ਵਾਈ ਐਸ ਸਕੂਲ ਦੇ ਸ਼ਰਾਬੀ ਡਰਾਈਵਰ ਵਾਲੇ ਕੇਸ ‘ਚ ਹੁਣ ਤੱਕ ਦੱਸੋ ਕੀ ਕੀਤਾ,,ਭੇਜੋ ਐਕਸ਼ਨ ਟੇਕਨ ਰਿਪੋਰਟ
ਹਰਿੰਦਰ ਨਿੱਕਾ , ਬਰਨਾਲਾ 27 ਮਾਰਚ 2021
ਕੁਝ ਦਿਨ ਪਹਿਲਾਂ ਵਾਈ ਐਸ ਸਕੂਲ ਹੰਡਿਆਇਆ ਦੇ ਵਿੱਦਿਆਰਥੀਆਂ ਦੀ ਜਾਨ ਨਾਲ ਖੇਡਣ ਵਾਲੇ ਸਕੂਲ ਬੱਸ ਦੇ ਸ਼ਰਾਬੀ ਡਰਾਈਵਰ ਦੇ ਖਿਲਾਫ ਜਮਾਨਤਯੋਗ ਜੁਰਮ ਤਹਿਤ ਕੇਸ ਦਰਜ ਕਰਕੇ ਸਕੂਲ ਪ੍ਰਿੰਸੀਪਲ ਦਾ ਬਚਾਅ ਕਰਨ ਵਾਲੀ ਪੁਲਿਸ , ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ 13 ਦਿਨ ਪਹਿਲਾਂ ਭੇਜੀਆਂ ਹਦਾਇਤਾਂ ਨੂੰ ਵੀ ਟਿੱਚ ਹੀ ਸਮਝ ਰਹੀ ਹੈ। ਨਤੀਜੇ ਵਜੋਂ ਪੁਲਿਸ ਨੇ ਨਾ ਤਾਂ ਕੇਸ ਵਿੱਚ ਜੁਰਮ ਦਾ ਵਾਧਾ ਕੀਤਾ ਹੈ ਅਤੇ ਨਾ ਹੀ ਸਕੂਲ ਪ੍ਰਿੰਸੀਪਲ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ । ਜਿਸ ਕਾਰਣ ਕਮਿਸ਼ਨ ਨੇ ਐਸ.ਐਸ.ਪੀ ਨੂੰ ਇੱਕ ਹੋਰ ਪੱਤਰ ਜਾਰੀ ਕਰਕੇ ਪੁੱਛਿਆ ਹੈ ਕਿ ਕਮਿਸ਼ਨ ਨੂੰ ਐਕਸ਼ਨ ਟੇਕਨ ਰਿਪੋਰਟ 5 ਅਪ੍ਰੈਲ ਤੱਕ ਭੇਜੀ ਜਾਵੇ ਕਿ ਕਮਿਸ਼ਨ ਵੱਲੋਂ ਸਕੂਲ ਪ੍ਰਿੰਸੀਪਲ ਖਿਲਾਫ ਕੇਸ ਦਰਜ਼ ਕਰਨ ਬਾਰੇ ਅਤੇ ਕੇਸ ਵਿੱਚ ਜੁਰਮ ਦਾ ਵਾਧਾ ਕਰਨ ਲਈ ਦਿੱਤੀ ਹਿਦਾਇਤ ਤੋਂ ਬਾਅਦ ਕੀ ਕੀਤਾ ਗਿਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਮਿਸ਼ਨ ਨੇ ਐਸ.ਐਸ.ਪੀ ਨੂੰ ਐਕਸ਼ਨ ਟੇਕਨ ਰਿਪੋਰਟ ਭੇਜਣ ਲਈ ਇੱਕ ਹੋਰ ਪੱਤਰ ਵੀ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਗੋ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਸਕੂਲ ਅਥਾਰਟੀ ਦੇ ਖਿਲਾਫ ਕਾਨੂੰਨੀ ਕਾਰਵਾਈ ਨਾ ਕਰਨਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦਾ ਉਲੰਘਣ ਹੈ, ਜਿਸ ਦੀ ਵਜ੍ਹਾ ਨਾਲ ਕਾਰਵਾਈ ਨਾ ਕਰਨ ਵਾਲਿਆਂ ਖਿਲਾਫ ਕੋਰਟ ਆਫ ਕੰਟੈਂਪਟ ਵੀ ਫਾਈਲ ਹੋ ਸਕਦੀ ਹੈ। ਉਨਾਂ ਕਿਹਾ ਕਿ ਉਮੀਦ ਹੈ ਕਿ ਪੁਲਿਸ 5 ਅਪ੍ਰੈਲ 2021 ਤੱਕ ਕਮਿਸ਼ਨ ਦੀਆਂ ਹਦਾਇਤਾਂ ਦਾ ਅਨੁਪਾਲਣ ਕਰਕੇ ਐਕਸ਼ਨ ਟੇਕਨ ਰਿਪੋਰਟ ਭੇਜ ਦੇਵੇਗੀ। ਉਨਾਂ ਕਿਹਾ ਕਿ ਜੇਕਰ ਪੁਲਿਸ ਨੇ ਹੁਣ ਭੇਜੇ ਯਾਦ ਪੱਤਰ ਨੂੰ ਵੀ ਗੰਭੀਰਤਾ ਨਾਲ ਲੈ ਕੇ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਫਿਰ ਕਮਿਸ਼ਨ ਹੋਰ ਸਖਤ ਕਦਮ ਚੁੱਕਣ ਲਈ ਵੀ ਮਜਬੂਰ ਹੋ ਸਕਦਾ ਹੈ।
ਆਖਿਰ ਕਿੱਥੇ ਗਿਆ ਪ੍ਰਿੰਸੀਪਲ ਨੂੰ ਬਚਾਉਣ ਲਈ ਲਿਆ 1.50 ਲੱਖ ਰੁਪੱਈਆ ?
ਇੱਕ ਪਾਸੇ ਬਾਲ ਅਧਿਕਾਰ ਰੱਖਿਆ ਕਮਿਸ਼ਨ , ਸੇਫ ਸਕੂਲ ਵਾਹਨ ਪਾਲਿਸੀ ਅਤੇ ਹਾਈਕੋਰਟ ਦੀਆਂ ਗਾਈਡਲਾਈਨਜ ਅਨੁਸਾਰ ਸਕੂਲ ਪ੍ਰਿੰਸੀਪਲ ਨੂੰ ਸੈਕਸ਼ਨ 120 ਬੀ ਆਈਪੀਸੀ ਤਹਿਤ ਕੇਸ ਵਿੱਚ ਨਾਮਜ਼ਦ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਪਰੰਤੂ ਦੂਜੇ ਪਾਸੇ ਇਹ ਵੀ ਚਰਚਾ ਜੋਰ ਫੜ ਰਹੀ ਹੈ ਕਿ ਸਕੂਲ ਪ੍ਰਿੰਸੀਪਲ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਤੋਂ ਬਚਾਅ ਕਰਨ ਲਈ 1 ਲੱਖ 50 ਹਜ਼ਾਰ ਰੁਪਿਆ ਵੀ ਦਿੱਤਾ ਗਿਆ ਸੀ। ਇਹ ਰੁਪੱਈਏ ਕਿਸ ਵਿਅਕਤੀ ਨੇ ਕਿਸ ਨੂੰ ਦਿੱਤੇ, ਇਸ ਦਾ ਖੁਲਾਸਾ ਹਾਲੇ ਤੱਕ ਪੂਰੀ ਤਰਾਂ ਨਹੀਂ ਹੋ ਸਕਿਆ। ਪਰੰਤੂ ’’ ਜਿੰਨ੍ਹੇ ਮੂੰਹ ਉਨ੍ਹੀਆਂ ਗੱਲਾਂ ‘’ ਵਾਲੀ ਕਹਾਵਤ ਇਸ ਡੇਢ ਲੱਖ ਦੀ ਕਥਿਤ ਰਿਸ਼ਵਤ ਨੂੰ ਲੈ ਕੇ ਚੱਲ ਰਹੀਆਂ ਹਨ।
ਕਦੋਂ ਕੀ ਹੋਇਆ, ਫਲੈਸ਼ਬੈਕ
4 ਮਾਰਚ ਦੀ ਸਵੇਰੇ ਵਾਈ.ਐਸ. ਸਕੂਲ ਹੰਡਿਆਇਆ ਦੇ ਸ਼ਰਾਬੀ ਡਰਾਇਵਰ ਦਰਬਾਰਾ ਸਿੰਘ , ਬੱਸ ਵਿੱਚ ਸਵਾਰ ਵਿਦਿਆਰਥੀਆਂ ਨੂੰ ਵੱਖ ਵੱਖ ਥਾਵਾਂ ਤੋਂ ਲਿਆ ਕੇ ਸਕੂਲ ਵੱਲ ਜਾ ਰਿਹਾ ਸੀ। ਉਦੋਂ ਬਰਨਾਲਾ-ਬਠਿੰਡਾ ਮੁੱਖ ਸੜ੍ਹਕ ਤੇ ਸਥਿਤ ਜੀ.ਮਾਲ ਹੰਡਿਆਇਆ ਦੇ ਕੋਲ ,ਰਾਹਗੀਰਾਂ ਨੇ ਸ਼ਰਾਬੀ ਬੱਸ ਡਰਾਇਵਰ ਦੀਆਂ ਹਰਕਤਾਂ ਨੂੰ ਵੇਖ ਕੇ ਉਸ ਨੂੰ ਉੱਥੇ ਹੀ ਰੋਕ ਲਿਆ ਸੀ । ਜਿਸ ਦੀ ਵੀਡੀਉ ਵੀ ਵਾਇਰਲ ਹੋ ਗਈ ਸੀ । ਇਸ ਮਾਮਲੇ ਨੂੰ ਟੂਡੇ ਨਿਊਜ/ ਬਰਨਾਲਾ ਟੂਡੇ ਵੱਲੋਂ ਵੀ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ । ਆਖਿਰ ਹਰਕਤ ਵਿੱਚ ਆਈ ਪੁਲਿਸ ਨੇ ਕੁਲਵੰਤ ਸਿੰਘ ਵਾਸੀ ਕੋਠੇ ਡੁੱਲਟ ਹੰਡਿਆਇਆ ਦੀ ਸ਼ਕਾਇਤ ਦੇ ਅਧਾਰ ਤੇ ਬੱਸ ਦੇ ਸ਼ਰਾਬੀ ਡਰਾਈਵਰ ਦਰਬਾਰਾ ਸਿੰਘ ਦੇ ਖਿਲਾਫ ਐਫ.ਆਈ.ਆਰ ਨੰਬਰ 106 ਅਧੀਨ ਜੁਰਮ 279 ਆਈ.ਪੀ.ਸੀ. /185 MV ਐਕਟ ਥਾਣਾ ਸਿਟੀ 2 ਬਰਨਾਲਾ ਵਿੱਚ ਦਰਜ ਕੀਤੀ ਗਈ ਸੀ । ਪਰੰਤੂ ਇਸ ਕੇਸ ਵਿੱਚ ਪੁਲਿਸ ਨੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਗਾਈਡਲਾਈਨਜ ਨੂੰ ਦਰਕਿਨਾਰ ਕਰਕੇ ਹੋਏ ਸਕੂਲ ਪ੍ਰਿੰਸੀਪਲ ਦੇ ਖਿਲਾਫ ਕੋਈ ਕੇਸ ਦਰਜ਼ ਨਹੀਂ ਕੀਤਾ ਗਿਆ ਸੀ । ਜਿਹੜਾ ਪਾਲਿਸੀ ਅਨੁਸਾਰ ਅਤਿ ਜਰੂਰੀ ਬਣਦਾ ਸੀ। ਸ਼ੋਸ਼ਲ ਮੀਡੀਆ ਵਿੱਚ ਮਾਮਲਾ ਉਭਰ ਕੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਡਰਾਈਵਰ ਖਿਲਾਫ ਦਰਜ਼ ਕੇਸ ਦੇ ਤਫਤੀਸ਼ ਅਧਿਕਾਰੀ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਲਈ 8 ਮਾਰਚ ਨੂੰ ਆਪਣੇ ਦਫਤਰ ਵਿਖੇ ਤਲਬ ਕਰ ਲਿਆ ਗਿਆ ਸੀ । ਤਫਤੀਸ਼ ਅਧਿਕਾਰੀ ਏ.ਐਸ.ਆਈ. ਬੂਟਾ ਸਿੰਘ ਨੇ ਕਮਿਸ਼ਨ ਕੋਲ ਸਿਰਫ ਡਰਾਈਵਰ ਖਿਲਾਫ ਹੀ ਜਮਾਨਤਯੋਗ ਜੁਰਮ ਲਾਉਣ ਸਬੰਧੀ ਪੇਸ਼ ਕੀਤੀ ਸਟੇਟਸ ਰਿਪੋਰਟ ਨੂੰ ਨਾਕਾਫੀ ਦੱਸਦਿਆਂ ਐਸ.ਐਸ.ਪੀ ਬਰਨਾਲਾ ਨੂੰ ਸਿਫਾਰਸ਼ ਕੀਤੀ ਕਿ ਪਹਿਲਾਂ ਦਰਜ਼ ਜੁਰਮ ਵਿੱਚ ਅਧੀਨ ਜੁਰਮ 308/ 120 B ਆਈ.ਪੀ.ਸੀ ਦਾ ਵਾਧਾ ਕਰਨ ਲਈ ਅਤੇ 120 B ਜੁਰਮ ਤਹਿਤ ਦੇ ਤਹਿਤ ਸਕੂਲ ਦੀ ਪ੍ਰਿੰਸੀਪਲ ਨੂੰ ਵੀ ਕੇਸ ਵਿੱਚ ਦੋਸ਼ੀ ਨਾਮਜ਼ਦ ਕਰ ਲਈ ਤਾਕੀਦ ਕੀਤੀ ਗਈ ਸੀ । ਕਮਿਸ਼ਨ ਨੇ ਇਹ ਮਾਮਲਾ, ਸਿਰਫ ਬਰਨਾਲਾ ਦਾ ਹੀ ਨਾ ਸਮਝਦੇ ਹੋਏ, ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਸਿਰਫ ਡਰਾਇਵਰਾਂ ਨੂੰ ਹੀ ਦੋਸ਼ੀਆਂ ਵਿੱਚ ਸ਼ਾਮਿਲ ਕਰਨ ਦੀ ਬਜਾਏ ਸਕੂਲ ਅਥਾਰਟੀਆਂ /ਪ੍ਰਿੰਸੀਪਲ/ਸਕੂਲਾਂ ਦੇ ਹੈਡ ਮਾਸਟਰ/ਮਿਸਟਰਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਪ੍ਰਦੇਸ਼ ਦੇ ਸਾਰੇ ਜਿਲ੍ਹਾ ਪੁਲਿਸ ਮੁਖੀਆਂ, ਪੁਲਿਸ ਕਮਿਸ਼ਨਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦਾ ਹਵਾਲਾ ਦਿੰਦਿਆਂ ਸੂਚਨਾ ਦੇਣ ਲਈ ਪੱਤਰ ਦਾ ਉਤਾਰਾ ਭੇਜਿਆ ਗਿਆ ਸੀ।