ਹਰਿੰਦਰ ਨਿੱਕਾ , ਬਰਨਾਲਾ 27 ਮਾਰਚ 2021
ਜਿਲ੍ਹੇ ‘ਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ ਰੈਸਟ ਹਾਊਸ ਬਰਨਾਲਾ ਵਿਖੇ ਪਹੁੰਚੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਅਤੇ ਜਿਲ੍ਹਾ ਇੰਚਾਰਜ ਵਿਜੇ ਸਿੰਗਲਾ ਨੂੰ ਕਿਸਾਨਾਂ ਨੇ ਬੰਧਕ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ। ਗੇਟ ਤੇ ਧਰਨਾ ਲਾ ਕੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹੀ ਹਨ, ਪਰ ਕਿਸਾਨਾਂ ਦੇ ਭੇਸ ਵਿੱਚ ਕੁਝ ਮਾਉਵਾਦੀ ਆਗੂ ਆਪਣਾ ਲੁਕਿਆ ਏਜੰਡਾ ਲਾਗੂ ਕਰਨ ਲਈ, ਕਿਸਾਨਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹੀ ਹਨ, ਇਸ ਲਈ ਤਿੰਨੋਂ ਕਾਨੂੰਨ ਵਾਪਿਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬੀਕੇਯੂ ਉਗਰਾਹਾਂ ਦੇ ਸੀਨੀਅਰ ਆਗੂ ਬਲੌਰ ਸਿੰਘ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰੈਸਟ ਹਾਊਸ ਵਿੱਚ ਘੇਰੇ ਆਗੂਆਂ ਨੂੰ ਉਹ ਬਾਹਰ ਨਹੀਂ ਨਿੱਕਲਣ ਦੇਣਗੇ। ਉੱਧਰ ਐਸ ਪੀ ਸੁਖਦੇਵ ਸਿੰਘ ਵਿਰਕ ,ਐਸ ਪੀ ਜਗਵਿੰਦਰ ਸਿੰਘ ਚੀਮਾ, ਡੀ ਐਸ ਪੀ ਲਖਵੀਰ ਸਿੰਘ ਟਿਵਾਣਾ ,ਡੀ ਐਸ ਪੀ ਰਛਪਾਲ ਸਿੰਘ ਆਦਿ ਨੇ ਕਿਸਾਨਾਂ ਅਤੇ ਭਾਜਪਾ ਆਗੂਆਂ ਵਿੱਚ ਕਈ ਵਾਰ ਗੱਲਬਾਤ ਕਰਵਾਉਣ ਦੀ ਕੋਸਿਸ ਕੀਤੀ, ਤਾਂਕਿ ਬੰਧਕ ਬਣਾਏ ਭਾਜਪਾ ਆਗੂਆਂ ਨੂੰ ਬਾਹਰ ਨਿੱਕਲਣ ਦਾ ਰਾਹ ਪੱਧਰਾ ਕਰਵਾਉਣ ਲਈ ਯਤਨ ਕੀਤੇ, ਪ੍ਰੰਤੂ ਪੁਲਿਸ ਪ੍ਰਸ਼ਾਸਨ ਦੇ ਸਾਰੇ ਯਤਨ ਅਸਫਲ ਹੋ ਗਏ। ਰੈਸਟ ਹਾਊਸ ਵਿੱਚ ਬੰਧਕ ਬਣੇ ਆਗੂਆਂ ਵਿਚ ਜਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸਾਬਕਾ ਪ੍ਰਧਾਨ ਗੁਰਮੀਤ ਬਾਵਾ, ਦਰਸ਼ਨ ਸਿੰਘ ਨੈਣੇਵਾਲ , ਗੁਰਸ਼ਰਨ ਸਿੰਘ ਠੀਕਰੀਵਾਲਾ, ਰਜਿੰਦਰ ਉੱਪਲ, ਮੰਗਲਸੈਨ ਤੇ ਹੋਰ ਆਗੂ ਵੀ ਹਾਜਿਰ ਹਨ।