ਨਗਰ ਕੌਂਸਲ ਦਫਤਰ ‘ਚ ਅੱਜ 11 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ ਅਤੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ
ਹਰਿੰਦਰ ਨਿੱਕਾ , ਬਰਨਾਲਾ 15 ਅਪ੍ਰੈਲ 2021
ਨਗਰ ਕੌਂਸਲ ਬਰਨਾਲਾ ਲਈ ਪ੍ਰਧਾਨਗੀ ਦੀ ਚੋਣ ਲਈ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆ ਹਨ। ਐਸਡੀਐਮ ਵਰਜੀਤ ਵਾਲੀਆ ਰਿਟਰਨਿੰਗ ਅਫਸਰ ਦੇ ਤੌਰ ਤੇ ਪਹਿਲਾਂ ਨਵੇਂ ਚੁਣੇ 31 ਮੈਂਬਰਾਂ ਨੂੰ ਅੱਜ 11 ਵਜੇ ਸਹੁੰ ਚੁਕਾਉਣਗੇ ਅਤੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਪ੍ਰਧਾਨ ਅਤੇ ਮੀਤ ਪ੍ਰਧਾਨ ਲਈ ਚੋਣ ਦਾ ਅਮਲ ਸ਼ੁਰੂ ਕਰਨਗੇ। ਕਾਂਗਰਸ ਪਾਰਟੀ ਕੋਲ ਬੇਸ਼ੱਕ ਹਾਊਸ ਵਿੱਚ 19 ਮੈਂਬਰਾਂ ਦਾ ਬਹੁਮਤ ਹੈ। ਪਰੰਤੂ ਪ੍ਰਧਾਨਗੀ ਅਤੇ ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਾਂਗਰਸੀਆਂ ਵਿੱਚ ਖਬਰ ਲਿਖੇ ਜਾਣ ਤੱਕ ਖਿੱਚੋਤਾਣ ਦਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰੀਆਂ ਦੀ ਚਰਚਾ ਅਨੁਸਾਰ ਹਲਕੇ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੇ ਸਭ ਤੋਂ ਕਰੀਬੀ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾਂ ਦੀ ਪਤਨੀ ਦੀਪਿਕਾ ਸ਼ਰਮਾਂ ਪ੍ਰਧਾਨਗੀ ਦੀ ਦੌੜ ਵਿੱਚ ਫਿਲਹਾਲ ਸਭ ਤੋਂ ਅੱਗੇ ਹਨ। ਪਰੰਤੂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੂੰ ਵੱਡੀ ਲੀਡ ਨਾਲ ਹਰਾਉਣ ਵਾਲੇ ਜੌਂਟੀ ਮਾਨ ਅਤੇ ਨਗਰ ਕੌਂਸਲ ਦੇ ਸਾਬਕਾ ਮੈਂਬਰ ਕੁਲਦੀਪ ਧਰਮਾ ਦੀ ਪਤਨੀ ਰੇਨੂੰ ਧਰਮਾ ਵੀ ਪ੍ਰਧਾਨਗੀ ਲਈ ਸਿਰਤੋੜ ਯਤਨ ਕਰ ਰਹੇ ਹਨ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਫੇਰੀ ਸਮੇਂ ਕਾਗਰਸੀ ਮੈਂਬਰਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਅਧਿਕਾਰ ਦੇ ਦਿੱਤੇ ਸਨ। ਜਿਸ ਕਾਰਣ ਉਦੋਂ ਤੋਂ ਹੀ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਗੇਂਦ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਬੰਦ ਮੁੱਠੀ ਵਿੱਚ ਹੀ ਹੈ। ਢਿੱਲੋਂ ਨੇ ਗੱਲਬਾਤ ਦੌਰਾਨ ਬੇਸ਼ੱਕ ਇਹ ਕਹਿ ਕੇ ਅਸਮੰਜਸ ਦੀ ਹਾਲਤ ਪੈਦਾ ਕਰ ਦਿੱਤੀ ਸੀ ਕਿ ਉਹ ਮੈਂਬਰਾਂ ਦੀ ਰਾਇ ਨਾਲ ਹੀ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਣਗੇ। ਮੈਂਬਰਾਂ ਦੀ ਰਾਇ ਤੋਂ ਬਿਨਾਂ ਪ੍ਰਧਾਨ ਨਹੀਂ ਥੋਪਣਗੇ।
ਮੱਖਣ ਸ਼ਰਮਾ ਦੀ ਚੇਅਰਮੈਨੀ ਤੇ ਟਿਕੀ ਕਈਆਂ ਦੀ ਨਜ਼ਰ !
ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਪਾਰਟੀ ਅਤੇ ਕੇਵਲ ਸਿੰਘ ਢਿੱਲੋਂ ਦੇ ਵਫਾਦਾਰਾਂ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹਨ। ਪਰੰਤੂ ਕੁਝ ਕਾਂਗਰਸੀ ਐਮ.ਸੀ. ਇਹ ਵੀ ਕਹਿੰਦੇ ਸੁਣੇ ਜਾ ਰਹੇ ਹਨ ਕਿ ਕਾਂਗਰਸ ਪਾਰਟੀ ਵਿੱਚ ਇੱਕ ਵਿਅਕਤੀ ਇੱਕ ਅਹੁਦੇ ਦਾ ਸਿਧਾਂਤ ਲਾਗੂ ਹੈ। ਜਿਸ ਕਾਰਣ ਕੇਵਲ ਸਿੰਘ ਢਿੱਲੋਂ , ਮੱਖਣ ਸ਼ਰਮਾ ਦੇ ਪਰਿਵਾਰ ਵਿੱਚ ਚੇਅਰਮੈਨੀ ਅਤੇ ਕੌਂਸਲ ਦੀ ਪ੍ਰਧਾਨਗੀ ਦਾ ਅਹੁਦਾ ਨਹੀਂ ਦੇਣਗੇ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੇਵਲ ਸਿੰਘ ਢਿੱਲੋਂ , ਦੀਪਿਕਾ ਸ਼ਰਮਾ ਨੂੰ ਨਗਰ ਕੌਂਸਲ ਦੀ ਪ੍ਰਧਾਨ ਬਣਾਉਂਦੇ ਹਨ ਤਾਂ ਮੱਖਣ ਸ਼ਰਮਾ ਤੋਂ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਲੈ ਸਕਦੇ ਹਨ। ਅਜਿਹਾ ਸੋਚਣ ਵਾਲੇ ਕਾਂਗਰਸੀਆਂ ਦੀ ਅੱਖ ਟਰੱਸਟ ਦੇ ਚੇਅਰਮੈਨ ਦੀ ਕਥਿਤ ਤੌਰ ਤੇ ਖਾਲੀ ਹੋਣ ਵਾਲੀ ਕੁਰਸੀ ਤੇ ਵੀ ਉੱਠ ਦਾ ਬੁੱਲ੍ਹ ਕਦੋਂ ਡਿੱਗੂ ਦੀ ਤਰਾਂ ਟਿਕੀ ਹੋਈ ਹੈ। ਉਧੱਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਪੁੱਛਣ ਤੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਹੀ ਮੇਰੇ ਆਗੂ ਹਨ, ਉਹਨਾਂ ਦਾ ਫੈਸਲਾ ਜੋ ਵੀ ਹੋਵੇ, ਮੈਨੂੰ ਖਿੜੇ ਮੱਥੇ ਮਨਜੂਰ ਹੋਵੇਗਾ। ਸ਼ਰਮਾ ਨੇ ਚੇਅਰਮੈਨੀ ਤੋਂ ਅਸਤੀਫਾ ਦੇਣ ਲਈ ਚੱਲ ਰਹੀਆਂ ਕਿਆਸਰਾਈਆਂ ਤੇ ਵਿਰਾਮ ਲਾਉਂਦਿਆਂ ਕਿਹਾ ਕਿ ਵੈਸੇ ਇੱਕ ਵਿਅਕਤੀ ਨੂੰ 1 ਅਹੁਦਾ ਦੇਣ ਦਾ ਪਾਰਟੀ ਦਾ ਨਿਯਮ ਮੇਰੇ ਉੱਪਰ ਲਾਗੂ ਨਹੀਂ ਹੁੰਦਾ। ਕਿਉਂਕਿ ਐਮ.ਸੀ. ਮੈਂ ਨਹੀਂ ਮੇਰੀ ਪਤਨੀ ਦੀਪਿਕਾ ਸ਼ਰਮਾ ਹੈ। ਫਿਰ ਵੀ ਮੇਰਾ ਕੋਈ ਵੀ ਫੈਸਲਾ ਕੇਵਲ ਸਿੰਘ ਢਿੱਲੋਂ ਦੇ ਹੀ ਹੱਥ ਹੈ। ਮੈਂ ਕਦੇ ਵੀ ਪਾਰਟੀ ਤੋਂ ਕੁਝ ਮੰਗ ਕੇ ਨਹੀਂ ਲਿਆ। ਹਮੇਸ਼ਾ ਪਾਰਟੀ ਅਤੇ ਕੇਵਲ ਸਿੰਘ ਢਿੱਲੋਂ ਨੇ ਮੇਰੀ ਇੱਛਾ ਤੋਂ ਹਮੇਸ਼ਾ ਵੱਧ ਕੇ ਹੀ ਮੈਨੂੰ ਮਾਣ ਬਖਸ਼ਿਆ ਹੈ।