ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਦੇ ਨਾਲ-ਨਾਲ ਟੀਕਾਕਰਨ ਵੀ ਜ਼ਰੂਰੀ- ਸ਼੍ਰੀ ਰਾਮਵੀਰ
ਹਰਪ੍ਰੀਤ ਕੌਰ , ਸੰਗਰੂਰ , 30 ਮਾਰਚ :2021
ਕੋਰੋਨਾ ਵਾਇਰਸ ਦੇ ਖਾਤਮੇ ਲਈ ਸਿਹਤ ਵਿਭਾਗ ਵੱਲੋਂ ਸ਼ੂਰੂ ਕੀਤੇ ਗਏ ਟੀਕਾਕਰਨ ਦੇ ਦੂਜੇ ਪੜਾਅ ਤਹਿਤ ਅੱਜ ਡਿਪਟੀ ਕਮਿਸ਼ਨਰ, ਸੰਗਰੂਰ ਦਫ਼ਤਰ ਦੇ 70 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਇਸ ਦੇ ਨਾਲ ਹੀ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਵੀ ਕੋਵੀਸ਼ੀਲਡ ਦੀ ਦੂਜੀ ਡੋਜ਼ ਲਗਵਾਈ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਜ਼ਿਲੇ ਦੇ ਸਮੂਹ ਫਰੰਟਲਾਈਨ ਵਰਕਰਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਅਤੇ ਅਸਰਦਾਇਕ ਹੈ। ਉਨਾਂ ਦੱਸਿਆ ਕਿ ਕੋਵਿਡ 19 ਵੈਕਸੀਨ ਜ਼ਿਲੇ ਦੇ ਵੱਖ-ਵੱਖ ਸਿਹਤ ਕੇਂਦਰਾਂ ’ਤੇ ਮੁਫ਼ਤ ਲਗਾਈ ਜਾ ਰਹੀ ਹੈ। ਉਨਾਂ ਕਿਹਾ ਕਿ 1 ਅਪ੍ਰੈਲ ਤੋਂ 45 ਸਾਲ ਤੋ ਵੱਧ ਉਮਰ ਦੇ ਹਰੇਕ ਵਿਅਕਤੀ ਨੰੂ ਕੋਵਿਡ ਵੈਕਸੀਨ ਲਗਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਕੋਵਿਡ 19 ਦੇ ਬਹੁਤ ਮਾਮਲੇ ਸਾਹਮਣੇ ਆ ਰਹੇ ਹਨ ਤੇ ਇਸ ਤੋਂ ਬਚਣ ਲਈ ਸਾਵਧਾਨੀਆਂ ਦੇ ਨਾਲ-ਨਾਲ ਵੈਕਸੀਨ ਵੀ ਬਹੁਤ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਵਿਅਕਤੀ ਕੋਵਿਡ ਵੈਕਸੀਨ ਲਗਾਉਣ ਤਾਂ ਜੋ ਕੋਰੋਨਾ ਵਾਇਰਸ ਦੀ ਚੇਨ ਨੰੂ ਤੋੜਿਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਧਾਲੀਵਾਲ ਨੇ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਲਾਉਣ ਉਪਰੰਤ ਕਿਹਾ ਕਿ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਤੇ ਉਨਾਂ ਨੂੰ ਦੋਵੇਂ ਡੋਜ਼ ਲੱਗਣ ਤੋਂ ਬਾਅਦ ਕੋਈ ਵੀ ਬੁਰਾ ਪ੍ਰਭਾਵ ਸਾਹਮਣੇ ਨਹੀਂ ਆਇਆ। ਉਨਾਂ ਕਿਹਾ ਸਾਰੇ ਫ਼ਰੰਟਲਾਈਨ ਕਾਮਿਆਂ ਨੰੂ ਕੋਵਿਡ ਦੀ ਵੈਕਸੀਨ ਲਗਾਉਣੀ ਚਾਹੀਦੀ ਹੈ ਤੇ ਹੋਰਾਂ ਨੰੂ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਦੱਸਿਆ ਡਿਪਟੀ ਕਮਿਸ਼ਨਰ ਦਫ਼ਤਰ ਦੇ 70 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਵੀਸ਼ੀਲਡ ਦੀ ਪਹਿਲੀ ਡੋਜ਼ ਲਗਾਈ ਗਈ ਹੈ। ਵੈਕਸੀਨ ਲਗਾਉਣ ਤੋਂ ਬਾਅਦ ਮੁਲਾਜ਼ਮਾਂ ਨੰੂ 30 ਮਿੰਟ ਲਈ ਆਬਜ਼ਰਵੇਸ਼ਨ ਰੂਮ ਵਿਚ ਰੱਖਿਆ ਗਿਆ। ਇਸ ਮੌਕੇ ਜ਼ਿਲਾ ਸਿਹਤ ਅਫ਼ਸਰ ਡਾ. ਐਸ.ਜੇ.ਸਿੰਘ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਇੰਦਰਜੀਤ ਸਿੰਗਲਾ, ਸੁਪਰਡੈਂਟ ਬਲਵਿੰਦਰ ਸਿੰਘ ਅੱਤਰੀ, ਐਮ.ਐਮ.ਯੂ. ਦੇ ਇੰਚਾਰਜ ਡਾ. ਪੁਰੀ, ਡਾ. ਰਮਨੇ ਬਾਂਸਲ ਅਤੇ ਜ਼ਿਲਾ ਮਾਸ ਮੀਡੀਆ ਵਿੰਗ ਤੋਂ ਵਿਜੇ ਕੁਮਾਰ ਤੇ ਦੀਪਕ ਸ਼ਰਮਾ ਆਦਿ ਹਾਜ਼ਰ ਸਨ।
ਮਿਸ਼ਨ ਫਤਿਹ-10 ਪਾਜੀਟਿਵ ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋਏ-ਡਿਪਟੀ ਕਮਿਸ਼ਨਰ
ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜਿਲ਼ੇ ’ਚ ਅੱਜ ਮਿਸ਼ਨ ਫਤਿਹ ਤਹਿਤ 10 ਪਾਜਿਟਿਵ ਮਰੀਜ਼ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਸਿਹਤਯਾਬ ਹੋਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦਿੱਤੀ। ਉਨਾਂ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ 3 ਮਰੀਜ਼ਾਂ ਨੇ ਹੋਮਆਈਸੋਲੇਸ਼ਨ ਤੋਂ, 1 ਮਰੀਜ਼ ਸੀ.ਐਮ.ਸੀ ਲੁਧਿਆਣਾ ਤੋਂ , 2 ਮਰੀਜ਼ ਪੀ.ਜੀ.ਆਈ ਤੋਂ , 1 ਮਰੀਜ਼ ਆਰ.ਐਚ ਪਟਿਆਲਾ ਤੋਂ, 1 ਮਰੀਜ਼ ਸਿਵਲ ਹਸਪਤਾਲ ਸੰਗਰੂਰ ਤੋਂ , 1 ਮਰੀਜ਼ ਬਠਿੰਡਾ ਪ੍ਰਾਈਵੇਟ ਹਸਪਤਾਲ ਅਤੇ 1 ਮਰੀਜ਼ ਗਲੋਬਲ ਹਾਰਟ ਹਸਪਤਾਲ ਲੁਧਿਆਣਾ ਤੋਂ ਇਲਾਜ ਦੌਰਾਨ ਕਰੋਨਾ ਨੂੰ ਹਰਾ ਕੇ ਸਿਹਤਯਾਬ ਹੋਏ।
ਉਨਾਂ ਕਿਹਾ ਕਿ ਹਾਲਾਂਕਿ ਇਹ ਕੋਵਿਡ-19 ਵਿਰੁੱਧ ਜੰਗ ’ਚ ਵੱਡੀ ਕਾਮਯਾਬੀ ਹੈ ਪਰ ਇਸ ਤੋਂ ਜੰਗ ਜਿੱਤਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਥੋੜੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਉਨਾਂ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਮੂੰਹ ’ਤੇ ਮਾਸਕ ਜ਼ਰੂਰ ਪਾਉਣ। ਉਨਾਂ ਕਿਹਾ ਕਿ ਇਸਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ।