ਅਮਰੁਤ ਸਕੀਮ ਅਧੀਨ 92.50 ਕਰੋੜ ਦੀ ਲਾਗਤ ਨਾਲ ਲਿਆਂਦਾ ਗਿਆ ਹੈ ਪ੍ਰਾਜੈਕਟ
ਸੀਵਰੇਜ ਪੰਪਇੰਗ ਸਟੇਸ਼ਨ ਤੇ ਸੀਵਰੇਜ ਟਰੀਟਮੈਂਟ ਪਲਾਂਟ ਸਾਬਿਤ ਹੋਏਗਾ ਵਰਦਾਨ: ਡਿਪਟੀ ਕਮਿਸ਼ਨਰ
ਹਰਿੰਦਰ ਨਿੱਕਾ , ਬਰਨਾਲਾ, 22 ਫਰਵਰੀ 2021
ਬਰਨਾਲਾ ਵਾਸੀਆਂ ਨੂੰ 92.50 ਕਰੋੜੀ ਤੋਹਫਾ ਦਿੰਦਿਆਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੁਅਲ ਸਮਾਗਮ ਰਾਹੀਂ ਸਥਾਨਕ ਬਾਜਾਖਾਨਾ ਰੋਡ ਸਥਿਤ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਉਨਾਂ ਆਖਿਆ ਕਿ ਜਲ ਜੀਵਨ ਦੀ ਮੁਢਲੀ ਲੋੜ ਹੈ ਅਤੇ ਪੰਜਾਬ ਸਰਕਾਰ ਦੀ ਤਰਜੀਹ ਹੈ ਕਿ ਲੋਕਾਂ ਨੂੰ ਪੀਣ ਦਾ ਸਾਫ ਪਾਣੀ ਮੁਹੱਈਆ ਕਰਾਇਆ ਜਾਵੇ, ਧਰਤੀ ਹੇਠ ਪਾਣੀ ਨੂੰ ਹੋਰ ਡੂੰਘਾ ਹੋਣ ਤੋਂ ਬਚਾਇਆ ਜਾਵੇ ਅਤੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਤੇ ਹੋਰ ਕੰਮਾਂ ਲਈ ਵਰਤਿਆ ਜਾਵੇ। ਇਸੇ ਉਦੇਸ਼ ਨਾਲ ਅੱਜ ਸੂਬੇ ਦੇ ਕਈ ਜ਼ਿਲਿਆਂ ਵਿਚ ਸਮਾਰਟ ਸਿਟੀ ਪ੍ਰਾਜੈਕਟਾਂ ਅਤੇ ਅਮਰੁਤ ਸਕੀਮ ਤਹਿਤ ਸੀਵਰੇਜ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਗਏ ਹਨ।ਇਸ ਮੌਕੇ ਜ਼ਿਲਾ ਸਦਮ ਮੁਕਾਮ ਤੋਂ ਵਰਚੁਅਲ ਸਮਾਗਮ ਵਿੱਚ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸੀਵਰੇਜ ਤੇ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਅਤੇ ਪਾਣੀ ਸੋਧ ਦੇ ਮੱਦੇਨਜ਼ਰ ਬਰਨਾਲਾ ਦੇ ਬਾਜਾਖਾਨਾ ਰੋਡ ਵਿਖੇ ਸੀਵਰੇਜ ਪ੍ਰਾਜੈਕਟ ਲਾਇਆ ਗਿਆ ਹੈ, ਜਿਸ ਵਿੱੱਚ ਪੰਪਇੰਗ ਸਟੇਸ਼ਨ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਸ਼ਾਮਲ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਰਨਾਲਾ ਸ਼ਹਿਰ ਲਈ ਲਾਏ ਇਸ ਪ੍ਰਾਜੈਕਟ ’ਤੇ ਕਰੀਬ 92.50 ਕਰੋੜ ਦੀ ਲਾਗਤ ਆਈ ਹੈੈ। ਉਨਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਅਧੀਨ ਅੱਜ ਅੱਠ ਥਾਈਂ ਵਰਚੁਅਲ ਸਮਾਗਮ ਕਰਾਏ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਐਸਡੀਐਮ ਸ੍ਰੀ ਵਰਜੀਤ ਵਾਲੀਆ ਵੀ ਹਾਜ਼ਰ ਸਨ।