ਸਾਂਝਾ ਕਿਸਾਨ ਮੋਰਚਾ ਦੇ ਸੱਦੇ ਪੁਲਵਾਮਾ ਕਾਂਡ ਅਤੇ ਕਿਸਾਨੀ ਘੋਲ ਦੇ ਸ਼ਹੀਦਾਂ ਨੂੰ ਸਮਰਪਿਤ ਮੋਮਬੱਤੀ ਮਾਰਚ ਨੂੰ ਬਰਨਾਲਾ ਜਿਲ੍ਹੇ ਵਿੱਚ ਲਾਮਿਸਾਲ ਹੁੰਗਾਰਾ-ਉੱਪਲੀ
ਹਰਿੰਦਰ ਨਿੱਕਾ , ਬਰਨਾਲਾ 15 ਫਰਵਰੀ 2021
ਸਾਂਝੇ ਕਿਸਾਨ ਮੋਰਚੇ ਦੇ ਸੱਦੇ ਪੁਲਵਾਮਾ ਕਾਂਡ ਅਤੇ ਕਿਸਾਨੀ ਘੋਲ ਦੇ ਨੂੰ ਸਮਰਪਿਤ ਮੋਮਬੱਤੀ ਮਾਰਚ ਨੂੰ ਬਰਨਾਲਾ ਜਿਲ੍ਹੇ ਵਿੱਚ ਲਾਮਿਸਾਲ ਹੁੰਗਾਰਾ ਮਿਲਿਆ। ਬਰਨਾਲਾ ਵਿਖੇ ਸਾਂਝੇ ਕਿਸਾਨ ਮੋਰਚੇ ਦੀ ਸਟੇਜ ਰੇਲਵੇ ਸਟੇਸ਼ਨ ਬਰਨਾਲਾ ਤੋਂ ਸਦਰ ਬਜਾਰ ਰਾਹੀਂ ਸ਼ਹੀਦ ਭਗਤ ਸਿੰਘ ਚੌਂਕ ਹੁੰਦਾ ਮਾਰਚ ਵਾਪਸ ਰੇਲਵੇ ਸਟੇਸ਼ਨ ਤੇ ਆਕੇ ਸਮਾਪਤ ਹੋਇਆ। ਇਸੇ ਹੀ ਤਰ੍ਹਾਂ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਵਿਖੇ ਵੀ ਮੋਮਬੱਤੀ ਮਾਰਚ ਕੀਤਾ। ਸਾਰੇ ਪਿੰਡ ਵਿੱਚੋਂ ਹੁੰਦਾ ਹੋਇਆ ਇਹ ਲਾਮਿਸਾਲ ਮੋਮਬੱਤੀ ਮਾਰਚ ਸ਼ਹੀਦ ਸੇਵਾ ਸਿੰਘ ਦੇ ਬੁੱਤ ਕੋਲ ਜਾਕੇ ਸਮਾਪਤ ਹੋਇਆ। ਜਿਲ਼੍ਹੇ ਦੇ ਸੈਂਕੜੇ ਪਿੰਡਾਂ ਵਿੱਚ ਹੋਏ ਇਨ੍ਹਾਂ ਮੋਮਬੱਤੀ ਮਾਰਚਾਂ ਸਮੇਂ ਹਰ ਵਰਗ ਦੇ ਲੋਕਾਂ (ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਜਮਹੂਰੀ ਕਾਰਕੁਨਾਂ, ਔਰਤਾਂ, ਨੌਜਵਾਨਾਂ,ਸਾਬਕਾ ਫੋਜੀਆਂ ਸਮੇਤ ਹੋਰਨਾਂ ਵਰਗਾਂ) ਨੇ ਪੂਰੀ ਸਰਗਰਮੀ ਨਾਲ ਭਾਗ ਲਿਆ। ਹਰ ਥਾਂ ਸੈਂਕੜਿਆਂ ਦੀ ਗਿਣਤੀ ਵਿੱਚ ਜੁਝਾਰੂ ਕਾਫਲੇ ਪੂਰੇ ਜੋਸ਼ ਖਰੋਸ਼ ਨਾਲ ਸ਼ਾਮਿਲ ਹੋਏ।ਸ਼ਾਮ ਪੈਂਦਿਆਂ ਹੀ ਪੁਲਾਵਾਮਾ ਕਾਂਡ ਅਤੇ ਕਿਸਾਨ ਮੋਰਚਾ ਦੇ ਸ਼ਹੀਦਾਂ ਨੂੰ ਲਾਲ ਸਲਾਮ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸ਼ਹਿਰਾਂ,ਕਸਬਿਆਂ,ਪਿੰਡਾਂ ਦੀਆਂ ਗਲੀਆਂ/ਮੁਹੱਲੇ ਗੂੰਜ ਉੱਠੇ। ਮਾਰਚਾਂ ਦੌਰਾਨ ਪੁਲਵਾਮਾ ਕਾਂਡ ਦੇ ਸ਼ਹੀਦ ਨੌਜਵਾਨ ਅਮਰ ਰਹਿਣ, ਪੁਲਵਾਮਾ ਕਾਂਡ ਦੀ ਜਾਂਚ ਕਰਵਾਓ, ਪੁਲਵਾਮਾ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਓ, ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਲਾਲ ਸਲਾਮ, ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ, ਸਰਹੱਦਾਂ ਤੇ ਜਵਾਨ-ਖੇਤਾਂ ਵਿੱਚ ਕਿਸਾਨ, ਜਵਾਨਾਂ ਅਤੇ ਕਿਸਾਨਾਂ ਦੀ ਕਾਤਲ ਮੋਦੀ ਸਰਕਾਰ- ਮੁਰਦਾਬਾਦ, ਲੋਕ ਏਕਤਾ-ਜਿੰਦਾਬਾਦ, ਸਾਂਝਾ ਕਿਸਾਨ ਮੋਰਚਾ-ਜਿੰਦਾਬਾਦ, ਕਿਰਤੀ ਕਿਸਾਨਾਂ ਦਾ ਏਕਾ-ਜਿੰਦਾਬਾਦ ਆਦਿ ਨਾਹਰਿਆਂ ਦੀ ਰੋਹਲੀ ਗਰਜ ਪੈਂਦੀ ਰਹੀ। ਵੱਖੋ-ਵੱਖ ਬੁਲਾਰਿਆਂ ਬਲਵੰਤ ਉੱਪਲੀ, ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ, ਮਲਕੀਤ ਈਨਾ, ਪਰਮਿੰਦਰ ਹੰਢਿਆਇਆ, ਬਾਬੂ ਸਿੰਘ ਖੁੱਡੀਕਲਾਂ, ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਬਲਵੰਤ ਚੀਮਾ, ਸਾਹਿਬ ਸਿੰਘ ਬਡਬਰ, ਕਰਨੈਲ ਸਿੰਘ ਗਾਂਧੀ, ਯਾਦਵਿੰਦਰ ਚੁਹਾਣਕੇ, ਨਛੱਤਰ ਸਹੌਰ, ਅਮਰਜੀਤ ਕੌਰ, ਪਰਮਜੀਤ ਕੌਰ ਠੀਕਰੀਵਾਲ, ਜਸਪਾਲ ਕੌਰ, ਮਨਜੀਤ ਕੌਰ,ਗੁਰਨਾਮ ਸਿੰਘ, ਗੁਰਦਰਸ਼ਨ ਸਿੰਘ, ਮੇਲਾ ਸਿੰਘ, ਕੁਲਦੀਪ ਧੌਲਾ, ਗੁਰਮੇਲ ਸਿੰਘ ਛੀਨੀਵਾਲ, ਸਾਧੂ ਸਿੰਘ ਮੂੰੰਮ, ਜਰਨੈਲ ਸਿੰਘ ਸਹਿਜੜਾ, ਗੁਰਮੀਤ ਸੁਖਪੁਰ, ਰਾਜੀਵ ਕੁਮਾਰ, ਗੁਰਮੇਲ ਠੁੱਲੀਵਾਲ, ਮਜੀਦ ਖਾਂ, ਭਾਗ ਸਿੰਘ ਕੁਰੜ, ਜਸਵਿੰਦਰ ਸਿੰਘ ਕੁਰੜ, ਸੋਹਣ ਸਿੰਘ, ਹਰਚਰਨ ਚਹਿਲ, ਬਿੱਕਰ ਸਿੰਘ ਔਲਖ, ਅਨਿਲ ਕੁਮਾਰ, ਖੁਸ਼ਮੰਦਰਪਾਲ, ਗੁਰਜੰਟ ਸਿੰਘ,ਕੁਲਵੀਰ ਸਿੰਘ,ਯਾਦਵਿੰਦਰ ਠੀਕਰੀਵਾਲ, ਕੇਵਲਜੀਤ ਕੌਰ, ਸੋਨੀ, ਨਵਦੀਪ,ਡਾ ਜਸਬੀਰ ਔਲਖ,ਉਜਾਗਰ ਸਿੰਘ ਬੀਹਲਾ, ਨਿਰੰਜਣ ਸਿੰਘ,ਇੰਦਰਜੀਤ ਸਿੰਘ,ਗਿਆਨੀ ਰਾਮ ਸਿੰਘ,ਭਿੰਦਰ ਮੂੰਮ, ਅਮਰਜੀਤ ਸਿੰਗ ਮਹਿਲਖੁਰਦ ਆਦਿ ਨੇ ਇਸ ਸਮੇਂ ਨਾਜੁਕ ਦੌਰ ਵਿੱਚ ਦਾਖਲ ਹੋ ਚੁੱਕੇ ਸਾਂਝੇ ਕਿਸਾਨੀ/ਲੋਕ ਸੰਘਰਸ਼ ਵਿੱਚ ਹਰ ਘਰ, ਹਰ ਵਿਅਕਤੀ ਨੂੰ ਯੋਗਦਾਨ ਪਾਉਣ ਦੀ ਜੋਰਦਾਰ ਅਪੀਲ ਕੀਤੀ।ਕਿਉਂਕਿ ਮੋਦੀ ਹਕੂਮਤ ਬਲ ਅਤੇ ਛਲ ਦੋਵਾਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ, ਲਗਾਤਾਰ ਸਾਜਿਸ਼ਾਂ ਵੀ ਰਚੀਆਂ ਜਾ ਰਹੀਆਂ ਹਨ, ਗੋਦੀ ਮੀਡੀਆ ਰਾਹੀਂ ਘੋਲ ਨੂੰ ਕੁਰਾਹੇ ਪਾਉਣ, ਕਮਜੋਰ ਕਰਨ, ਬਦਨਾਮ ਕਰਨ ਦੀਆਂ ਗੋਦਾਂ ਵੀ ਗੁੰਦੀਆਂ ਜਾ ਰਹੀਆਂ ਹਨ। ਹਰ ਪੱਖੋਂ ਸੁਚੇਤ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਕੇਂਦਰੀ ਹਕੂਮਤ ਦੀ ਹਰ ਸਾਜਿਸ਼ ਨੂੰ ਲੋਕ ਸੱਥਾਂ ਵਿੱਚ ਬੇਪਰਦ ਕਰਕੇ ਘੋਲ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ।ਢੀਠਤਾਈ ਦੀ ਹੱਦਾਂ ਬੰਨੇ ਪਾਰ ਕਰ ਰਹੀ ਮੋਦੀ ਹਕੂਮਤ ਅਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਜਿਸ ਨੇ ਖੁਦ ਨਾਂ ਸਿਰਫ 11 ਮੀਟਿੰਗਾਂ ਕੀਤੀਆਂ ਹਨ, ਸਗੋਂ ਇਨ੍ਹਾਂ ਕਾਲੇ ਕਾਨੂੰਨਾਂ ਪ੍ਰਤੀ ਭੇਜੀਆਂ ਅਤੇ ਵਿਚਾਰੀਆਂ ਗਈਆਂ ਤਜਵੀਜਾਂ ਨਮੂੰ ਵੀ ਮੰਨਣੋਂ ਇਨਕਾਰੀ ਹੋਇਆ ਬੈਠਾ ਹੈ। ਅਸਲ ਗੱਲ ਇਹ ਹੈ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੇ ਦਬਾਅ ਤiੋਹਤ ਚੰਦ ਉੱਚ ਅਮੀਰ ਘਰਾਣਿਆਂ ਨੂੰ ਮੁਨਾਫਾ ਬਖਸ਼ਣ ਲਈ ਲਿਆਂਦੇ ਗਏ ਹਨ। ਬੁਲਾਰਿਆਂ ਕਿ ਖੇਤੀ ਵਪਾਰ ਨਹੀਂ, 138 ਕਰੋੜ ਭਾਰਤੀ ਲੋਕਾਂ ਦਾ ਜੀਵਨ ਅਦਾਰ ਹੈ। ਇਸੇ ਕਰਕੇ ਕਿਸਾਨੀ ਤੋਂ ਅੱਗੇ ਹਰ ਤਬਕਾ ਇਸ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਆਇਆ ਹੈ।ਮੋਦੀ ਹਕੂਮਤ ਵੱਲੋਂ 14 ਫਰਬਰੀ 2019 ਪੁਲਵਾਮਾ ਵਿੱਚ ਮਾਰੇ ਗਏ 44 ਸੀਆਰਪੀਐੱਫ ਦੇ ਨੌਜਵਾਨਾਂ ਦੀ ਮੌਤ ਦੀ ਹਾਲੇ ਤੱਕ ਜਾਂਚ ਨਾਂ ਕਰਵਾਉਣੀ ਸੰਦੇਹ ਦੇ ਘੇਰੇ ਵਿੱਚ ਹੈ। ਕਿਉਕਿ ਮੌਤ ਦੇ ਮੂੰਹ ਧੱਕ ਦਿੱਤੇ ਜਵਾਨ ਗਰੀਬ ਘਰਾਂ ਦੇ ਹੀ ਸਨ। ਸਰਹੱਦਾਂ ਉੱਤੇ ਜਵਾਨਾਂ ਅਤੇ ਦਿੱਲੀ ਦੀਆਂ ਬਰੂਹਾਂ ਉੱਤੇ ਆਪਣਾ ਸੱਭਿਆਚਾਰ ਬਚਾਉਣ ਲਈ ਜੂਝ ਰਹੇ ਕਿਸਾਨਾਂ ਦੀਆਂ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ।ਕਿਸਾਨ/ਲੋਕ ਸੰਘਰਸ਼ ਦਾ ਲਗਾਤਾਰ ਵਿਸ਼ਾਲ ਹੁੰਦਾ ਘੇਰਾ ਖੇਤੀ ਕਾਨੂੰਨ ਰੱਦ ਕਰਨ ਲਈ ਮੋਦੀ ਹਕੂਮਤ ਨੂੰ ਮਜਬੂਰ ਕਰੇਗਾ।