10 ਅਪ੍ਰੈਲ ਨੂੰ ਮਹਿਲ ਕਲਾਂ ਦੇ ਜੰਗ ਸਿੰਘ ਪਾਰਕ ਵਿੱਚ ਸੱਦੀ ਮੀਟਿੰਗ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 07 ਅਪ੍ਰੈਲ 2021
ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਿਆਂ ਹੀ ਹਲਕਾ ਮਹਿਲ ਕਲਾਂ ਵਿਚ ਸਿਆਸੀ ਗਤੀਵਿਧੀਆਂ ਜ਼ੋਰ ਫੜਨ ਲੱਗੀਆਂ ਹਨ। ਸੱਤਾਧਾਰੀ ਧਿਰ ਕਾਂਗਰਸ ਦੀ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਲਈ ਆਪਣੀ ਹੀ ਪਾਰਟੀ ਦੇ ਟਕਸਾਲੀ ਆਗੂ ਤੇ ਵਰਕਰ ਸਿਆਸੀ ਸ਼ਰੀਕ ਬਣ ਕੇ ਟੱਕਰਨ ਲਈ ਕਮਰ ਕੱਸ ਕਰ ਲਏ ਹਨ। ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਬੀਬੀ ਘਨੌਰੀ ਦੀ ਕਾਂਗਰਸ ਦੀ ਸੰਭਾਵੀ ਉਮੀਦਵਾਰੀ ਵਿਰੁੱਧ ਟਕਸਾਲੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਹੁਣੇ ਤੋਂ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਬੀਬੀ ਘਨੌਰੀ ਦੇ ਵਿਰੋਧੀ ਧੜੇ ਨੇ ਕਾਂਗਰਸ ਦੇ ਹੀ ਅਹਿਮ ਅਹੁਦੇਦਾਰਾਂ ਦੀ ਅਗਵਾਈ ਹੇਠ ਮਹਿਲ ਕਲਾਂ ਵਿੱਚ ਇੱਕ ਹੰਗਾਮੀ ਮੀਟਿੰਗ ਕਰਕੇ ਬੀਬੀ ਘਨੌਰੀ ਨੂੰ ਕਾਂਗਰਸੀ ਉਮੀਦਵਾਰ ਵਜੋਂ ਪ੍ਰਵਾਨ ਕਰਨ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਹੈ।
ਵਿਰੋਧੀ ਧੜੇ ਦੇ ਆਗੂਆਂ ਦਾ ਕਹਿਣਾ ਹੈ ਕਿ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾ ਰਿਹਾ ਅਤੇ ਬੀਬੀ ਘਨੌਰੀ ਵੱਲੋਂ ਬਤੌਰ ਹਲਕਾ ਇੰਚਾਰਜ ਕੀਤੀਆਂ ਜਾ ਰਹੀਆਂ ਆਪਹੁਦਰੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।ਵਿਰੋਧੀ ਧੜੇ ਦੇ ਆਗੂਆਂ ਦੀ ਮੰਗ ਹੈ ਕਿ ਕਾਂਗਰਸ ਹਾਈ ਕਮਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਬੀਬੀ ਘਨੌਰੀ ਦੀ ਥਾਂ ਕਿਸੇ ਯੋਗ ਆਗੂ ਨੂੰ ਟਿਕਟ ਦਿੱਤੀ ਜਾਵੇ।ਬੇਸ਼ੱਕ ਵਿਰੋਧੀ ਧਿਰ ਦੀ ਇਲਜ਼ਾਮਬਾਜ਼ੀ ਤੋਂ ਬਾਅਦ ਬੀਬੀ ਘਨੌਰੀ ਨੇ ਵੀ ਆਪਣੇ ਹਮਾਇਤੀ ਕਾਂਗਰਸੀਆਂ ਨਾਲ ਪ੍ਰੈੱਸਵਾਰਤਾ ਕਰਕੇ ਵਿਰੋਧੀਆਂ ਨੂੰ ਮੋੜਵਾਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਵੀ ਬੀਬੀ ਘਨੌਰੀ ਦੀਆਂ ਮੁਸ਼ਕਲਾਂ ਘੱਟ ਹੋਣ ਦੀ ਥਾਂ ਵਧਦੀਆਂ ਹੀ ਜਾ ਰਹੀਆਂ ਹਨ।ਮਹਿਲ ਕਲਾਂ ਵਿੱਚ ਬੀਬੀ ਘਨੌਰੀ ਦੀ ਸਿਆਸੀ ਪੈਂਹਠ ਪਹਿਲਾਂ ਹੀ ਕਮਜ਼ੋਰ ਸੀ ਪਰ ਹੁਣ ਵਿਰੋਧੀ ਧੜੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਸਰਗਰਮੀਆਂ ਨਾਲ ਬੀਬੀ ਘਨੌਰੀ ਦੇ ਸਿਆਸੀ ਭਵਿੱਖ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।ਬੀਬੀ ਘਨੌਰੀ ਦਾ ਬਤੌਰ ਕਾਂਗਰਸੀ ਉਮੀਦਵਾਰ ਪੱਤਾ ਕੱਟਣ ਲਈ ਯਤਨਸ਼ੀਲ ਵਿਰੋਧੀ ਧੜਾ ਹੁਣ ਅਗਲੀ ਰਣਨੀਤੀ ਲਈ ਲਾਮਬੰਦੀ ਕਰ ਰਿਹਾ ਹੈ।
ਵਿਰੋਧੀ ਧੜੇ ਦੇ ਆਗੂ ਸਰਪੰਚ ਰਣਜੀਤ ਸਿੰਘ ਰਾਣਾ, ਕਾਂਗਰਸ ਸੇਵਾ ਦਲ ਦੇ ਜਿਲ੍ਹਾ ਪ੍ਰਧਾਨ ਹਰਭੁਪਿੰਦਰਜੀਤ ਸਿੰਘ ਲਾਡੀ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ,ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟਕਸਾਲੀ ਆਗੂਆਂ ਅਤੇ ਵਰਕਰਾਂ ਨਾਲ ਬੀਬੀ ਘਨੌਰੀ ਵੱਲੋਂ ਕੀਤੀਆਂ ਕਥਿਤ ਵਧੀਕੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ 10 ਅਪ੍ਰੈਲ ਨੂੰ ਸ਼ਹੀਦ ਜੰਗ ਸਿੰਘ ਪਾਰਕ ਮਹਿਲ ਕਲਾਂ ਵਿਖੇ ਇਕ ਜਨਤਕ ਇਕੱਠ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਜਨਤਕ ਮੀਟਿੰਗ ਦੀ ਤਿਆਰੀ ਲਈ ਹਲਕੇ ਦੇ ਪਿੰਡਾਂ ਅੰਦਰ ਲਾਮਬੰਦੀ ਮੁਹਿੰਮ ਵੱਡੇ ਪੱਧਰ ਤੇ ਵਿੱਢੀ ਗਈ ਹੈ ਜਿਸ ਨੂੰ ਟਕਸਾਲੀ ਵਰਕਰਾਂ ਵਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਸੋਹਣ ਸਿੰਘ ਗਹਿਲ,ਪਰਗਟ ਸਿੰਘ ਸਾਬਕਾ ਸਰਪੰਚ ਠੀਕਰੀਵਾਲ,ਮਹੰਤ ਗੁਰਮੀਤ ਸਿੰਘ ਠੀਕਰੀਵਾਲ,ਬਲਜੀਤ ਸਿੰਘ ਨਿਹਾਲੂਵਾਲ ਮੈਂਬਰ ਸ਼ਿਕਾਇਤ ਨਿਵਾਰਣ ਕਮੇਟੀ ਬਰਨਾਲਾ,ਨਾਮਧਾਰੀ ਭੁਪਿੰਦਰ ਸਿੰਘ ਛਾਪਾ,ਚੇਅਰਮੈਨ ਰਜਿੰਦਰ ਸਿੰਘ ਰਾਜੂ ਠੀਕਰੀਵਾਲ, ਦਵਿੰਦਰ ਸਿੰਘ ਲਾਲੀ ਮਨਾਲ, ਸਮਾਜ ਸੇਵੀ ਰਜਿੰਦਰ ਸਿੰਘ ਬਿੱਟੂ ਮਨਾਲ, ਕਰਤਾਰ ਸਿੰਘ, ਸਾਬਕਾ ਪੰਚ ਬਲਵੰਤ ਸਿੰਘ, ਡਾ ਸੁਖਪਾਲ ਸਿੰਘ ਅਤੇ ਨੰਬਰਦਾਰ ਬਲਵੀਰ ਸਿੰਘ ਮਨਾਲ ਆਦਿ ਆਗੂ ਹਾਜ਼ਰ ਸਨ।