ਸਿੱਖਿਆ ਅਧਿਕਾਰੀਆਂ ਨੇ ਲੋਕਾਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਾਉਣ ਦਾ ਦਿੱਤਾ ਸੱਦਾ
ਮੇਲੇ ਦੀਆਂ ਰੌਣਕਾਂ ਦੇ ਬਾਵਜੂਦ ਮਾਪਿਆਂ ਨੇ ਨਵੇਂ ਦਾਖਲਿਆਂ ਲਈ ਬੱਚਿਆਂ ਦੇ ਨਾਮ ਦਰਜ਼ ਕਰਵਾਏ
ਸਿੱਖਿਆ ਪ੍ਰਤੀਨਿਧ , ਤਲਵੰਡੀ ਸਾਬੋ 13 ਅਪ੍ਰੈਲ 2021
ਸਿੱਖਿਆ ਵਿਭਾਗ ਪੰਜਾਬ ਦੀ ਦਾਖਲਾ ਮੁਹਿੰਮ ਹੁਣ ਮੇਲਿਆਂ ‘ਤੇ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣਨ ਲੱਗੀ ਹੈ। ਮੇਲੇ ਦੀਆਂ ਭਾਰੀ ਰੌਣਕਾਂ ਦੇ ਬਾਵਜੂਦ ਮਾਪੇ ਬੱਚਿਆਂ ਦੇ ਭਵਿੱਖ ਲਈ ਫਿਕਰਮੰਦ ਦਿਸੇ ਅਤੇ ਮੌਕੇ ‘ਤੇ ਅਨੇਕਾਂ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਮ ਸਰਕਾਰੀ ਸਕੂਲਾਂ ਵਿੱਚ ਦਰਜ਼ ਕਰਵਾਏ। ਵਿਸਾਖੀ ਮੇਲੇ ਮੌਕੇ ਦਮਦਮਾ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਵਿਭਾਗ ਬਠਿੰਡਾ ਦੀ ਰਹਿਨੁਮਾਈ ਹੇਠ ਥਾਂ ਥਾਂ ਨੁੱਕੜ ਨਾਟਕ, ਸਮਾਰਟ ਸਕੂਲਾਂ ਦੀਆਂ ਵੀਡੀਓਜ਼ ਵੱਡੀਆਂ ਸਕਰੀਨਾਂ ਤੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ ਅਤੇ ਅਧਿਆਪਕਾਂ ਵੱਲ੍ਹੋਂ ਮੇਲੇ ਦੌਰਾਨ ਵੱਡੀ ਪੱਧਰ ‘ਤੇ ਪੈਫਲਿਟ ਵੰਡੇ ਗਏ। ਲੋਕਾਂ ਵੱਲ੍ਹੋਂ ਵੀ ਹੁਣ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੀ ਹਾਮੀ ਭਰੀ ਗਈ।
ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੇਵਾ ਸਿੰਘ ਸਿੱਧੂ, ਡਿਪਟੀ ਡੀਈਓ ਐਲੀਮੈਂਟਰੀ ਬਲਜੀਤ ਸਿੰਘ ਸੰਦੋਹਾ ਨੇ ਨੁਕੜ ਨਾਟਕਾਂ ਦੇ ਵੱਡੇ ਇਕੱਠਾਂ ਦੌਰਾਨ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਹੁਣ ਸਰਕਾਰੀ ਸਕੂਲਾਂ ਦੇ ਹਾਣ ਦਾ ਕੋਈ ਪ੍ਰਾਈਵੇਟ ਸਕੂਲ ਨਹੀਂ ਹੈ, ਸਮਾਰਟ ਸਿੱਖਿਆ ਨੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਹੈ, ਸਕੂਲਾਂ ਦੀ ਚਮਕ ਦਮਕ ਹੀ ਨਹੀਂ, ਸਗੋਂ ਪੜ੍ਹਾਈ ਦੇ ਮਿਆਰ ਨੇ ਮਾਪਿਆਂ ਦਾ ਭਰੋਸਾ ਜਿੱਤਿਆ ਹੈ। ਸ਼ਾਨਦਾਰ ਬਿਲਡਿੰਗਾਂ, ਪੰਜਾਬੀ ਇੰਗਲਿਸ਼ ਮੀਡੀਅਮ, ਸਮਾਰਟ ਪ੍ਰੋਜੈਕਟਰਾਂ, ਈ-ਕੰਟੈਂਟ ਰਾਹੀ ਪੜ੍ਹਾਈ, ਹਰ ਤਰ੍ਹਾਂ ਦੀਆਂ ਆਧੁਨਿਕ ਲੈਬ, ਲਾਇਬਰੇਰੀਆਂ, ਵਿਸ਼ਾਵਾਰ ਪਾਰਕਾਂ,ਆਧੁਨਿਕ ਖੇਡ ਗਰਾਊਂਡਾਂ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ।ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਦਮਦਮਾ ਸਾਹਿਬ ਵਿਖੇ ਲੱਗੇ ਮੇਲੇ ਦੌਰਾਨ ਸਿੱਖਿਆ ਵਿਭਾਗ ਦੀ ਦਾਖਲਾ ਮੁਹਿੰਮ ਨੇ ਪੂਰੇ ਮਾਲਵਾ ਪੱਟੀ ਚ ਸਰਕਾਰੀ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਵੱਡੀ ਲਹਿਰ ਨੂੰ ਜਨਮ ਦਿੱਤਾ। ਉਨ੍ਹਾਂ ਦੱਸਿਆ ਕਿ ਹੋਰਨਾਂ ਮਾਪਿਆਂ ਤੋ ਇਲਾਵਾ ਤਲਵੰਡੀ ਸਾਬੋ ਤੋ ਗੁਰਜੰਟ ਸਿੰਘ,ਸੇਖਪੁਰਾ ਤੋ ਹਰਭਜਨ ਸਿੰਘ ਨੇ ਮੇਲੇ ਦੇ ਸਾਰੇ ਰੁਝੇਵੇਂ ਤਿਆਗ ਕੇ ਆਪਣੇ ਬੱਚਿਆਂ ਦੇ ਨਾਮ ਸਰਕਾਰੀ ਸਕੂਲਾਂ ਲਈ ਦਰਜ਼ ਕਰਵਾਏ। ਚਹਿਲਾਂ ਵਾਲੀ ਤੋਂ ਆਏ ਇੱਕ ਕਲੱਬ ਪ੍ਰਧਾਨ ਨੇ ਦੱਸਿਆ ਕਿ ਉਹ ਖੁਦ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਕਾਰਗੁਜ਼ਾਰੀ ਤੋ ਪ੍ਰਭਾਵਿਤ ਹੋ ਕੇ ਉਸ ਦੀ ਹੋਰ ਨੁਹਾਰ ਬਦਲਣ ਲਈ ਯਤਨਸ਼ੀਲ ਹਨ। ਮੋਗਾ ਜ਼ਿਲ੍ਹੇ ਦੇ ਖੋਸਾ ਪਾਡੋਂ ਤੋਂ ਆਏ ਬੁਜਰਗ ਲਛਮਣ ਸਿੰਘ ਨੇ ਦੱਸਿਆ ਕਿ ਉਸ ਦੇ ਪੰਜੇ ਧੀ ਪੁੱਤਰ ਸਰਕਾਰੀ ਸਕੂਲਾਂ ਤੋ ਪੜ੍ਹ ਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ।
ਇਸ ਦਾਖਲਾ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਨਿਰਭੈ ਸਿੰਘ ਭੁੱਲਰ,ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਆਰਗੇਨਾਈਜ਼ਰ ਸਕਾਊਟਸ, ਪ੍ਰਿੰਸੀਪਲ ਜਸਪਾਲ ਸਿੰਘ ਸਿੱਖਿਆ ਸੁਧਾਰ ਟੀਮ ਇੰਚਾਰਜ, ਪ੍ਰਿੰਸੀਪਲ ਬਿਕਰਮਜੀਤ ਸਿੱਧੂ, ਪ੍ਰਿੰਸੀਪਲ ਡੀ ਕੇ ਗੋਇਲ, ਪ੍ਰਿੰਸੀਪਲ ਕਰਮਜੀਤ ਸਿੰਘ,ਲੋਕ ਗਾਇਕ ਬਲਵੀਰ ਚੋਟੀਆਂ,ਮਾਸਟਰ ਚੰਦਰ ਸ਼ੇਖਰ, ਜਸਵਿੰਦਰ ਸਿੰਘ ਚਾਹਲ, ਬਲਵਿੰਦਰ ਸਿੰਘ ਬਾਘਾ, ਇਕਬਾਲ ਸਿੰਘ ਬਲਾਕ ਕੋਆਰਡੀਨੇਟਰ, ਰਾਜਿੰਦਰ ਸਿੰਘ ਸਟੇਟ ਐਵਾਰਡੀ, ਕਮਲਜੀਤ ਸਿੰਘ, ਹਰਪ੍ਰੀਤ ਸਿੰਘ ਜਟਾਣਾ ਅਤੇ ਗੁਰਪਿਆਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਸੁਖਪਾਲ ਸਿੰਘ ਸਿੱਧੂ ਦਾ ਗੀਤ ” ਚਲੋ ਚਲੋ ਸਰਕਾਰੀ ਸਕੂਲ ” ਅਤੇ ਲੈਕਚਰਾਰ ਹੰਸ ਸਿੰਘ ਸੋਹੀ ਦਾ ਗੀਤ “ਆਜੋ ਆਜੋ ਆਜੋ,ਰੁੱਤ ਦਾਖਲਿਆਂ ਦੀ ਆਈ ਐ “ਮੇਲੇ ਦੌਰਾਨ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ।