ਕਿਸਾਨਾਂ ਨੂੰ ਸਵੈ ਰੋਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਕੀਤਾ ਜਾਗਰੂਕ
ਰਵੀ ਸੈਣ , ਬਰਨਾਲਾ, 15 ਮਾਰਚ 2021
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਵੱਲੋਂ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਡੇਅਰੀ ਸਬੰਧੀ ਹੋਰ ਤਕਨੀਕੀ ਜਾਣਕਾਰੀ ਦੇਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਦੇ ਸਹਿਯੋਗ ਨਾਲ 6 ਰੋਜ਼ਾ ਵਿਗਿਆਨਕ ਡੇਅਰੀ ਕੋਰਸ ਆਰੰਭ ਕੀਤਾ ਗਿਆ।
ਇਸ ਸਮੇਂ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਵਿਖੇ ਪਹੁੰਚ ਕੇ ਡਾ. ਚਰਨਜੀਤ ਸਿੰਘ ਕੈਂਥ, ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਨੇ ਨੌਜਵਾਨ ਕਿਸਾਨਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਡੇਅਰੀ ਫਾਰਮਿੰਗ ਵਿੱਚ ਸਵੈ-ਰੁਜ਼ਗਾਰ ਦੀਆਂ ਕਾਫੀ ਸੰਭਾਵਨਾਵਾਂ ਹਨ, ਜਿਸ ਨੂੰ ਅਪਣਾ ਕੇ ਕਿਸਾਨ ਵਧੀਆਂ ਰੁਜ਼ਗਾਰ ਕਮਾ ਸਕਦਾ ਹੈ।ਉਨਾਂ ਕਿਹਾ ਕਿ ਖੇਤੀ ਅਤੇ ਪਸ਼ੂ ਪਾਲਣ ਪੁਰਾਣੇ ਸਮੇਂ ਤੋਂ ਇਕੱਠੇ ਚੱਲਦੇ ਆ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖਾਦ, ਕੀੜੇਮਾਰ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬੇਲੋੜੇ ਖੇਤੀ ਖਰਚਿਆਂ ਤੋਂ ਬਚਿਆ ਜਾ ਸਕੇ। ਇਸ ਸਮੇਂ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆਂ ਦੇ ਐਸੋਸੀਏਟ ਡਾਇਰੈਕਟਰ ਪ੍ਰਹਿਲਾਦ ਸਿੰਘ ਤੰਵਰ ਨੇ ਮੁੱਖ ਖੇਤੀਬਾੜੀ ਅਫਸਰ, ਡਾ. ਚਰਨਜੀਤ ਸਿੰਘ ਕੈਂਥ ਅਤੇ ਆਏ ਕਿਸਾਨਾਂ ਦਾ ਸਵਾਗਤ ਕੀਤਾ।
ਉਨਾਂ ਦੱਸਿਆ ਕਿ ਇਸ ਟਰੇਨਿੰਗ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਨੂੰ 19 ਮਾਰਚ 2021 ਨੂੰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਤਕਨੀਕੀ ਦੌਰਾ ਕਰਵਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪ੍ਰਦੀਪ ਜਿੰਦਲ, ਡਾ. ਸੁਰਿੰਦਰ ਸਿੰਘ, ਡਾ. ਕਮਲਜੀਤ ਸਿੰਘ, ਡਾ. ਹਰਜੋਤ ਸਿੰਘ ਸੋਹੀ, ਡਾ. ਅੰਜਲੀ ਸ਼ਰਮਾ, ਦੀਪਕ ਕੁਮਾਰ ਏ.ਟੀ.ਐਮ., ਸਤਨਾਮ ਸਿੰਘ, ਏ.ਟੀ.ਐਮ. ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।