੀਤਾ ਹੈ ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਮੌਜ਼ੂਦਾ ਸੈਸ਼ਨ ਦੌਰਾਨ ਜਿਲ੍ਹੇ ਦੇ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱੱਚ ਸਰਕਾਰੀ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ ਵੱਲੋਂ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਦਾ ਰੁਝਾਨ ਪਿਛਲੇ ਵਰ੍ਹਿਆਂ ਨਾਲੋਂ ਕਈ ਗੁਣਾ ਜਿਆਦਾ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂਂ ਦੇ ਪ੍ਰਿੰਸੀਪਲ ਦਰਸ਼ਨ ਸਿੰਘ ਚੀਮਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨਵਦੀਪ ਕੌਰ ਉਹਨਾਂ ਦੇ ਹੀ ਸਕੂਲ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਹੈ।ਸਰਕਾਰੀ ਹਾਈ ਸਕੂਲ ਨਾਈਵਾਲਾ ਦੇ ਹੈਡਮਾਸਟਰ ਰਾਜੇਸ਼ ਕੁਮਾਰ ਅਤੇ ਉਹਨਾਂ ਦੀ ਪਤਨੀ ਪ੍ਰਿਅੰਕਾ ਗਰਗ ਮੈਥ ਮਿਸਟ੍ਰੈਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਬੱਚੇ ਵੇਦਾਂਤ ਦਾ ਦਾਖਲਾ ਸਰਕਾਰੀ ਪ੍ਰਾਇਮਰੀ ਸਕੂਲ ਨਾਈਵਾਲਾ ਵਿਖੇ ਐਲ.ਕੇ.ਜੀ ਜਮਾਤ ਵਿੱਚ ਕਰਵਾਇਆ ਗਿਆ ਹੈ।ਸਰਕਾਰੀ ਹਾਈ ਸਕੂਲ ਤਲਵੰਡੀ ਦੇ ਹੈਡਮਿਸਟ੍ਰੈਸ ਰਚਨਾ ਰਾਣੀ ਵੱਲੋਂ ਵੀ ਆਪਣੇ ਬੱਚੇ ਦਾ ਦਾਖਲਾ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਵਿਖੇ ਕਰਵਾਇਆ ਗਿਆ ਹੈ।ਸਰਕਾਰੀ ਪ੍ਰਾਇਮਰੀ ਸਕੂਲ ਕੰਨਿਆ ਧਨੌਲਾ ਦੇ ਹੈਡਟੀਚਰ ਬਲਵਿੰਦਰ ਕੌਰ ਦੇ ਦੋਵੇਂ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ।ਸਰਕਾਰੀ ਪ੍ਰਾਇਮਰੀ ਸਕੂਲ ਜਲੂਰ ਦੀ ਹੈਡਟੀਚਰ ਵੀਨਾ ਰਾਣੀ ਵੱਲੋਂ ਆਪਣੇ ਬੱਚੇ ਦਾ ਦਾਖਲਾ ਆਪਣੇ ਹੀ ਸਕੂਲ ਵਿੱਚ ਕਰਵਾਇਆ ਗਿਆ ਹੈ।ਸਰਕਾਰੀ ਸਕੂਲਾਂ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਪਤੀ ਪਤਨੀ ਹਰਬਚਨ ਸਿੰਘ ਪੰਜਾਬੀ ਮਾਸਟਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਅਤੇ ਕੁਲਦੀਪ ਕੌਰ ਪੰਜਾਬੀ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਕਾਹਨੇਕੇ ਨੇ ਦੱਸਿਆ ਕਿ ਉਹਨਾਂ ਵੱਲੋਂ ਵੀ ਆਪਣੇ ਬੱਚੇ ਦਾ ਦਾਖਲਾ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਐਲ.ਕੇ.ਜੀ ਜਮਾਤ ਵਿੱਚ ਕਰਵਾਇਆ ਗਿਆ ਹੈ।ਇਸੇ ਤਰ੍ਹਾਂ ਅਮਰਜੀਤ ਸਿੰਘ ਪੀਟੀਆਈ ਅਧਿਆਪਕ, ਰਵਿੰਦਰ ਕੁਮਾਰ ਕਲਰਕ,ਰਣਦੀਪ ਕੌਰ ਪੰਜਾਬੀ ਮਿਸਟ੍ਰੈਸ, ਰੀਨਾ ਰਾਣੀ ਸਸ ਮਿਸਟ੍ਰੈਸ, ਗੁਰਲੀਨ ਕੌਰ ਈਟੀਟੀ, ਜਸਵੰਤ ਰਾਏ ਈਟੀਟੀ, ਭਰਤ ਕੁਮਾਰ ਈਟੀਟੀ, ਸੋਨੀਆ ਗਰਗ ਮੈਥ ਮਿਸਟ੍ਰੈਸ, ਬਲਜੀਤ ਸਿੰਘ ਪੰਜਾਬੀ ਮਾਸਟਰ,ਉਂਕਾਰ ਸਿੰਘ ਹਿੰਦੀ ਮਾਸਟਰ,ਰਮਨਦੀਪ ਕੌਰ ਕੰਪਿਊਟਰ ਫੈਕਲਟੀ ਅਤੇ ਗੁਰਪ੍ਰੀਤ ਸਿੰਘ ਸਿੱਖਿਆ ਪ੍ਰੋਵਾਈਡਰ ਸਮੇਤ ਬਹੁਤ ਸਾਰੇ ਹੋਰ ਸਕੂਲ ਮੁਖੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱੱਚ ਕਰਵਾਇਆ ਗਿਆ ਹੈ।
ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਸਮੇਤ ਹੋਰਨਾਂ ਕਰਮਚਾਰੀਆਂ ਵੱਲੋਂ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਦੇ ਪੈਦਾ ਹੋ ਰਹੇ ਰੁਝਾਨ ਨੂੰ ਸਮਾਜ ਲਈ ਲਾਹੇਵੰਦ ਦੱਸਦਿਆਂ ਕਿਹਾ ਕਿ ਇਸ ਰੁਝਾਨ ਨਾਲ ਸਰਕਾਰੀ ਸਕੂਲਾਂ ਪ੍ਰਤੀ ਹੋਰਨਾਂ ਮਾਪਿਆਂ ਦੇ ਵਿਸਵਾਸ਼ ਵਿੱਚ ਵੀ ਇਜ਼ਾਫਾ ਹੋਵੇਗਾ।