ਸ਼ੈਲਰ ‘ਚੋਂ ਬਰਾਮਦ ਹੋਈ 3768 ਕੁਇੰਟਲ ਕਣਕ ਦਾ ਮੁੱਦਾ, ਤਫਤੀਸ਼ ਲਈ ਪੁਲਿਸ ਨੇ ਕਸੀ ਕਮਰ

Advertisement
Spread information

ਸ਼ੈਲਰ ‘ਚੋਂ ਬਰਾਮਦ 3 ਲੱਖ 76 ਹਜ਼ਾਰ 850 ਕਿੱਲੋ ਕਣਕ ਦੇ ਹੋਰ ਤੱਥ ਜੁਟਾਉਣ ਲਈ ਪੁਲਿਸ ਨੇ ਡਾਇਰੈਕਟਰ ਫੂਡ ਸਪਲਾਈ ਨੂੰ 2 ਤਕਨੀਕੀ ਮੈਂਬਰ ਦੇਣ ਲਈ ਭੇਜਿਆ ਪੱਤਰ


ਹਰਿੰਦਰ ਨਿੱਕਾ , ਬਰਨਾਲਾ 14 ਅਪ੍ਰੈਲ 2021

     ਪੰਜ ਦਿਨ ਪਹਿਲਾਂ ਫੂਡ ਸਪਲਾਈ ਵਿਭਾਗ ਦੇ ਵਿਜੀਲੈਂਸ ਵਿੰਗ ਅਤੇ ਮਾਰਕੀਟ ਕਮੇਟੀ ਦੇ ਸਟਾਫ ਵੱਲੋਂ ਸਾਂਝੇ ਤੌਰ ਤੇ ਫਰਮ ਮੈਸ: ਲਕਸਮੀ ਰਾਇਸ ਮਿਲਜ ਹੰਡਿਆਇਆ (ਬਰਨਾਲਾ) ਵਿਖੇ ਕੀਤੀ ਚੈਕਿੰਗ ਦੌਰਾਨ ਬਰਾਮਦ ਹੋਈ 3 ਲੱਖ 76 ਹਜ਼ਾਰ 850 ਕਿਲੋਗ੍ਰਾਮ ਕਣਕ ਸਬੰਧੀ ਬੇਸ਼ੱਕ ਪੁਲਿਸ ਵੱਲੋਂ ਐਫ.ਆਈ.ਆਰ ਦਰਜ਼ ਕਰ ਦਿੱਤੀ ਗਈ ਹੈ। ਪਰੰਤੂ ਕਣਕ ਦੀ ਠੱਗੀ ਦੇ ਇਸ ਮਾਮਲੇ ਦੀ ਜਾਂਚ ਲਈ ਹੁਣ ਪੁਲਿਸ ਨੇ ਡਾਇਰੈਕਟਰ ਫੂਡ ਸਪਲਾਈ ਵਿਭਾਗ ਪੰਜਾਬ ਨੂੰ ਪੱਤਰ ਭੇਜ ਕੇ ਤਫਤੀਸ਼ ਵਿੱਚ ਪੁਲਿਸ ਦਾ  ਸਹਿਯੋਗ ਕਰਕੇ ਹੋਰ ਤਕਨੀਕੀ ਤੱਥ ਜੁਟਾਉਣ ਲਈ ਦੋ ਤਕਨੀਕੀ ਮੈਂਬਰ ਨਿਯੁਕਤ ਕਰਨ ਲਈ ਲਿਖਿਆ ਗਿਆ ਹੈ । ਪੁਲਿਸ ਵੱਲੋਂ ਤਫਤੀਸ਼ ਨੂੰ ਅੰਜਾਮ ਤੱਕ ਲੈ ਜਾਣ ਲਈ ਬਕਾਇਦਾ ਡਾਇਰੈਕਟਰ ਫੂਡ ਸਪਲਾਈ ਪੰਜਾਬ ਨੂੰ ਪੱਤਰ ਵੀ ਭੇਜ ਦਿੱਤਾ ਗਿਆ ਹੈ। 

Advertisement

ਐਫ.ਆਈ.ਆਰ ਨੰਬਰ 165 ਦਫਾ 420 ,,,,

        ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਦੇ ਸਕੱਤਰ ਪ੍ਰਭਲੀਨ ਸਿੰਘ ਚੀਮਾ ਵੱਲੋਂ ਪੁਲਿਸ ਨੂੰ ਕੇਸ ਦਰਜ਼ ਕਰਨ ਲਈ ਭੇਜੀ ਸ਼ਕਾਇਤ ਵਿੱਚ ਦੱਸਿਆ ਗਿਆ ਸੀ ਕਿ ਮਿਤੀ 10-04-21 ਨੂੰ ਸਾਝੀ ਟੀਮ ਵਿੱਚ ਫੂਡ ਸਪਲਾਈ ਅਤੇ ਮਾਰਕੀਟ ਕਮੇਟੀ ਸਟਾਫ ਬਰਨਾਲਾ ਵੱਲੋਂ ਫਰਮ ਮੈਸ: ਲਕਸਮੀ ਰਾਇਸ ਮਿਲਜ ਹੰਡਿਆਇਆ (ਬਰਨਾਲਾ) ਵਿੱਚ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਉਕਤ ਜਗ੍ਹਾ ਤੇ ਅਣਅਧਿਕਾਰਤ ਤੌਰ ਤੇ ਰੱਖੀ 5037 ਗੱਟੇ ਕਣਕ ਭਰਤੀ 50 ਕਿੱਲੋ ਅਤੇ 2500 ਗੱਟੇ ਲੂਜ 15 ਢੇਰੀਆਂ ਕਣਕ ਦੀਆਂ ਪਾਈਆਂ ਗਈਆਂ ਹਨ । ਉਕਤ ਜਗ੍ਹਾ ਨੂੰ ਨਾ ਤਾਂ ਸਰਕਾਰ ਵੱਲੋਂ ਪ੍ਰਾਈਵੇਟ ਮੰਡੀ ਯਾਰਡ ਘੋਸ਼ਿਤ ਕੀਤਾ ਹੋਇਆ ਹੈ ਅਤੇ ਨਾ ਹੀ ਮੰਡੀ ਬੋਰਡ ਵੱਲੋਂ ਕੋਈ ਪਾਸ ਜਾਰੀ ਕੀਤੇ ਗਏ ਸਨ । ਉਕਤ ਅਣਅਧਿਕਾਰਤ ਪਈ ਕਣਕ ਤੋਂ ਇੰਝ ਜਾਪਦਾ ਹੈ ਕਿ ਇਹ ਕਣਕ ਦੂਜੇ ਰਾਜਾਂ ਤੋਂ ਘੱਟ ਰੇਟ ਤੇ ਖਰੀਦ ਕਰਕੇ ਪੰਜਾਬ ਵਿੱਚ ਐਮ.ਐਸ.ਪੀ ਤੇ ਵੇਚਣ ਲਈ ਲਿਆਂਦੀ ਗਈ ਹੈ ।  ਜਿਸ ਨਾਲ ਬੋਗਸ ਖਰੀਦ ਅਤੇ ਰਾਜ ਸਰਕਾਰ ਨੂੰ ਵਿੱਤੀ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਲਈ ਫਰਮ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀ.ਐਸ.ਪੀ. ਟਿਵਾਣਾ ਨੇ ਦੱਸਿਆ ਕਿ ਸਕੱਤਰ ਦੀ ਸ਼ਕਾਇਤ ਦੇ ਅਧਾਰ ਤੇ ਫਰਮ ਮੈਸ: ਲਕਸਮੀ ਰਾਇਸ ਮਿਲਜ ਹੰਡਿਆਇਆ (ਬਰਨਾਲਾ) ਦੇ ਖਿਲਾਫ ਅਧੀਨ ਜੁਰਮ 420 ਆਈ.ਪੀ.ਸੀ. ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ਼ ਕੀਤਾ ਗਿਆ ਹੈ।

ਹਾਈਪਾਵਰ ਕਮੇਟੀ ਦੀ ਜਾਂਚ ਤੋਂ ਬਾਅਦ ਹੋਊ ਅਗਲੀ ਕਾਰਵਾਈ-ਟਿਵਾਣਾ

       ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਬੇਸ਼ੱਕ ਸ਼ਕਾਇਤ ਦੇ ਅਧਾਰ ਤੇ ਐਫ.ਆਈ.ਆਰ ਦਰਜ਼ ਕਰ ਦਿੱਤੀ ਗਈ ਹੈ । ਪਰੰਤੂ ਪੁਲਿਸ ਤਫਤੀਸ਼ ਵਿੱਚ ਤਕਨੀਕੀ ਤੌਰ ਤੇ ਸਹਿਯੋਗ ਕਰਨ ਲਈ 2 ਤਕਨੀਕੀ ਮੈਂਬਰ ਦੇਣ ਲਈ ਡਾਇਰੈਕਟਰ ਫੂਡ ਸਪਲਾਈ ਵਿਭਾਗ ਪੰਜਾਬ ਨੂੰ ਮਾਨਯੋਗ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਰਾਹੀਂ ਪੱਤਰ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਇਹ ਫੈਸਲਾ ਕਣਕ ਦੀ ਖਰੀਦ ਨਾਲ ਜੁੜੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਕੀਤੀ ਵਿਚਾਰ ਚਰਚਾ ਤੋਂ ਬਾਅਦ ਹੀ ਲਿਆ ਗਿਆ ਹੈ। ਉਨਾਂ ਕਿਹਾ ਕਿ ਸਰਕਾਰੀ ਛੁੱਟੀਆਂ ਕਾਰਣ ਹਾਈਪਾਵਰ ਕਮੇਟੀ ਦੇ ਗਠਨ ਵਿੱਚ ਦੇਰੀ ਜਰੂਰ ਹੋਈ ਹੈ। ਉਮੀਦ ਹੈ ਜਲਦ ਹੀ ਡਾਇਰੈਕਟਰ ਫੂਡ ਸਪਲਾਈ ਵਿਭਾਗ ਪੰਜਾਬ , ਪੁਲਿਸ ਟੀਮ ਨੂੰ ਅਸਿਸਟ ਕਰਨ ਲਈ 2 ਤਕਨੀਕੀ ਮੈਂਬਰ ਨਿਯੁਕਤ ਕਰ ਦੇਣਗੇ। ਉਨਾਂ ਕਿਹਾ ਕਿ ਜੋ ਵੀ ਵਿਅਕਤੀ ਬੋਗਸ ਖਰੀਦ ਅਤੇ ਸਰਕਾਰ ਨੂੰ ਵਿੱਤੀ ਨੁਕਸਾਨ ਕਰਨ ਦਾ ਦੋਸ਼ੀ ਸਾਹਮਣੇ ਆਇਆ। ਉਸ ਨੂੰ ਕੇਸ ਵਿੱਚ ਦੋਸ਼ੀ ਨਾਮਜ਼ਦ ਕਰਕੇ ਅਗਲੀ ਤਫਤੀਸ਼ ਨੂੰ ਅੱਗੇ ਵਧਾਇਆ ਜਾਵੇਗਾ ।

ਮਾਮਲਾ ਕਾਫੀ ਸੰਗੀਨ, ਨਹੀਂ ਬਖਸ਼ਿਆ ਜਾਵੇਗਾ ਕੋਈ ਵੀ ਦੋਸ਼ੀ-ਐਸ.ਐਸ.ਪੀ. ਗੋਇਲ

       ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਕਿਹਾ ਕਿ ਬਾਹਰੀ ਰਾਜਾਂ ਤੋਂ ਘੱਟ ਰੇਟ ਤੇ ਗੈਰਕਾਨੂੰਨੀ ਢੰਗ ਨਾਲ ਕਣਕ ਲਿਆਕੇ ਪੰਜਾਬ ਰਾਜ ਵਿੱਚ ਐਮ.ਐਸ.ਪੀ. ਦੇ ਭਾਅ ਤੇ ਵੇਚਣਾ ਕਾਫੀ ਸੰਗੀਨ ਕਿਸਮ ਦਾ ਜੁਰਮ ਹੈ। ਅਜਿਹੇ ਧੰਦੇ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਬੇਨਕਬ ਕਰਨ ਵਿੱਚ ਜਰਾ ਜਿੰਨੀਂ ਵੀ ਢਿੱਲ ਨਹੀਂ ਵਰਤੀ ਜਾਵੇਗੀ । ਦੋਸ਼ੀ ਕਿੰਨਾਂ ਵੱਡਾ ਅਤੇ ਰਸੂਖਦਾਰ ਕਿਉਂ ਨਾ ਹੋਵੇ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਸ੍ਰੀ ਗੋਇਲ ਨੇ ਕਿਹਾ ਕਿ ਇੱਕ ਪਾਸੇ ਗਰੀਬ ਲੋਕ ਬਹੁਤ ਔਖੀਆਂ ਹਾਲਤਾਂ ਵਿੱਚ ਜੂਨ ਗੁਜਾਰਾ ਕਰ ਰਹੇ ਹਨ, ਦੂਜੇ ਪਾਸੇ ਕੁਝ ਚੋਰਬਜ਼ਾਰੀ ਕਰਨ ਵਾਲੇ ਵਿਅਕਤੀ ਅੰਨ੍ਹੀ ਲੁੱਟ ਮਚਾ ਕੇ ਤਿਜ਼ੋਰੀਆਂ ਭਰਨ ਤੇ ਲੱਗੇ ਹੋਏ ਹਨ। ਉਨਾਂ ਕਿਹਾ ਕਿ ਪੁਲਿਸ ਆਪਣੇ ਸੋਰਸਾਂ ਰਾਹੀਂ ਵੀ ਅਜਿਹੀ ਚੋਰਬਜ਼ਾਰੀ ਕਰਨ ਵਾਲਿਆਂ ਤੇ ਗਹਿਰਾਈ ਨਾਲ ਨਜ਼ਰ ਰੱਖ ਰਹੀ ਹੈ। ਅਜਿਹੇ ਲੋਕਾਂ ਨੂੰ ਵੀ ਬੇਨਕਾਬ ਕੀਤਾ ਜਾਵੇਗਾ। ਤਾਂਕਿ ਸਰਕਾਰੀ ਖਜ਼ਾਨੇ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਿਆ ਜਾ ਸਕੇ। 

ਸ਼ੱਕ ਦੇ ਘੇਰੇ ਵਿੱਚ ਆਈ,ਇੱਕ ਫੂਡ ਸਪਲਾਈ ਇੰਸਪੈਕਟਰ ਦੀ ਭੂਮਿਕਾ !

          ਗੈਰਕਾਨੂੰਨੀ ਢੰਗ ਨਾਲ ਲਕਸ਼ਮੀ ਰਾਈਸ ਮਿੱਲ ਵਿੱਚ ਰੱਖੀ ਬਰਾਮਦ ਹੋਈ ਕਣਕ ਦੀਆਂ ਪਰਤਾਂ ਕੁਝ ਇਸ ਤਰਾਂ ਖੁੱਲ੍ਹ ਰਹੀਆਂ ਹਨ ਕਿ ਸਾਰੇ ਗੜਬੜ ਘੋਟਾਲੇ ਵਿੱਚ ਫੂਡ ਸਪਲਾਈ ਵਿਭਾਗ ਦੇ ਇੱਕ ਇੰਸਪੈਕਟਰ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਉਸ ਫੂਡ ਸਪਲਾਈ ਇੰਸਪੈਕਟਰ ਨੇ ਗੁੱਡ ਫੇਥ ਵਿੱਚ ਹੀ ਬੰਦ ਪਏ ਸ਼ੈਲਰ ਵਿੱਚ,  ਹੰਡਿਆਇਆ ਦੀ ਇੱਕ ਫਲੋਰ ਮਿੱਲ ਦੇ ਮਾਲਿਕ ਨੂੰ ਪਨਗਰੇਨ ਦੇ ਆਰ.ਉ ਤੇ ਅਲਾਟ ਕੀਤੀ ਕਣਕ ਰਖਵਾ ਦਿੱਤੀ ਗਈ ਸੀ। ਫਲੋਰ ਮਿੱਲ ਮਾਲਿਕ ਵੱਲੋਂ ਆਪਣੀ ਜਰੂਰਤ ਲਈ ਅਲਾਟ ਕਰਵਾਈ ਕਣਕ , ਮਿੱਲ ਮਾਲਿਕ ਨੇ ਸ਼ੈਲਰ ਵਿੱਚ ਬਾਹਰ ਕਿਉਂ ਰੱਖੀ ? ਜਰੂਰਤ ਦੱਸ ਕੇ ਲਈ ਕਣਕ ਨੂੰ ਆਟਾ ਤਿਆਰ ਕਰਨ ਲਈ ਵਰਤਿਆ ਕਿਉਂ ਨਹੀਂ ਗਿਆ ? ਜੇਕਰ ਜਰੂਰਤ ਹੀ ਨਹੀਂ ਸੀ, ਫਿਰ ਕਣਕ ਅਲਾਟ ਕਿਉਂ ਕਰਵਾਈ ? ਅਲਾਟ ਕਰਵਾਈ ਕੁੱਲ ਕਣਕ ਵਿੱਚੋਂ ਕਿੰਨ੍ਹੀਂ ਕਣਕ ਆਟਾ ਪੀਸਣ ਲਈ ਵਰਤੀ ਗਈ ? ਅਜਿਹੇ ਹੀ ਕੁਝ ਸਵਾਲਾਂ ਨੂੰ ਪੜਤਾਲ ਰਾਹੀਂ ਸਾਹਮਣੇ ਆਉਣ ਵਾਲੇ ਜੁਆਬਾਂ ਦੀ ਉਡੀਕ ਹੈ। ਪਤਾ ਇਹ ਵੀ ਲੱਗਿਆ ਹੈ ਕਿ ਫਲੋਰ ਮਿੱਲ ਮਾਲਿਕ ਦਾ ਲਕਸ਼ਮੀ ਰਾਈਸ ਮਿੱਲ ਨਾਲ ਸ਼ੈਲਰ ਨੂੰ ਸਟੋਰ ਦੇ ਤੌਰ ਤੇ ਇਸਤੇਮਾਲ ਕਰਨ ਲਈ ਕੋਈ ਐਗਰੀਮੈਂਟ ਵੀ ਫਿਲਹਾਲ ਸਾਹਮਣੇ ਨਹੀਂ ਆਇਆ ।

ਉਪਨ ਪਲੰਥਾਂ ਤੋਂ ਭੇਜੀ ਗਈ ਵਾਧੂ ਕਣਕ !

        ਸਰਕਾਰੀ ਖਰੀਦ ਏਜੰਸੀਆਂ ਦੇ ਕੰਮ ਕਾਰ ਨੂੰ ਨੇੜਿਉਂ ਵੇਖਣ ਵਾਲਿਆਂ ਅਨੁਸਾਰ ਕੁਝ ਉਪਨ ਪਲੰਥਾਂ ਤੇ ਰੱਖੀ ਹੋਈ ਕਣਕ ਵਿੱਚੋਂ ਕੁਝ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਆਪਸੀ ਮਿਲੀਭੁਗਤ ਨਾਲ ਕਾਫੀ ਕਣਕ ਚੋਰੀ ਕਰਵਾਉਂਦੇ ਹਨ । ਬਾਅਦ ਵਿੱਚ ਕਣਕ ਨੂੰ ਬਾਰਿਸ਼ਾਂ ਦੌਰਾਨ ਭਿੱਜਣ ਲਈ ਛੱਡ ਦਿੱਤਾ ਜਾਂਦਾ ਹੈ ਜਾਂ ਬਾਰਿਸ਼ ਨਾ ਹੋਣ ਦੀ ਸੂਰਤ ਵਿੱਚ ਕਣਕ ਨੂੰ ਖੁਦ ਭਿਉਂ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਦੌਰਾਨ ਕਣਕ ਦਾ ਭਾਰ ਕਾਫੀ ਵੱਧ ਜਾਂਦਾ ਹੈ ਅਤੇ ਕਣਕ ਬਦਰੰਗ ਯਾਨੀ ਕਾਲੀ ਵੀ ਹੋ ਜਾਂਦੀ ਹੈ।  ਵਾਧੂ ਕਣਕ ਨੂੰ ਫਿਰ ਫਲੋਰ ਮਿੱਲ ਵਾਲਿਆਂ ਨੂੰ ਵੇਚ ਦਿੱਤਾ ਜਾਂਦਾ ਹੈ। ਬਦਰੰਗ ਯਾਨੀ ਕਾਲੀ ਕਣਕ ਨੂੰ 400 ਤੋਂ ਲੈ ਕੇ 500 ਰੁਪਏ ਪ੍ਰਤੀ ਕਿਵੰਟਲ ਦੇ ਭਾਅ ਤੇ ਵੇਚ ਦਿੱਤਾ ਜਾਂਦਾ ਹੈ। ਫਲੋਰ ਮਿੱਲ ਵਾਲੇ ਅਜਿਹੀ ਖਰਾਬ ਕਣਕ ਨੂੰ ਅਸਲੀ ਕਣਕ ਵਿੱਚ ਪੀਸ ਕੇ ਮੋਟੀ ਕਮਾਈ ਕਰਦੇ ਹਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਵੀ ਕਰਦੇ ਹਨ। ਅਜਿਹੇ ਵਰਤਾਰੇ ਨੂੰ ਬੇਪਰਦ ਕਰਨ ਸਬੰਧੀ ਸ਼ਹਿਰ ਵਾਸੀ ਇੱਕ ਵਿਅਕਤੀ ਨੇ 20/11/2020 ਨੂੰ ਇੱਕ ਸ਼ਕਾਇਤ ਤੱਥਾਂ ਸਹਿਤ ਐਸ.ਐਸ.ਪੀ. ਵਿਜੀਲੈਂਸ ਪਟਿਆਲਾ ਅਤੇ ਹੋਰਨਾਂ ਵਿਭਾਗਾਂ ਨੂੰ ਵੀ ਕੀਤੀ ਸੀ। ਜਿਸ ਨੂੰ ਵਿਜੀਲੈਂਸ ਬਿਊਰੋ ਪੰਜਾਬ ਦੇ ਅਧਿਕਾਰੀਆਂ ਨੇ ਜਾਂਚ ਲਈ 13 ਮਾਰਚ 2021 ਨੂੰ ਚੀਫ ਵਿਜੀਲੈਂਸ ਅਫਸਰ/ ਐਡੀਸ਼ਨਲ ਡਾਇਰੈਕਟਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਪੰਜਾਬ ਚੰਡੀਗੜ੍ਹ ਕੋਲ ਭੇਜ ਦਿੱਤਾ ਗਿਆ ਹੈ। 

Advertisement
Advertisement
Advertisement
Advertisement
Advertisement
error: Content is protected !!